ਚੰਡੀਗੜ੍ਹ: ਪੰਜਾਬ ਵਿੱਚ ਕਾਂਗਰਸ ਸਰਕਾਰ ਦੇ ਵਿਧਾਇਕ ਇੱਕ ਦੂਸਰੇ ਤੋਂ ਅੱਗੇ ਵੱਧਣ ਅਤੇ ਵੱਡਾ ਅਹੁਦਾ ਹਾਸਲ ਕਰਨ ਦੀ ਦੌੜ ਵਿੱਚ ਲੱਗੇ ਹੋਏ ਨੇ l ਇੱਕ ਦੂਜੇ ਤੇ ਤਿੱਖੇ ਸ਼ਬਦਾਂ ਦੇ ਵਾਰ ਕਰਨ ਤੋਂ ਕੋਈ ਵੀ ਪਿੱਛੇ ਨਹੀਂ ਹੱਟ ਰਿਹਾ l ਜਿਸ ਦੇ ਸਿੱਟੇ ਵੱਜੋਂ ਸੂਬੇ ਦੇ ਮੁੱਖ ਮੰਤਰੀ ਨੂੰ ਵਿਧਾਇਕਾਂ ਦੇ ਅਹੁਦਿਆਂ ਵਿੱਚ ਫ਼ੇਰਬਦਲ ਅਤੇ ਕਿਸੇ ਨਵੇਂ ਚਿਹਰੇ ਨੂੰ ਸਾਹਮਣੇ ਲਿਆਉਣ ਲਈ ਪਾਰਟੀ ਹਾਈਕਮਾਂਡ ਤੋਂ ਹਰੀ ਝੰਡੀ ਮਿਲ ਗਈ ਹੈ l ਕੈਬਨਿਟ ਵਿੱਚ ਉੱਚੇ ਅਹੁਦੇ ਦੀ ਜਗ੍ਹਾ ਪਾਉਣ ਲਈ ਵਿਧਾਇਕਾਂ ਨੇ ਕੈਪਟਨ ਦੇ ਘਰ ਦੇ ਚੱਕਰ ਲਾਉਣੇ ਸ਼ੁਰੂ ਕਰ ਦਿੱਤੇ ਸਨ l ਕੈਬਨਿਟ ਦੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਅਸਤੀਫ਼ੇ ਤੋਂ ਬਾਅਦ ਉਨ੍ਹਾਂ ਦੀ ਕੁਰਸੀ ਸਾਢੇ ਚਾਰ ਮਹੀਨੇ ਤੋਂ ਖਾਲੀ ਪਈ ਹੈ l ਜਿਸਦੇ ਕਾਰਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਖਾਲੀ ਅਹੁਦੇ ਅਤੇ ਮੰਤਰੀਮੰਡਲ ਵਿੱਚ ਫ਼ੇਰਬਦਲ ਕਰਨ ਲਈ ਪਾਰਟੀ ਹਾਈਕਮਾਂਡ ਨੇ ਇਜ਼ਾਜਤ ਦੇ ਦਿੱਤੀ ਹੈ l ਪਾਰਟੀ ਹਾਈਕਮਾਂਡ ਵੱਲੋਂ ਮੁੱਖ ਮੰਤਰੀ ਨੂੰ ਇਹ ਹੁਕਮ ਮਿਲੇ ਹਨ ਕਿ ਹੁਣ ਤੱਕ ਮੰਤਰੀਆਂ ਨੇ ਜਿਹੜੇ ਕੰਮ ਕੀਤੇ ਹਨ, ਉਨ੍ਹਾਂ ਦੀ ਸਮਿਖਿਆ ਕੀਤੀ ਜਾਵੇ ਤੇ ਮਾੜੀ ਕਾਰਗੁਜ਼ਾਰੀ ਵਾਲਿਆਂ ਨੂੰ ਲੰਬਹੇ ਕਰ ਕਿਸੇ ਨਵੇਂ ਚਿਹਰੇ ਨੂੰ ਅੱਗੇ ਲਿਆਂਦਾ ਜਾਵੇ l
ਇਸ ਤੇ ਮੁੱੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਸੇ ਵੀ ਮੰਤਰੀ ਦੇ ਤਬਾਦਲੇ ਬਾਰੇ ਤੇ ਨਵੇਂ ਚਿਹਰਿਆਂ ਬਾਰੇ ਅਜੇ ਤੱਕ ਕੁਝ ਨਹੀਂ ਕਿਹਾ ਹੈ,ਤੇ ਨਾ ਹੀ ਸਿੱਧੂ ਦੀ ਕੁਰਸੀ ਤੇ ਕਿਸ ਵਿਧਾਇਕ ਨੂੰ ਬਿਠਾਉਣਾ ਹੈ ਇਸ ਬਾਰੇ ਕੋਈ ਖੁਲਾਸਾ ਕੀਤਾ ਹੈ। ਲਿਹਾਜ਼ਾ ਕਿਸ ਅਹੁਦੇ ਤੇ ਕੌਣ ਬੈਠੇਗਾ ਇਸਦਾ ਫ਼ੈਸਲਾ ਤਾਂ ਕੈਪਟਨ ਹੀ ਕਰਨਗੇ l ਜਿਸਦੇ ਸਿੱਟੇ ਵੱਜੋਂ ਮੰਤਰੀਆਂ ਵਿੱਚ ਆਪਣਾ ਅਹੁਦਾ ਗੁਆਉਣ ਦਾ ਡਰ ਤੇ ਵਿਧਾਇਕਾਂ ਵਿੱਚ ਮੰਤਰੀਮੰਡਲ ਵਿੱਚ ਆਉਣ ਦਾ ਉਤਸ਼ਾਹ ਸਾਫ ਵੇਖਣ ਨੂੰ ਮਿਲ ਰਿਹਾ l
ਦੱਸ ਦਈਏ ਕਿ ਚਰਚਾਵਾਂ ਹੋ ਰਹੀਆਂ ਨੇ ਕਿ ਨਵਜੋਤ ਸਿੰਘ ਸਿੱਧੂ ਨੂੰ ਉੱਪ ਮੁੱਖ ਮੰਤਰੀ ਬਣਾਇਆ ਜਾ ਸਕਦਾ ਹੈ,ਪਰ ਕੈਪਟਨ ਅਮਰਿੰਦਰ ਸਿੰਘ ਨੇ ਇਹ ਗੱਲ ਸਾਫ਼ ਕਰ ਦਿੱਤੀ ਹੈ ਕਿ ਕੋਈ ਉੱਪ ਮੁੱਖ ਮੰਤਰੀ ਨਹੀਂ ਹੋਵੇਗਾ l