ਲੁਧਿਆਣਾ, 18 ਦਸੰਬਰ :- ਸੰਯੁਕਤ ਕਿਸਾਨ ਮੋਰਚੇ ਦੇ ਨੇਤਾ ਸਰਦਾਰ ਬਲਬੀਰ ਸਿੰਘ ਰਾਜੇਵਾਲ ਅੱਜ ਲੁਧਿਆਣਾ ਦੀ ਇਤਿਹਾਸਿਕ ਜਾਮਾ ਮਸਜਿਦ ਪੁੱਜੇ, ਜਿੱਥੇ ਸ਼ਾਹੀ ਇਮਾਮ ਪੰਜਾਬ ਮੌਲਾਨਾ ਮੁਹੰਮਦ ਉਸਮਾਨ ਲੁਧਿਆਣਵੀ ਦੀ ਅਗੁਵਾਈ ਹੇਠ ਇਕੱਠੇ ਹੋਏ ਵੱਡੀ ਗਿਣਤੀ ’ਚ ਸ਼ਹਿਰ ਦੇ ਮੁਸਲਮਾਨਾਂ ਨੇ ਰਾਜੇਵਾਲ ਜੀ ਦਾ ਜੋਰਦਾਰ ਸਵਾਗਤ ਕੀਤਾ। ਰਾਜੇਵਾਲ ’ਤੇ ਫੁੱਲਾਂ ਦੀ ਵਰਖਾ ਕੀਤੀ ਗਈ ਅਤੇ ਜੈ ਜਵਾਨ ਜੈ ਕਿਸਾਨ ਦੇ ਨਾਰੇਆਂ ਨਾਲ ਸਵਾਗਤ ਕੀਤਾ ਗਿਆ। ਇਸ ਮੌਕੇ ’ਤੇ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਲੁਧਿਆਣਵੀ ਨੇ ਕਿਹਾ ਕਿ ਕਿਸਾਨ ਅੰਦੋਲਨ ’ਚ ਪਹਿਲੇ ਦਿਨ ਤੋਂ ਹੀ ਮਰਹੂਮ ਸ਼ਾਹੀ ਇਮਾਮ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀ ਨੇ ਕਾਲੇ ਕਾਨੂੰਨਾਂ ਦਾ ਵਿਰੋਧ ਕੀਤਾ ਅਤੇ ਪੰਜਾਬ ਦੇ ਸਾਰੇ ਮੁਸਲਮਾਨ ਇਸ ਅੰਦੋਲਨ ’ਚ ਸ਼ਾਮਿਲ ਹੋਏ।
ਉਨਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਕਾਲੇ ਕਾਨੂੰਨਾਂ ਦੀ ਵਾਪਸੀ ਸਰਵ ਧਰਮ ਏਕਤਾ ਦੀ ਜਿੱਤ ਹੈ ਇਸਨੂੰ ਰਹਿੰਦੀ ਦੁਨੀਆ ਤੱਕ ਯਾਦ ਰੱਖਿਆ ਜਾਵੇਗਾ। ਸ਼ਾਹੀ ਇਮਾਮ ਨੇ ਕਿਹਾ ਕਿ ਦੇਸ਼ ’ਚ ਜੋ ਵੀ ਲੋਕ ਧਰਮ ਦੇ ਨਾਮ ’ਤੇ ਸਮਾਜ ਨੂੰ ਵੰਡਣਾ ਚਾਹੁੰਦੇ ਨੇ ਉਨਾਂ ਨੂੰ ਕਦੇ ਕਾਮਯਾਬ ਨਹੀ ਹੋਣ ਦਿੱਤਾ ਜਾਵੇਗਾ। ਉਨਾਂ ਕਿਹਾ ਕਿ ਅਸੀ ਅੱਜ ਬਲਬੀਰ ਸਿੰਘ ਰਾਜੇਵਾਲ ਦਾ ਸਨਮਾਨ ਇਸ ਲਈ ਵੀ ਕਰ ਰਹੇ ਹਾਂ ਕਿਉਕਿ ਪੰਜਾਬ ਦੇ ਇਸ ਸਪੁੱਤਰ ਨੇ ਆਪਣੀ ਲਗਨ, ਮਿਹਨਤ ਅਤੇ ਹਿਮੰਤ ਨਾਲ ਮੋਰਚੇ ’ਚ ਮੁੱਖ ਭੂਮਿਕਾ ਨਿਭਾਈ ਹੈ। ਇਸ ਮੌਕੇ ’ਤੇ ਜਾਮਾ ਮਸਜਿਦ ਪ੍ਰਬੰਧਕਾਂ ਵੱਲੋਂ ਰਾਜੇਵਾਲ ਨੂੰ ਸਨਮਾਨਿਤ ਵੀ ਕੀਤਾ ਗਿਆ। ਜਾਮਾ ਮਸਜਿਦ ’ਚ ਮੁਸਲਮਾਨ ਭਾਈਚਾਰੇ ਨੂੰ ਸੰਬੋਧਨ ਕਰਦੇ ਹੋਏ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਕਿਸਾਨ ਅੰਦੋਲਨ ’ਚ ਸਾਰੀਆਂ ਦਾ ਸਾਥ ਹੀ ਕਾਲੇ ਕਾਨੂੰਨਾਂ ਦੀ ਵਾਪਸੀ ਦੀ ਵਜਾ ਬਣਿਆ।
ਉਨਾਂ ਕਿਹਾ ਕਿ ਇਹ ਗੱਲ ਠੀਕ ਹੈ ਕਿ ਸਰਕਾਰਾਂ ਨੇ ਇਸ ਅੰਦੋਲਨ ਨੂੰ ਵਾਰ-ਵਾਰ ਧਰਮ ਦਾ ਰੰਗ ਦੇ ਕੇ ਨਾਕਾਮ ਕਰਣ ਦੀ ਕੋਸ਼ਿਸ਼ ਕੀਤੀ ਸੀ ਲੇਕਿਨ ਆਪ ਸੱਭ ਦੇ ਸਾਥ ਨੇ ਅਜਿਹੀਆਂ ਸਾਰੀਆਂ ਸਾਜਿਸ਼ਾਂ ਨੂੰ ਨਾਕਾਮ ਕਰ ਦਿੱਤਾ। ਰਾਜੇਵਾਲ ਨੇ ਕਿਹਾ ਕਿ ਵਿਸ਼ੇਸ਼ ਤੌਰ ’ਤੇ ਪੰਜਾਬ ਭਰ ਤੋਂ ਜਦੋਂ ਕਿਸਾਨ ਦਿੱਲੀ ਮੋਰਚੇ ’ਤੇ ਗਏ ਤਾਂ ਸਾਰੇ ਪਿੰਡਾਂ ’ਚ ਰਹਿ ਰਹੇ ਮੁਸਲਮਾਨ ਭਾਈਚਾਰਾ ਵੀ ਅੰਦੋਲਨ ’ਚ ਨਾਲ ਰਿਹਾ। ਉਨਾਂ ਕਿਹਾ ਕਿ ਸਾਰੇ ਲੋਕ ਯਾਦ ਰੱਖਣ ਕਿ ਅਸੀਂ ਕਿਸਾਨ ਅੰਦੋਲਨ ਨੂੰ ਮੁਲਤਵੀ ਕੀਤਾ ਹੈ ਰੱਦ ਨਹੀ ਕੀਤਾ ਜਦੋਂ ਵੀ ਜਰੂਰਤ ਮਹਿਸੂਸ ਹੋਵੇਗੀ ਤਾਂ ਦੁਬਾਰਾ ਮੋਰਚਾ ਲਗਾਇਆ ਜਾਵੇਗਾ।