ਨਵੀਂ ਦਿੱਲੀ : ਉਸ ਵੇੇਲੇ ਜਦੋਂ ਅਮਰੀਕਾ, ਬਰਤਾਨੀਆ, ਫਰਾਂਸ ਅਤੇ ਵਿਸ਼ਵ ਦੇ ਹੋਰ ਮਈ ਮੁਲਕ ਕੋਰੋਨਾ ਮਹਾਂਮਾਰੀ ਨੂੰ ਲੈ ਕੇ ਚੀਨ ਉੱਤੇ ਕਈ ਤਰ੍ਹਾਂ ਦੇ ਦੋਸ਼ ਲਾਉਂਦਿਆਂ ਸਵਾਲ ਖੜੇ ਕਰ ਰਹੇ ਹਨ, ਅਜਿਹੇ ਵਿੱਚ ਇਨ੍ਹਾਂ ਗੱਲਾਂ ਦੀ ਪਰਵਾਹ ਨਾ ਕਰਦਿਆਂ ਇੰਝ ਜਾਪਦਾ ਹੈ ਜਿਵੇਂ ਚੀਨ ਆਪਣੇ ਮਿੱਥੇ ਟੀਚੇ ਨੂੰ ਹਰ ਹਾਲ ‘ਚ ਪੂਰਾ ਕਰ ਲੈਣਾ ਚਾਹੁੰਦਾ ਹੈ ਤੇ ਇਹ ਟੀਚਾ ਹੈ ਵਿਸ਼ਵ ਦੀ ਆਰਥਿਕ ਮਹਾਂਸ਼ਕਤੀ ਬਣਨਾ।ਚੀਨ ਵੱਲੋਂ ਇਹ ਕਦਮ ਉਸ ਵੇਲੇ ਚੁੱਕੇ ਜਾ ਰਹੇ ਹਨ ਜਦੋਂ ਦੁਨੀਆਂ ਆਰਥਿਕ ਮੰਦੀ ਦੀ ਸਿ਼ਕਾਰ ਹੋ ਕੇ ਤਾਲਾਬੰਦੀ ਕਰਨ ਨੂੰ ਮਜ਼ਬੂਰ ਹੈ।ਅਜਿਹੇ ਵਿੱਚ ਗੁਆਂਢੀ ਮੁਲਕ ਚੀਨ ਨੇ ਵਿਸ਼ਵ ਦੇ ਕਈ ਦੇਸ਼ਾਂ ਦੀਆਂ ਵੱਡੀਆਂ ਕੰਪਨੀਆਂ ਨੂੰ ਨਿਵੇਸ਼ ਦਾ ਲਾਲਚ ਦੇ ਕੇ ਆਪਣੀਆਂ ਚਾਲਾਂ ਚੱਲਣੀਆਂ ਸ਼ੁਰੂ ਕਰ ਦਿੱਤੀਆਂ ਹਨ ਤਾਂ ਕਿ ਉਹ ਤਾਲਾਬੰਦੀ ਅਤੇ ਮੰਦੀ ਦੇ ਇਸ ਦੌਰ ਵਿੱਚ ਵਿਸ਼ਵ ਦੀਆਂ ਵੱਡੀਆਂ ਕੰਪਨੀਆਂ ਤੇ ਕਬਜ਼ਾ ਕਰ ਲਵੇ।ਮੀਡੀਆ ਰਿਪੋਰਟਾਂ ਅਨੁਸਾਰ ਭਾਰਤ ਨੂੰ ਚੀਨ ਵੱਲੋਂ ਕੀਤੀਆਂ ਜਾ ਰਹੀਆਂ ਇਨ੍ਹਾਂ ਕੋਸਿ਼ਸ਼ਾਂ ਦਾ ਪਤਾ ਲੱਗ ਚੁੱਕਿਆ ਹੈ ਤੇ ਕੇਂਦਰ ਸਰਕਾਰ ਨੇ ਏਸ ਲਈ ਜ਼ਰੂਰੀ ਕਦਮ ਚੁੱਕਦਿਆਂ ਆਪਣੇ ਵਿਦੇਸ਼ ਸਿੱਧਾ ਨਿਵੇਸ਼ ਨੀਤੀ (ਐਫਡੀਆਈ) ਦੇ ਨਿਯ਼ਮ ਅਤੇ ਕਾਨੂੰਨਾਂ ਵਿੱਚ ਵੱਡੇ ਬਦਲਾਅ ਕਰ ਦਿੱਤੇ ਹਨ।
