ਆਖਿਰ ਇੱਕ ਸਾਲ ਦੇ ਇੰਤਜ਼ਾਰ ਤੋਂ ਬਾਅਦ ਹੁਣ ਜਾ ਕੇ ਬਾਬਾ ਫਰੀਦ ਯੂਨੀਵਰਸਿਟੀ ਨੂੰ ਵਾਇਸ ਚਾਂਸਲਰ ਮਿਲਿਆ ਹੈ। ਜੀ ਹਾਂ, ਡਾ: ਰਾਜੀਵ ਸੂਦ ਨੇ ਆਖਿਰ ਆਪਣਾ ਅਹੁਦਾ ਸੰਭਾਲ ਲਿਆ ਹੈ।
ਜ਼ਿਕਰਯੋਗ ਹੈ ਕਿ ਸਿਹਤ ਮੰਤਰੀ ਨਾਲ ਹੋਏ ਵਿਵਾਦ ਤੋਂ ਬਾਅਦ ਡਾ ਰਾਜ ਬਹਾਦੁਰ ਵੱਲੋਂ ਬਾਬਾ ਫਰੀਦ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਗਿਆ ਸੀ। ਇਸ ਤੋਂ ਬਾਅਦ ਤਕਰੀਬਨ ਇੱਕ ਸਾਲ ਤੱਕ ਇਹ ਪਦ ਖਾਲੀ ਰਿਹਾ, ਹਾਲਾਂਕਿ ਪੰਜਾਬ ਸਰਕਾਰ ਵੱਲੋਂ ਡਾਕਟਰ ਅਵਿਨਾਸ਼ ਚੰਦਰ ਨੂੰ ਕਾਰਜਕਾਰੀ ਵਾਇਸ ਚਾਂਸਲਰ ਨਿਯੁਕਤ ਕੀਤਾ ਗਿਆ ਸੀ।
ਬਾਅਦ ਵਿੱਚ ਪੱਕੇ ਤੌਰ ‘ਤੇ ਵੀਸੀ ਦੀ ਨਿਯੁਕਤੀ ਲਈ ਕਈ ਤਰ੍ਹਾਂ ਦੀਆਂ ਦਿੱਕਤਾਂ ਸਾਹਮਣੇ ਆਉਂਦੀਆਂ ਰਹੀਆਂ ਪਰ ਹੁਣ ਇੱਕ ਸਾਲ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਯੂਨੀਵਰਸਿਟੀ ਨੂੰ ਡਾਕਟਰ ਰਾਜੀਵ ਸੂਦ ਦੇ ਰੂਪ ‘ਚ ਵੀਸੀ ਮਿਲ ਗਿਆ ਹੈ।
ਡਾ: ਰਾਜੀਵ ਸੂਦ ਹੋਰਾਂ ਵੱਲੋਂ ਅੱਜ ਯਾਨੀ ਸੋਮਵਾਰ ਨੂੰ ਵਿਧਾਇਕ ਗੁਰਦਿੱਤ ਸਿੰਘ ਦੀ ਹਾਜ਼ਰੀ ‘ਚ ਆਪਣਾ ਅਹੁਦਾ ਸੰਭਾਲ ਲਿਆ ਗਿਆ। ਇਸ ਮੌਕੇ ਉਨ੍ਹਾਂ ਵੱਲੋਂ ਬਾਬਾ ਫਰੀਦ ਜੀ ਦੇ ਅਸਥਾਨ ‘ਤੇ ਮੱਥਾ ਟੇਕਿਆ ਗਿਆ ਅਤੇ ਇਸ ਦੌਰਾਨ ਉਨ੍ਹਾਂ ਦੀ ਧਰਮ ਪਤਨੀ ਵੀ ਉਨ੍ਹਾਂ ਨਾਲ ਮੌਜੂਦ ਸਨ।
ਦੱਸ ਦਈਏ ਕਿ ਡਾਕਟਰ ਰਾਜੀਵ ਸੂਦ ਦਿੱਲੀ ਰਾਮ ਮਨੋਹਰ ਲੋਹੀਆ ਹਸਪਤਾਲ ‘ਚ ਪ੍ਰੋਫੈਸਰ ਦੇ ਰੂਪ ‘ਚ ਸੇਵਾਵਾਂ ਨਿਭਾਅ ਰਹੇ ਸਨ, ਜਿਨ੍ਹਾਂ ਨੇ ਵੀਸੀ ਦਾ ਅਹੁਦਾ ਮਿਲਣ ਤੋਂ ਬਾਅਦ ਆਪਣੀ ਇੱਛਾ ਨਾਲ ਅਸਤੀਫਾ ਦੇਕੇ ਆਪਣਾ ਪਹਿਲਾ ਪਦ ਛੱਡਿਆ ਸੀ।
ਇਸ ਮੌਕੇ ਡਾਕਟਰ ਰਾਜੀਵ ਸੂਦ ਵੱਲੋਂ ਕਿਹਾ ਗਿਆ ਕਿ ਉਨ੍ਹਾਂ ਦਾ ਲੰਬਾ ਤਜਰਬਾ ਰਿਹਾ ਹੈ ਜਿਸ ਦੇ ਤਹਿਤ ਉਹ ਮੈਨਜਮੈਂਟ ਦੀ ਜਿੰਮੇਵਾਰੀ ਚੰਗੀ ਤਰ੍ਹਾਂ ਨਿਭਾ ਸਕਦੇ ਹਨ ਅਤੇ ਨਾਲ ਹੀ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੀ ਗਲ ਵੀ ਕਹੀ। ,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………