ਗੁਰਦਾਸਪੁਰ ; ਐਤਵਾਰ ਨੂੰ ਰਾਮਲੀਲਾ ਮੈਦਾਨ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਭਾਸ਼ਣ ‘ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਸਵਾਲ ਖੜ੍ਹੇ ਕਰ ਦਿੱਤੇ ਹਨ l ਡਿਟੈਂਸਨ ਸੈਂਟਰ ਅਤੇ ਐਨਆਰਸੀ ਸੰਬੰਧੀ ਭਾਜਪਾ ਦੇ ਦਸਤਾਵੇਜ ਮੀਡੀਆ ਦੇ ਸਾਹਮਣੇ ਪੇਸ਼ ਕਰਦੇ ਹੋਏ ਸੁਨੀਲ ਜਾਖੜ ਨੇ ਕਿਹਾ ਕਿ ਜੋ ਝੂਠ ਬੋਲ ਰਿਹਾ ਹੈ, ਉਸ ਤੇ ਪ੍ਰਧਾਨ ਮੰਤਰੀ ਨੂੰ ਸਖਤ ਕਾਰਵਾਈ ਕਰਨੀ ਚਾਹੀਦੀ ਹੈ l ਉਨ੍ਹਾਂ ਨੇ ਕਿਹਾ ਕਿ ਦੇਸ਼ ਨੂੰ ਗੁੰਮਰਾਹ ਕਰਨਾ ਸਹੀ ਗੱਲ ਨਹੀਂ ਹੈ l ਜਾਖੜ ਨੇ ਕਿਹਾ ਕਿ ਝੂਠ ਕੌਣ ਬੋਲ ਰਿਹਾ ਹੈ ਇਹ ਪ੍ਰਧਾਨ ਮੰਤਰੀ ਨੂੰ ਸਪਸ਼ਟ ਕਰਨਾ ਚਾਹੀਦਾ ਹੈ l ਝੂਠ ਬੋਲਣ ਵਾਲੇ ਮੰਤਰੀਆਂ ਨੂੰ ਤੁਰੰਤ ਡਿਸਮਿਸ ਕੀਤਾ ਜਾਣਾ ਚਾਹੀਦਾ ਹੈ ਅਤੇ ਦੇਸ਼ ਵਿੱਚ ਖੌਫ਼ ਦਾ ਮਾਹੌਲ ਪੈਦਾ ਕਰਨ ਤੇ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ l ਜਾਖੜ ਨੇ ਕਿਹਾ ਕਿ ਦੇਸ਼ ਵਿੱਚ ਅੱਗ ਲੱਗੀ ਹੈ ਅਤੇ ਪ੍ਰਧਾਨ ਮੰਤਰੀ ਇਸਦਾ ਠੀਕਰਾ ਵਿਰੋਧੀਆਂ ਸਿਰ ਭੰਨ ਰਹੇ ਨੇ l ਉਨ੍ਹਾਂ ਕਿਹਾ ਕਿ ਇਸ ਸੰਬੰਧ ਵਿੱਚ ਲੋਕਾਂ ਨੂੰ ਗੁੰਮਰਾਹ ਨਾ ਕੀਤਾ ਜਾਵੇ l
ਜਾਖੜ ਨੇ ਕਿਹਾ ਨੋਟਬੰਦੀ ਹੋਈ ਤਾਂ ਕੋਈ ਆਵਾਜ਼ ਨਹੀਂ ਉੱਠੀ ਸਾਰੇ ਲੋਕ ਲਾਈਨਾਂ ਵਿੱਚ ਲੱਗ ਗਏ l ਪਰ ਨੌਜਵਾਨਾਂ ਨੇ ਆਸ ਦੀ ਕਿਰਨ ਜਗਾਈ ਅਤੇ ਸੱਚ ਦਾ ਬੀੜਾ ਚੁੱਕਿਆ l ਉਨ੍ਹਾਂ ਕਿਹਾ ਕਿ ਪੰਜਾਬ ਦਾ ਕਰੀਬ ਡੇਢ ਲੱਖ ਨੌਜਵਾਨ ਹਰ ਸਾਲ ਦੇਸ਼ ਛੱਡ ਕੇ ਵਿਦੇਸ਼ ਜਾ ਰਿਹਾ ਹੈ l ਰੋਜ਼ਗਾਰ, ਮਹਿੰਗਾਈ ਵਰਗੇ ਕਈ ਮੁੱਦਿਆਂ ਤੋਂ ਧਿਆਨ ਭਟਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ l ਕਾਂਗਰਸ ਪ੍ਰਧਾਨ ਰਵਨੀਤ ਸਿੰਘ ਬਿੱਟੂ ਵੱਲੋਂ ਮਨਪ੍ਰੀਤ ਬਾਦਲ ਸਣੇ ਸਰਕਾਰ ਦੇ ਹੋਰ ਨੁਮਾਇੰਦਿਆਂ ਤੇ ਚੁੱਕੇ ਜਾ ਰਹੇ ਸਵਾਲਾਂ ‘ਤੇ ਜਾਖੜ ਨੇ ਗੱਲ ਨੂੰ ਟਾਲਦਿਆਂ ਕਿਹਾ ਕਿ ਇਸ ਸਮੇਂ ਸਭ ਤੋਂ ਵੱਡਾ ਮਸਲਾ ਕੇਂਦਰ ਦੀ ਲੋਕ ਵਿਰੋਧੀ ਨੀਤਿਆਂ ਨੇ, ਜਿਸਦੇ ਖਿਲਾਫ਼ ਸਾਰਿਆਂ ਨੂੰ ਇੱਕਜੁੱਟ ਹੋ ਕੇ ਲੜਨਾ ਚਾਹੀਦਾ ਹੈ l ਉਨ੍ਹਾਂ ਨੇ ਸੰਸਦ ਮੈਂਬਰ ਸਨੀ ਦਿਓਲ ‘ਤੇ ਕੋਈ ਵੀ ਟਿਪੱਣੀ ਨਹੀਂ ਕੀਤੀ l ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦਾ ਕੀ ਕਸੂਰ ਹੈ l ਕੇਂਦਰ ਦੀ ਨੀਤਿਆਂ ਨੇ ਵੈਸੇ ਹੀ ਦੇਸ਼ ਦਾ ਦਿਵਾਲਾ ਕੱਢ ਦਿੱਤਾ ਹੈ l ਪੈਸੇ ਹੋਣਗੇ ਤਾਂ ਹੀ ਉਹ ਕੁਝ ਕਰਨਗੇ l
