ਬਠਿੰਡਾ : ਕੋਰੋਨਾ ਵਾਇਰਸ ਨੂੰ ਲੈ ਕੇ ਲੱਗੇ ਲਾਕਡਾਊਨ ਵਿੱਚ ਮਿਲੀ ਢਿੱਲ ਦੇ ਵਿੱਚ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਆਪਣੇ ਵਿਧਾਨ ਸਭਾ ਖੇਤਰ ਬਠਿੰਡਾ ਦੇ ਬਜ਼ਾਰਾਂ ਵਿੱਚ ਜਾ ਕੇ ਦੁਕਾਨਦਾਰਾਂ ਨੂੰ ਮਿਲ ਕੇ ਹਾਲ ਚਾਲ ਪੁੱਛ ਰਹੇ ਸਨ।ਇਸ ਦੌਰਾਨ ਮਹਿਣਾ ਚੌਂਕ ਵਿੱਚ ਸਥਿਤ ਇੱਕ ਸਟੇਸ਼ਨਰੀ ਦੀ ਦੁਕਾਨ ਵਾਲੇ ਨੇ ਵਿੱਤ ਮੰਤਰੀ ਤੋਂ ਸਵਾਲ ਕੀਤਾ ਤਾਂ ਸਮਰਥਕਾਂ ਨੇ ਗਾਲ੍ਹਾਂ ਕੱਢੀਆਂ।ਦੁਕਾਨਦਾਰ ਅਨੂਪ ਗੁਪਤਾ ਦਾ ਇਲਜ਼ਾਮ ਹੈ ਕਿ ਸ਼ੁੱਕਰਵਾਰ ਨੂੰ ਘਟਨਾ ਦੇ ਬਾਅਦ ਥਾਣਾ ਕੋਤਵਾਲੀ ਦੇ ਇੰਸਪੈਕਟਰ ਦਵਿੰਦਰ ਸਿੰਘ ਆਪਣੇ ਸਾਥੀ ਸਮੇਤ ਉਸ ਦੀ ਦੁਕਾਨ ਤੇ ਆਏ ਅਤੇ ਕੇਸ ਦਰਜ ਕਰਨ ਦੀ ਧਮਕੀ ਦਿੱਤੀ।
ਦੁਕਾਨਦਾਰ ਅਨੂਪ ਗੁਪਤਾ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਦੁਪਹਿਰ ਉਹ ਜਦ ਆਪਣੀ ਦੁਕਾਨ ਤੇ ਬੈਠਾ ਸੀ ਤਾਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੁਕਾਨ ਤੇ ਆਪਣੇ ਸਮਰਥਕਾਂ ਸਮੇਤ ਪਹੁੰਚੇ।ਉਸ ਨੇ ਦੱਸਿਆ ਕਿ ਜਦ ਵਿੱਤ ਮੰਤਰੀ ਨੇ ਉਸ ਦਾ ਹਾਲ ਚਾਲ ਪੁੱਛਿਆ ਤਾਂ ਉਸ ਨੇ ਵਿੱਤ ਮੰਤਰੀ ਤੋਂ ਸਵਾਲ ਕਰ ਦਿੱਤਾ ਕਿ ਪੰਜਾਬ ਸਰਕਾਰ ਨੇ ਕੋਰੋਨਾ ਦੇ ਇਸ ਸੰਕਟ ਵਿੱਚ ਲੋਕਾਂ ਦੇ ਲਈ ਕੀ ਕੀਤਾ।ਦੁਕਾਨਦਾਰ ਨੇ ਦੱਸਿਆ ਕਿ ਉਸ ਦੇ ਸਵਾਲ ਦਾ ਜਵਾਬ ਦੇਣ ਦੀ ਬਜਾਏ ਮਨਪ੍ਰੀਤ ਸਿੰਘ ਬਾਦਲਿ ਇਹ ਕਹਿਕੇ ਚਲੇ ਗਏ ਕਿ ਉਨ੍ਹਾਂ ਤੋਂ ਇੱਥੇ ਆ ਕੇ ਕੋਈ ਗਲਤੀ ਹੋ ਗਈ ਹੈ।ਦੁਕਾਨਦਾਰ ਨੇ ਦੱਸਿਆ ਕਿ ਮਨਪ੍ਰੀਤ ਸਿੰਘ ਬਾਦਲ ਇੰਨਾ ਕਹਿ ਕੇ ਜਦੋਂ ਜਾ ਰਹੇ ਸਨ ਤਾਂ ਉਨ੍ਹਾਂ ਦੇ ਨਾਲ ਆਏ ਸਮਰਥਕਾਂ ਨੇ ਉਸ ਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ।
