ਮਨੀਮਾਜਰਾ : ਚੰਡੀਗੜ੍ਹ ਦੇ ਮਨੀਮਾਜਰਾ ਵਿੱਚ ਮਾਡਰਨ ਕੰਪਲੈਕਸ ਸਥਿਤ ਇੱਕ ਬੰਦ ਮਕਾਨ ਵਿੱਚ ਬੁੱਧਵਾਰ ਰਾਤ 2 ਵਜੇ ਔਰਤ ਅਤੇ ਉਸ ਦੇ ਦੋ ਬੱਚਿਆਂ ਦਾ ਗਲੇ ਕੱਟੀਆਂ ਲਾਸ਼ਾਂ ਮਿਲਣ ਨਾਲ ਇਲਾਕੇ ਵਿੱਚ ਦਹਿਸ਼ਤ ਫੈਲ ਗਈ l ਤਿੰਨਾਂ ਦੀ ਬੇਰਹਿਮੀ ਨਾਲ ਹੱਤਿਆ ਕਰ ਮੁਲਜ਼ਮ ਘਰ ਨੂੰ ਤਾਲਾ ਲਾ ਕੇ ਫਰਾਰ ਹੋ ਗਏ l ਗੁਆਂਢੀਆਂ ਦੀ ਸੂਚਨਾਂ ‘ਤੇ ਦੇਰ ਰਾਤ ਪੁਲਿਸ ਨੇ ਘਰ ਦਾ ਤਾਲਾ ਤੋੜ ਕੇ ਤਿੰਨਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਲਿਆ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ l ਮ੍ਰਿਤਕ ਔਰਤ ਦਾ ਪਤੀ ਬੁੱਧਵਾਰ ਨੂੰ ਸੜਕੇ ਹਾਦਸੇ ਤੋਂ ਬਾਅਦ ਪੀਜੀਆਈ ਚੰਡੀਗੜ ਵਿੱਚ ਭਰਤੀ ਹੈ l ਫਿਲਹਾਲ ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ l ਬੁੱਧਵਾਰ ਦੇਰ ਰਾਤ 2 ਵਜੇ ਪੁਲਿਸ ਨੂੰ ਸੂਚਨਾ ਮਿਲੀ ਕਿ ਮਨੀਮਾਜਰਾ ਦੇ ਮਾਡਰਨ ਕੰਪਲੈਕਸ ਸਥਿਤ ਮਕਾਨ ਨੰਬਰ 5012 ਵਿੱਚ ਤਿੰਨ ਲੋਕਾਂ ਦੀ ਹੱਤਿਆ ਕਰ ਦਿੱਤੀ ਗਈ l ਸੂਚਨਾਂ ਮਿਲਣ ‘ਤੇ ਪੁਲਿਸ ਮਹਿਕਮੇ ਵਿੱਚ ਭਾਜੜ ਪੈ ਗਈ l ਮੌਕੇ ‘ਤੇ ਮਨੀਮਾਜਰਾ ਪੁਲਿਸ ਦੇ ਅਧਿਕਾਰੀ ਦਲ ਬਲ ਦੇ ਨਾਲ ਮੌਕੇ ‘ਤੇ ਪਹੁੰਚੇ ਅਤੇ ਮਕਾਨ ਨੂੰ ਤਾਲਾ ਲੱਗਿਆ ਸੀ l ਪੁਲਿਸ ਤਾਲਾ ਤੋੜ ਕੇ ਘਰ ਵਿੱਚ ਦਾਖਲ ਹੋਈ ਤਾਂ ਪੈਰਾਂ ਥੱਲੇ ਤੋਂ ਜ਼ਮੀਨ ਖਿਸਕ ਗਈ l ਅੰਦਰ 45 ਸਾਲਾ ਸਰਿਤਾ ਅਤੇ ਉਸਦੇ ਮੁੰਡੇ ਅਰਜੁਨ(16) ਧੀ ਸੇਂਸੀ (22) ਦੀ ਲਹੂ ਨਾਲ ਲੱਥ ਪੱਥ ਲਾਸ਼ਾਂ ਪਈਆਂ ਸਨ l ਤਿੰਨਾਂ ਦੀ ਬੇਰਹਿਮੀ ਨਾਲ ਤੇਜ਼ਧਾਰ ਹਥਿਆਰਾਂ ਨਾਲ ਗਲਾ ਕੱਟ ਕੇ ਹੱਤਿਆ ਕੀਤੀ ਗਈ ਸੀ l