ਮੋਦੀ ਸਰਕਾਰ ਨੇ ਭਾਰਤ ਦੇ ਨਾਲ ਲੱਗਦੀਆਂ ਸਰਹੱਦਾਂ ਵਾਲੇ ਮੁਲਕਾਂ ਸੰਬੰਧੀ ਇਹ ਹੁਕਮ ਜਾਰੀ ਕੀਤੇ ਹਨ ਕਿ ਜੇਕਰ ਇਨ੍ਹਾਂ ਮੁਲਕਾਂ ਵਿੱਚੋਂ ਕਿਸੇ ਨੇ ਵੀ ਭਾਰਤ ਵਿੱਚ ਨਿਵੇਸ਼ ਕਰਨਾ ਹੈ ਤਾਂ ਉਸ ਲਈ ਕੇਂਦਰ ਸਰਕਾਰ ਦੀ ਮਨਜ਼ੂਰੀ ਲਾਜ਼ਮੀ ਹੋਵੇਗੀ ਤਾਂ ਹੀ ਉਹ ਕਿਸੇ ਭਾਰਤੀ ਕੰਪਨੀ ਵਿੱਚ ਹਿੱਸੇਦਾਰੀ ਖਰੀਦ ਪਾਵੇਗਾ।ਭਾਰਤ ਸਰਕਾਰ ਨੇ ਇਹ ਕਦਮ ਚੀਨ ਵੱਲੋਂ ਐਚਡੀਐਫਸੀ ਬੈਂਕ ਦੀ ਹਿੱਸੇਦਾਰੀ ਹੋਰ ਵੱਧ ਖਰੀਦਣ ਤੋਂ ਬਾਅਦ ਚੁੱਕੇ ਹਨ ਕਿਉਂਕਿ ਉਸ ਤੋਂ ਬਾਅਦ ਇਹ ਸ਼ੱਕ ਪੈਦਾ ਹੋਣ ਲੱਗ ਪਿਆ ਸੀ ਕਿ ਚੀਨ ਭਾਰਤ ਦੀਆਂ ਵੱਡੀਆਂ ਕੰਪਨੀਆਂ ਦੀ ਹਿੱਸੇਦਾਰੀ ਖਰੀਦ ਕੇ ਆਉਣ ਵਾਲੇ ਸਮੇਂ ਵਿੱਚ ਭਾਰਤ ਵਿੱਚ ਆਰਥਿਕ ਸੰਕਟ ਪੈਦਾ ਕਰ ਸਕਦਾ ਹੈ।
ਦੱਸ ਦਈਏ ਕਿ ਵਿਸ਼ਵ ਆਰਥਿਕ ਮੰਦੀ ਦੇ ਇਸ ਦੌਰ ਵਿੱਚ ਸੰਸਾਰ ਬੈਂਕ ਤੋਂ ਇਲਾਵਾ ਆਰਬੀਆਈ ਨੇ ਵੀ ਇਹ ਚਿਤਾਵਨੀ ਜਾਰੀ ਕੀਤੀ ਹੋਈ ਹੈ ਕਿ ਪੂਰਾ ਵਿਸ਼ਵ ਆਉਣ ਵਾਲੇ ਸਮੇਂ ਦੌਰਾਨ ਵੱਡੀ ਆਰਥਿਕ ਮੰਦੀ ਦੇ ਦੌਰ ਵਿੱਚੋਂ ਗੁਜ਼ਰਨ ਵਾਲਾ ਹੈ।ਲਿਹਾਜ਼ਾ ਚੀਨ ਵਰਗੇ ਕੁਝ ਹੋਰ ਮੁਲਕ ਇਸ ਦੌਰ ਦਾ ਲਾਭ ਚੁੱਕਣ ਦੀ ਕੋਸਿ਼ਸ਼ ਕਰਨਗੇ ਤਾਂ ਕਿ ਉਹ ਆਰਥਿਕ ਮਹਾਂਸ਼ਕਤੀ ਬਣ ਸਕਣ।