ਦੁਕਾਨਦਾਰ ਨੇ ਇਲਜ਼ਾਮ ਲਾਇਆ ਕਿ ਜਦੋਂ ਵਿੱਤ ਮੰਤਰੀ ਅਤੇ ਉਨ੍ਹਾਂ ਦੇ ਸਮਰਥਕ ਚਲੇ ਗਏ ਤਾਂ ਤੁਰੰਤ ਥਾਣਾ ਕੋਤਵਾਲੀ ਦੇ ਇੰਸਪੈਕਟਰ ਦਵਿੰਦਰ ਸਿੰਘ ਆਪਣੇ ਇੱਕ ਹੋਰ ਪੁਲਿਸ ਮੁਲਾਜ਼ਮ ਨਾਲ ਦੁਕਾਨ ਤੇ ਆਏ ਅਤੇ ਕੇਸ ਦਰਜ ਕਰਨ ਦੀ ਧਮਕੀ ਦਿੱਤੀ।ਦੁਕਾਨਦਾਰ ਨੇ ਦੱਸਿਆ ਕਿ ਉਹ ਸੋਮਵਾਰ ਨੂੰ ਥਾਣਾ ਕੋਤਵਾਲੀ ਦੇ ਇੰਸਪੈਕਟਰ ਦੇ ਖਿਲਾਫ ਐਸਐਸਪੀ ਅਤੇ ਡੀਜੀਪੀ ਨੂੰ ਸਿ਼ਕਾਇਤ ਦੇਣਗੇ।
ਥਾਣਾ ਕੋਤਵਾਲੀ ਦੇ ਇੰਸਪੈਕਟਰ ਦਵਿੰਦਰ ਸਿੰਘ ਨੇ ਇਲਜ਼ਾਮਾਂ ਨੂ ਬੇਬੁਨਿਆਦ ਦੱਸਦੇ ਹੋਏ ਕਿਹਾ ਕਿ ਅਸਲੀ ਗੱਲ ਕਿਸੇ ਨੂੰ ਨਹੀਂ ਪਤਾ ਹੈ,ਜੋ ਜਾਣਨਾ ਚਾਹੁੰਦਾ ਹੈ ਉਹ ਥਾਣੇ ਆ ਜਾਵੇ ਤਾਂ ਮੈ਼ ਦੱਸ ਦੇਵਾਂਗਾ।ਜਦ ਕਿ ਵਿੱਤ ਮੰਤਰੀ ਮਨਪ੍ਰੀਤ ਸਿੰਘ ਦੇ ਰਿਸ਼ਤੇਦਾਰ ਜੈਜੀਤ ਸਿੰਘ ਜੋਹਲ ਨੇ ਕਿਹਾ ਕਿ ਉਨ੍ਹਾਂ ਨੇ ਪਾਰਟੀ ਵਰਕਰਾਂ ਨਾਲ ਗੱਲ ਕੀਤੀ ਹੈ ਪਰ ਉਸ ਸਮੇਂ ਅਜਿਹਾ ਕੁਝ ਨਹੀਂ ਹੋਇਆ।ਜਿਹੜੇ ਇਲਜ਼ਾਮ ਸਮਰਥਕਾਂ ਤੇ ਲਾਏ ਜਾ ਰਹੇ ਹਨ, ਉਹ ਬੇਬੁਨਿਆਦ ਹਨ।
ਅਕਾਲੀ ਦਲ ਤੋਂ ਬਠਿੰਡਾ ਸ਼ਹਿਰ ਦੇ ਸਾਬਕਾ ਵਿਧਾਹਿਕ ਸਰੂਪ ਚੰਦ ਸਿੰਗਲਾ ਨੇ ਕਿਹਾ ਕਿ ਹਰ ਇੱਕ ਨਾਗਰਿਕ ਨੂੰ ਸਰਕਾਰ ਤੋਂ ਸਵਾਲ ਕਰਨ ਦਾ ਹੱਕ ਹੈ ਪਰ ਜੇਕਰ ਸਰਕਾਰ ਦੇ ਦਮ ਤੇ ਆਮ ਲੋਕਾਂ ਦੇ ਸਵਾਲ ਦਬਾਉਣ ਲਈ ਉਨ੍ਹਾਂ ਨੂੰ ਡਰਾਇਆ ਧਮਕਾਇਆ ਜਾਵੇ ਤਾਂ ਇਹ ਨਿੰਦਣਯੋਗ ਹੈ।ਉਨ੍ਹਾਂ ਨੇ ਕਿਹਾ ਕਿ ਅਕਾਲੀ ਦਲ ਹਰ ਉਸ ਸ਼ਖਸ ਦੇ ਨਾਲ ਹੈ, ਜਿਸ ਦੇ ਨਾਲ ਸਰਕਾਰ ਜਾਂ ਵਿਧਾਇਕ ਜਿ਼ਆਦਤੀ ਕਰਣਗੇ।