ਅੱਜ ਇੱਥੇ ਪਾਰਟੀ ਵਰਕਰਾਂ ਦੀ ਮੀਟਿੰਗ ਦੌਰਾਨ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਇੱਕਮੁੱਠ ਚਿਹਰਾ ਦਿਖਾਉਂਦੇ ਹੋਏ ਮੰਚ ਸਾਂਝਾ ਕੀਤਾ। ਅਹੁਦਾ ਸੰਭਾਲਣ ਤੋਂ ਬਾਅਦ ਸਿੱਧੂ ਦਾ ਇਹ ਲੁਧਿਆਣਾ ਦਾ ਪਹਿਲਾ ਅਧਿਕਾਰਤ ਦੌਰਾ ਸੀ। ਸੂਬੇ ਭਰ ਵਿੱਚੋਂ ਕੇਬਲ ਨੈੱਟਵਰਕ ਦੇ ਕਾਰਟਲਾਈਜ਼ੇਸ਼ਨ ਨੂੰ ਖਤਮ ਕਰਨ ਲਈ ਚੰਨੀ ਨੇ ਕੇਬਲ ਟੀਵੀ ਕੁਨੈਕਸ਼ਨ ਦੀ ਮਾਸਿਕ ਦਰ 100 ਰੁਪਏ ਤੈਅ ਕਰਨ ਦਾ ਐਲਾਨ ਕੀਤਾ। ਆਤਮ ਨਗਰ ਹਲਕੇ ਵਿੱਚ ਵਰਕਰਾਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਕੇਬਲ ਮਾਫੀਆ ਵੱਲੋਂ ਲੋਕਾਂ ਨੂੰ ਬੇਲੋੜਾ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।
ਅਕਾਲੀਆਂ ‘ਤੇ ਨਿਸ਼ਾਨਾ ਸਾਧਦਿਆਂ ਉਨ੍ਹਾਂ ਕਿਹਾ ਕਿ ਟਰਾਂਸਪੋਰਟ ਅਤੇ ਕੇਬਲ ਦਾ ਕਾਰੋਬਾਰ ਬਾਦਲ ਪਰਿਵਾਰ ਦੀ ਮਲਕੀਅਤ ਹੈ ਅਤੇ ਲੋਕਾਂ ਨੂੰ ਹੁਣ 100 ਰੁਪਏ ਪ੍ਰਤੀ ਮਹੀਨਾ ਤੋਂ ਵੱਧ ਦੇਣ ਦੀ ਲੋੜ ਨਹੀਂ ਹੈ। ਚੰਨੀ ਨੇ ਕਿਹਾ ਕਿ ਨਵੀਆਂ ਦਰਾਂ ਦੀ ਪਾਲਣਾ ਨਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਸਾਰੇ ਗੈਰ-ਕਾਨੂੰਨੀ ਬੱਸ ਪਰਮਿਟ ਰੱਦ ਕਰਕੇ ਬੇਰੁਜ਼ਗਾਰ ਨੌਜਵਾਨਾਂ ਨੂੰ ਅਲਾਟ ਕੀਤੇ ਜਾਣਗੇ। ਸਿੱਧੂ ਨੇ ਕਿਹਾ ਕਿ ਪੰਜਾਬ ਦੇ ਵਿਕਾਸ ਲਈ ਸਾਨੂੰ ਮਾਫੀਆ ਰਾਜ ਨੂੰ ਖਤਮ ਕਰਨਾ ਹੋਵੇਗਾ। ਮੁੱਖ ਮੰਤਰੀ ਨੂੰ “ਚੰਨੀ ਬਾਈ” ਕਹਿ ਕੇ ਸੰਬੋਧਨ ਕਰਦਿਆਂ ਸਿੱਧੂ ਨੇ ਕਿਹਾ ਕਿ ਉਹ ਮਿਲ ਕੇ ਨੀਤੀਆਂ ਬਣਾਉਣਗੇ|