ਕਪੂਰਥਲਾ (ਕਸ਼ਮੀਰ ਸਿੰਘ ਭੰਡਾਲ) :ਜਿਲਾ ਕਪੂਰਥਲਾ ਦੇ ਪਿੰਡ ਮੁਰਾਰ ਨਿਵਾਸੀ ਇਕ ਨਬਾਲਗ ਬੱਚੇ ਦੇ ਸਰੀਰ ਤੇ ਸੈਨੇਟਾਈਜਰ ਪੈਣ ਕਾਰਨ ਉਹ ਬੱਚਾ ਕਾਫ਼ੀ ਝੁਲਸ ਗਿਆ । ਜਿਸ ਮਗਰੋਂ ਉਸ ਨੂੰ ਇਲਾਜ ਲਈ ਜਲੰਧਰ ਦੇ ਇਕ ਹਸਪਤਾਲ ਲਿਜਾਇਆ ਗਿਆ ਹੈ । ਘਟਨਾ ਸੰਬੰਧੀ ਜਾਣਕਾਰੀ ਦਿੰਦਿਆ ਬੱਚੇ ਦੇ ਪਿਤਾ ਸੰਜੀਵ ਕੁਮਾਰ ਨੇ ਦੱਸਿਆ ਕਿ ਉਹ ਹਮੀਰਾ ਸਥਿਤ ਇਕ ਸ਼ਰਾਬ ਫੈਕਟਰੀ ਵਿੱਚ ਮਜਦੂਰ ਹੈ ਅਤੇ ਬੀਤੇ ਦਿਨ ਇਸ ਫੈਕਟਰੀ ਵੱਲੋ ਘਰਾਂ ਅੰਦਰ ਛਿੜਕਾਅ ਕਰਨ ਲਈ ਸੈਨੀਟਾਈਜਰ ਵੰਡਿਆ ਗਿਆ ਸੀ ਪਰ ਟਾਈਮ ਨਾ ਮਿਲਣ ਕਾਰਨ ਉਸਨੇ ਸੈਨੇਟਾਈਜਰ ਘਰ ਵਿੱਚ ਸੰਭਾਲ ਕੇ ਰੱਖ ਲਿਆ । ਅੱਜ ਉਸਦਾ 9 ਸਾਲਾ ਬੱਚਾ ਅਕਾਸ਼ਦੀਪ ਸਿੰਘ ਜੋ ਸੈਨੇਟਾਈਜਰ ਦੀ ਕੈਨ ਨਾਲ ਖੇਡ ਰਿਹਾ ਸੀ ਜਦੋਂ ਅਚਾਨਕ ਕੈਨ ਫਟ ਗਈ ਤੇ ਕੈਨ ਵਿਚਲਾ ਸੈਨੀਟਾਈਜ਼ਰ ਬੱਚੇ ਦੇ ਸਰੀਰ ਉਪਰ ਪੈ ਗਿਆ ਜਿਸ ਕਾਰਨ ਉਸਦਾ ਸਰੀਰ ਕਾਫੀ ਝੁਲਸ ਗਿਆ ।ਘਟਨਾ ਉਪਰੰਤ ਬੱਚੇ ਨੂੰ ਨੇੜਲੇ ਪਿੰਡ ਦੇ ਇਕ ਹਸਪਤਾਲ ਲਿਜਾਇਆ ਗਿਆ ਜਿੱਥੇ ਬੱਚੇ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਜਲੰਧਰ ਰੈਫਰ ਕਰ ਦਿੱਤਾ ਗਿਆ । ਜਿਥੇ ਉਹ ਜੇਰੇ ਇਲਾਜ ਹੈ। ਪਰਿਵਾਰ ਦਾ ਦੋਸ਼ ਹੈ ਕਿ ਕਿਸੇ ਵੀ ਹਸਪਤਾਲ ਵੱਲੋ ਬੱਚੇ ਨੂੰ ਤੁਰੰਤ ਦਾਖਲ ਨਹੀ ਕੀਤਾ ਗਿਆ ਜਿਸ ਕਾਰਨ ਉਹਨਾ ਨੂੰ ਕਾਫੀ ਖੱਜਲ ਖੁਆਰ ਹੋਣਾ ਪਿਆ ।ਘਟਨਾ ਸਬੰਧੀ ਸੁਭਾਨਪੁਰ ਪੁਲਿਸ ਵਲੋ ਬੱਚੇ ਦੇ ਪਿਤਾ ਦੇ ਬਿਆਨ ਲਏ ਗਏ ਹਨ ਅਤੇ ਤਫਤੀਸ਼ ਜਾਰੀ ਹੈ । ਸੰਪਰਕ ਕਰਨ ਤੇ ਡਿਪਟੀ ਕਮਿਸ਼ਨਰ ਕਪੂਰਥਲਾ ਸ੍ਰੀਮਤੀ ਦੀਪਤੀ ਉੱਪਲ ਨੇ ਕਿਹਾ ਮਾਮਲੇ ਦੀ ਲਿਖਤ ਸ਼ਿਕਾਇਤ ਆਉਣ ਤੋ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ। ਇਸ ਸਬੰਧੀ ਜਗਤਜੀਤ ਇੰਡੀਸਟਰੀਜ਼ ਡੈਮੋਕ੍ਰੇਟਿਕ ਵਰਕਰਜ਼ ਯੂਨੀਅਨ ਦੇ ਆਗੂਆਂ ਨੇ ਪੀੜਤ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਪ੍ਰਸ਼ਾਸਨ ਪਾਸੋਂ ਪੀੜਤ ਬੱਚੇ ਦਾ ਸਰਕਾਰੀ ਤੌਰ ਤੇ ਇਲਾਜ ਕਰਨ ਦੀ ਮੰਗ ਕੀਤੀ ਹੈ।
ਜਿਕਰ ਏ ਖਾਸ ਹੈ ਕਿ ਸਰਕਾਰ ਵਲੋ ਪਿੰਡਾ ਵਿੱਚ ਵੰਡੇ ਗਏ ਸੈਨੇਟਾਈਜਰ ਵਿੱਚ ਤੇਜਾਬ ਦੀ ਮਾਤਰਾ ਜਿਆਦਾ ਹੋਣ ਕਾਰਨ ਇਸਨੂੰ ਛਿੜਕਾਅ ਕਰਨ ਵਾਲੇ ਲੋਕਾ ਦਾ ਸਰੀਰਕ ਨੁਕਸਾਨ ਹੋਣ ਦੀਆ ਖਬਰਾ ਵੀ ਸਾਹਮਣੇ ਆਈਆ ਸਨ ।
।