ਸ਼੍ਰੀਨਗਰ : ਕਸ਼ਮੀਰ ਵਿੱਚ ਧਾਰਾ 370 ਦੇ ਖਾਤਮੇ ਤੋਂ ਬਾਅਦ ਕੇਂਦਰ ਸਰਕਾਰ ਵੱਲੋਂ ਉਸ ਸੂਬੇ ਅੰਦਰ ਲਾਈਆਂ ਹਰ ਤਰ੍ਹਾਂ ਦੀਆਂ ਪਾਬੰਦੀਆਂ ਉਪਰੰਤ ਭਾਵੇਂ ਉੱਥੇ ਪਹਿਲਾਂ ਵਾਲੀਆਂ ਹਿੰਸਕ ਘਟਨਾਵਾਂ ਉੱਤੇ ਕੁਝ ਹੱਦ ਤੱਕ ਰੋਕ ਲੱਗ ਗਈ ਹੋਵੇ ਪਰ ਗੋਲੀਆ ਦੀ ਆਵਾਜ਼ ਆਉਣੀ ਅਜੇ ਵੀ ਬੰਦ ਨਹੀਂ ਹੋਈ ਹੈ।ਤਾਜ਼ੀ ਘਟਨਾ ਡੱਲ ਝੀਲ ਦੇ ਵਾਟਰਵਿੰਗ ‘ਚ ਤੈਨਾਤ ਜਵਾਨਾਂ ਨਾਲ ਸੰਬੰਧਿਤ ਹੈ ਜਿਹੜੇ ਡਿਊਟੀ ਦੌਰਾਨ ਕਿਸੇ ਗੱਲ ਨੂੰ ਲੈ ਕੇ ਆਪਸ ਵਿੱਚ ਇੰਝ ਬੁਰੀ ਤਰ੍ਹਾਂ ਉਲਝ ਗਏ ਕਿ ਦੋਵਾਂ ਨੇ ਆਪਣੀਆਂ ਸਰਕਾਰੀ ਰਫਲਾਂ ਨਾਲ ਇੱਕ ਦੂਜੇ ਉੱਤੇ ਗੋਲੀਆਂ ਚਲਾ ਦਿੱਤੀਆਂ।
ਏਸ ਸੰਬੰਧ ਵਿੱਚ ਸੈਂਟਰਲ ਰਿਜ਼ਰਵ ਪੁਲਿਸ ਫੋਰਸ ਦੇ ਬੁਲਾਰੇ ਪੰਕਜ ਸਿੰਘ ਦੇ ਹਵਾਲੇ ਨਾਲ ਮੀਡੀਆ ਵੱਲੋਂ ਪ੍ਰਕਾਸਿ਼ਤ ਕੀਤੀਆਂ ਖਬਰਾਂ ਅਨੁਸਾਰ ਇਸ ਘਟਨਾ ਨੂੰ ਡੱਲ ਝੀਲ ਦੇ ਵਾਟਰ ਵਿੰਗ ‘ਚ ਤੈਨਾਤ ਜਵਾਨ ਸਿੰਜੂ ਅਤੇ ਜਾਲਾ ਵਿਜੈ ਨਾਮ ਦੇ ਦੋ ਜਵਾਨਾਂ ਨੇ ਅੰਜਾਮ ਦਿੱਤਾ ਹੈ।ਪੰਕਜ ਸਿੰਘ ਅਨੁਸਾਰ ਦੋਹਾਂ ਵਿੱਚਲਾ ਮਾਮੂਲੀ ਝਗੜਾ ਦੇਖਦੇ ਹੀ ਦੇਖਦੇ ਦੋਹਾਂ ਦੇ ਹੱਥਾਂ ਨੂੰ ਸਰਕਾਰੀ ਰਾਈਫਲਾਂ ਦੇ ਘੋੜਿਆਂ ਤੱਕ ਕਦੋਂ ਲੈ ਗਿਆ ਇਹ ਕਿਸੇ ਨੂੰ ਪਤਾ ਹੀ ਨਹੀਂ ਚੱਲਿਆ।ਪਤਾ ਉਦੋਂ ਚੱਲਿਆ ਜਦੋਂ ਗੋਲੀਆਂ ਦੀ ਆਵਾਜ਼ ਨਾਲ ਇਲਾਕਾ ਗੂੰਜ ਉੱਠਿਆ ਤੇ ਉਨ੍ਹਾਂ ਦੋਵਾਂ ਦੇ ਸਾਥੀ ਜਵਾਨ ਭੱਜ ਕੇ ਉਨ੍ਹਾਂ ਕੋਲ ਪਹੁੰਚੇ।ਜਿਨ੍ਹਾਂ ਨੇ ਵੇਖਿਆ ਕਿ ਦੋਵਾਂ ਵੱਲੋਂ ਇੱਕ ਦੂਜੇ ਨੂੰ ਨਿਸ਼ਾਨਾ ਬਣਾ ਕੇ ਕੀਤੀ ਗਈ ਫਾਇਰਿੰਗ ਵਿੱਚ ਉਹ ਦੋਵੇਂ ਬੁਰੀ ਤਰ੍ਹਾਂ ਜਖ਼ਮੀ ਸਨ ਤੇ ਉਨ੍ਹਾਂ ਦੀ ਹਾਲਾਤ ਬਹੁਤ ਗੰਭੀਰ ਸੀ।
ਮਾਮਲੇ ਦੀ ਨਾਜ਼ੁਕਤਾ ਨੂੰ ਸਮਝਦਿਆਂ ਹਫੜਾ ਦਫੜੀ ਵਿੱਚ ਦੋਵਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਪਹੁੰਚਦੇ ਸਾਰ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਕਰਾਰ ਦੇ ਦਿੱਤਾ।ਪੰਕਜ ਸਿੰਘ ਅਨੁਸਾਰ ਇਹ ਘਟਨਾ ਬੇਹੱਦ ਦੁਖਦਾਈ ਅਤੇ ਨਾ ਕਾਬਲੇ ਬਰਦਾਸ਼ਤ ਹੈ।ਪਰ ਅਜੇ ਤੱਕ ਘਟਨਾ ਦੇ ਕਾਰਨਾਂ ਦਾ ਕੁਝ ਪਤਾ ਨਹੀਂ ਚੱਲ ਸਕਿਆ ਤੇ ਮਾਮਲੇ ਦੀ ਗੰਭੀਰਤਾ ਨਾਲ ਪੜਤਾਲ ਕੀਤੀ ਜਾ ਰਹੀ ਹੈ।