ਪਟਿਆਲਾ (ਸਿਮਰਨਜੀਤ ਕੌਰ) : ਪੰਜਾਬ ਵਿੱਚ 2022 ਦੀਆਂ ਵਿਧਾਨ ਸਭਾ ਚੋਣਾਂ ਕਰਵਾਏ ਜਾਣ ਵਿੱਚ ਠੀਕ 2 ਸਾਲ ਦਾ ਸਮਾਂ ਬਚਿਐ ‘ਤੇ ਸੂਬੇ ਦੀ ਲਗਭਗ ਹਰ ਸਿਆਸੀ ਪਾਰਟੀ ਨੇ ਆਉਂਦੀਆਂ ਚੋਣਾਂ ਜਿੱਤਣ ਨੂੰ ਲੈ ਕੇ ਹੁਣ ਤੋਂ ਹੀ ਰਣਨੀਤੀ ਘੜਨੀ ਸ਼ੁਰੁ ਕਰ ਦਿੱਤੀ ਹੈ l ਦਿੱਲੀ ਚੋਣਾਂ ਦੀ ਹਾਰ ਤੋਂ ਬਾਅਦ ਜਿੱਥੇ ਸੱਤਾਧਾਰੀ ਕਾਂਗਰਸ ਪਾਰਟੀ ਪੰਜਾਬ ਦੀ ਜਨਤਾ ਨਾਲ ਕੀਤੇ ਵਾਅਦੇ ਪੂਰੇ ਕਰਨ ਲਈ ਸਰਕਾਰੀ ਅਫਸਰਾਂ ‘ਤੇ ਸਖ਼ਤ ਹੋਣਾ ਸ਼ੁਰੂ ਹੋ ਗਈ ਐ l ਉੱਥੇ ਦੂਜੇ ਪਾਸੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਪਰਗਟ ਸਿੰਘ ਵਰਗੇ ਵਿਧਾਇਕ, ਪਰਤਾਪ ਸਿੰਘ ਬਾਜਵਾ ਵਰਗੇ ਧੁਰ ਵਿਰੋਧੀ ‘ਤੇ ਪਾਰਟੀ ਦੇ ਹੋਰ ਵਿਧਾਇਕਾਂ ਦੇ ਤਿੱਖੇ ਤੇਵਰਾਂ ਖਿਲਾਫ ਪਹਿਲਾਂ ਵਾਲਾ ਹਮਲਾਵਰ ਰੁੱਖ ਛੱਡ ਕੇ ਉਨ੍ਹਾਂ ਦੀਆਂ ਖਰੀਆਂ ਖਰੀਆਂ ਸੁਣਨ ਦੇ ਬਾਵਜੂਦ ਸਬਰ ਤੋਂ ਕੰਮ ਲੈਣ ਵਾਲਾ ਨੁਸਖਾ ਅਪਣਾਉਣਾ ਸ਼ੁਰੂ ਕਰ ਦਿੱਤੈ l ਦੂਜੇ ਪਾਸੇ ਅਕਾਲੀ ਦਲ ਅੰਦਰ ਬਗਾਵਤ ਤੋਂ ਬਾਅਦ ਜਿੱਥੇ ਟਕਸਾਲੀ ਅਤੇ ਢੀਂਡਸਾ ਧੜਾ ਅੱਡ ਹੋ ਗਿਐ ‘ਤੇ ਦੋਵੇਂ ਤਿੰਨੇਂ ਇੱਕ ਦੂਜੇ ਦੇ ਖਿਲਾਫ ਹੀ ਰੈਲੀਆਂ ਕਰਨ ‘ਚ ਰੁੱਝੇ ਹੋਏ ਨੇ ਉੱਥੇ ਨਾਲ ਹੀ ਹਰਿਆਣਾ ਅਤੇ ਦਿੱਲੀ ਅੰਦਰ ਆਪਣੇ ਹਿੱਸੇ ਦੀਆਂ ਸੀਟਾ ਵਾਲੀ ਮੰਗ ਕਰਦਿਆਂ ਨੂੰ ਅਕਾਲੀਆਂ ਦੇ ਭਾਈਵਾਲ ਭਾਰਤੀ ਜਨਤਾ ਪਾਰਟੀ ਵਾਲਿਆਂ ਨੇ ਸੱਤਾ ਦੇ ਨਸ਼ੇ ਵਾਲਾ ਜਿਹੜਾ ਅੰਗੂਠਾ ਦਿਖਾਇਆ ਉਸ ਨਾਲ ਸੁਖਬੀਰ ਬਾਦਲ ਵਾਲੇ ਅਕਾਲੀ ਦਲ ਦੀ ਹਾਲਤ ਪਤਲੀ ਤੋਂ ਬਰੀਕ ਹੋਣ ਵਾਲੀ ਤੁਰ ਪਈ ਐ l ਅਜਿਹੇ ਵਿੱਚ ਚਰਚਾ ਇਹ ਛਿੜ ਗਈ ਐ ਕਿ ਅਕਾਲੀ ਦਲ ਬਾਦਲ ਆਉਣ ਵਾਲੇ ਸਮੇਂ ਵਿੱਚ ਬੀਜੇਪੀ ਦੇ ਫੁੱਲ ਨੂੰ ਸੁੰਘਣਾ ਛੱਡ ਕੇ ਬਸਪਾ ਦੇ ਹਾਥੀ ‘ਤੇ ਸਵਾਰੀ ਕਰਨ ਦਾ ਮਨ ਬਣਾਉਣ ਲੱਗ ਪਏ ਨੇ l ਅਜਿਹਾ ਏਸ ਲਈ ਕਿਹਾ ਜਾ ਰਿਹਾ ਕਿਉਂਕਿ ਜਿੱਥੇ ਇੱਕ ਪਾਸੇ ਲੰਘੀਆਂ ਲੋਕ ਸਭਾ ਚੋਣਾਂ ਦੌਰਾਨ ਪਿੰਡਾਂ ‘ਤੇ ਸ਼ਹਿਰਾਂ ਅੰਦਰ ਅਕਾਲੀਆਂ ਨੂੰ ਵੀ ਮੋਦੀ ਦੇ ਨਾਂ ‘ਤੇ ਵੋਟਾਂ ਪੈਣ ਤੋਂ ਬਾਅਦ ਜਦੋਂ ਭਾਰਤੀ ਜਨਤਾ ਪਾਰਟੀ ਵਾਲਿਆਂ ਨੇ ਸਿਆਸੀ ਅੱਖਾਂ ਵਿਖਾਉਣੀਆਂ ਸ਼ੁਰੂ ਕਰ ਦਿੱਤੀਆਂ ‘ਤੇ ਕੇਂਦਰੀ ਲੀਡਰਸ਼ਿਪ ਨੇ ਵੀ ਇੱਕ ਸਮੇਂ ਅਕਾਲੀਆਂ ਤੋਂ ਦੂਰੀ ਬਣਾ ਲਈ ਤਾਂ ਅਕਾਲੀਆਂ ਨੂੰ ਆਪਣਾ ਸਿਆਸੀ ਭਵਿੱਖ ਖਤਰੇ ਵਿੱਚ ਨਜ਼ਰ ਆਉਣ ਲੱਗ ਪਿਆ l ਅਕਾਲੀ ਏਸ ਗੱਲੋਂ ਵੀ ਨਰਾਜ਼ ਦੱਸੇ ਜਾਂਦੇ ਨੇ ਕਿਉਂਕਿ ਲੰਘੇ ਸਮੇਂ ਦੌਰਾਨ ਭਾਜਪਾ ਦੇ ਸੀਨੀਅਰ ਆਗੂ ਮਦਨ ਮੋਹਨ ਮਿੱਤਲ ਨੇ ਤਾਂ ਇਹ ਕਹਿ ਕੇ ਅਕਾਲੀਆਂ ਦੀ ਸਿਆਸੀ ਗੱਡੀ ਵਾਲੇ ਟਾਇਰਾਂ ਦੀ ਹਵਾ ਹੀ ਕੱਢ ਦਿੱਤੀ ਸੀ ਕਿ ਭਾਜਪਾ ਪੰਜਾਬ ਵਿੱਚ 56 ਸੀਟਾਂ ‘ਤੇ ਚੋਣ ਲੜੇਗੀ l ਸਿਆਸੀ ਮਾਹਿਰਾਂ ਅਨੁਸਾਰ ਅਜਿਹੇ ਵਿੱਚ ਅਕਾਲੀ ਨਾ ਤਾਂ ਕਾਂਗਰਸ ਨਾਲ ਕੋਈ ਸਾਂਝ ਰੱਖ ਸਕਦੇ ਨੇ ‘ਤੇ ਨਾ ਤਾਂ ਊਹ ਆਪ ਵਾਲਿਆਂ ਨਾਲ l ਜਿਨ੍ਹਾਂ ਨੂੰ ਉਹ ਅੱਜ ਤੱਕ ਟੋਪੀਆਂ ਵਾਲੇ ਕਹਿ ਕੇ ਛੇੜਦੇ ਆਏ ਨੇ ਬਾਕੀ ਬਚ ਜਾਂਦੀ ਐ ਬਹੁਜਨ ਸਮਾਜ ਪਾਰਟੀ ਜਿਨ੍ਹਾਂ ਨੂੰ ਉਹ ਸਾਲ 1996 ਦੀਆਂ ਲੋਕਸਭਾ ਚੋਣਾਂ ਵਿੱਚ ਭਾਈਵਾਲੀ ਪਾ ਕੇ ਪਰਖ ਵੀ ਚੁੱਕੇ ਹਨ l ਜੀ ਹਾਂ ਇਹ ਸੱਚ ਐ ‘ਤੇ ਉਸ ਵੇਲੇ ਅਕਾਲੀ ਅਤੇ ਬਸਪਾ ਗੱਠਜੋੜ ਨੇ ਸੂਬੇ ਦੀਆਂ 13 ਵਿੱਚੋਂ 11 ਸੀਟਾਂ ‘ਤੇ ਜਿੱਤ ਹਾਸਿਲ ਕੀਤੀ ਸੀ l ਜਿਨ੍ਹਾਂ ਵਿੱਚੋਂ 8 ਐਮਪੀ ਅਕਾਲੀ ਦਲ ਦੇ ‘ਤੇ 3 ਬਸਪਾ ਦੇ ਚੁਣੇ ਗਏ ਸਨ l ਬਸਪਾ ਦੇ ਮੈਂਬਰ ਪਾਰਲੀਮੈਂਟਾਂ ਵਿੱਚ ਕਾਂਸ਼ੀਰਾਮ ਹੁਸ਼ਿਆਰਪੁਰ ਤੋਂ ਮੋਹਨ ਸਿੰਘ ਫਲੀਆਂ ਵਾਲਾ ਫਿਰੋਜ਼ਪੁਰ ਤੋਂ ‘ਤੇ ਹਰਭਜਨ ਸਿੰਘ ਫਿਲੌਰ ਤੋਂ ਜਿੱਤ ਕੇ ਪਾਰਲੀਮੈਂਟ ਵਿੱਚ ਗਏ ਸਨ ‘ਤੇ ਉਸ ਵੇਲੇ ਕਾਂਗਰਸ ਦੇ ਜਿਹੜੇ ਦੋ ਐਮਪੀ ਜਿੱਤੇ ਸਨ ਉਨ੍ਹਾਂ ਵਿੱਚੋਂ ਅੰਮ੍ਰਿਤਸਰ ਤੋਂ ਰਘੂਨੰਦਨ ਭਾਟੀਆ ‘ਤੇ ਗੁਰਦਾਸਪੁਰ ਤੋਂ ਸੁਖਵੰਤ ਕੌਰ ਭਿੰਡਰ ਹੀ ਅਕਾਲੀ ਬਸਪਾ ਦ ਗਠਜੋੜ ਦਾ ਮੁਕਾਬਲਾ ਕਰ ਪਾਏ ਸਨ ‘ਤੇ ਭਾਜਪਾ ਉਸ ਵੇਲੇ ਖਾਤਾ ਵੀ ਨਹੀਂ ਖੋਲ ਸਕੀ ਸੀ l ਮਾਹਿਰਾਂ ਅਨੁਸਾਰ ਇਸ ਪੁਰਾਣੇ ਰਿਕਾਰਡ ਵਾਲੀਆਂ ਧੂੜ ਚੜੀਆਂ ਫਾਈਲਾਂ ਨੂੰ ਝਾੜ ਕੇ ਵੇਖਣ ਤੋਂ ਬਾਅਦ ਹੁਣ ਅਕਾਲੀਆਂ ਨੂੰ ਬਸਪਾ ਤੋਂ ਵਧੀਆ ਬਦਲ ਹੋਰ ਕੋਈ ਨਜ਼ਰ ਨਹੀਂ ਆ ਰਿਹਾ l ਭਾਵੇਂ ਕਿ ਦਿੱਲੀ ਚੋਣਾਂ ਦੀ ਹਾਰ ਤੋਂ ਬਾਦਅ ਭਾਜਪਾ ਵਾਲਿਆਂ ਦੇ ਸੁਰ ਵੀ ਅਕਾਲੀਆਂ ਪ੍ਰਤੀ ਕੁਝ ਨਰਮ ਪਏ ਨੇ ‘ਤੇ ਅੱਜ ਉਨ੍ਹਾਂ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਢਾ ਵੱਲੋਂ ਪ੍ਰਕਾਸ਼ ਸਿੰਘ ਬਾਦਲ ਨੂੰ ਉਨ੍ਹਾਂ ਦੇ ਘਰ ਜਾ ਕੇ ਮਿਲਣ ‘ਤੇ ਇਹ ਚਰਚਾਵਾਂ ਵੀ ਛਿੜ ਗਈਆਂ ਹਨ ਕਿ ਇਹ ਸਭ ਦਿੱਲੀ ਹਾਰ ਦਾ ਅਸਰ ਐ l ਪਰ ਬੀਜੇਪੀ ਆਗੂ ਇਨ੍ਹਾਂ ਚਰਚਾਵਾਂ ਨੂੰ ਇਹ ਕਹਿਕੇ ਠੱਲ ਪਾਉਂਦੇ ਨੇ ਕਿ ਨੱਢਾ ਤਾਂ ਆਪਣੇ ਪੁੱਤਰ ਦੇ ਵਿਆਹ ਦਾ ਕਾਰਡ ਦੇਣ ਆਏ ਸਨ l ਹੁਣ ਵੇਖਣਾ ਇਹ ਹੋਵੇਗਾ ਕਿ ਅਕਾਲੀ ਬਸਪਾ ਗੱਠਜੋੜ ਦੀ ਨਵੀਂ ਛਿੜੀ ਚਰਚਾ ਵਿੱਚ ਕਿੰਨੀ ਕੁ ਸੱਚਾਈ ਐ ‘ਤੇ ਜੇਕਰ ਇਹ ਸੱਚ ਐ ਤਾਂ ਦੱਸ ਦਈਏ ਕਿ ਸੱਚ ਨੂੰ ਜੇਕਰ ਸੌ ਪਰਦਿਆਂ ਵਿੱਚ ਵੀ ਰੱਖ ਦਈਏ ਤਾਂ ਵੀ ਉਸ ਨੂੰ ਬਾਹਰ ਆਉਣ ਤੋਂ ਕੋਈ ਨਈਂ ਰੋਕ ਸਕਦਾ l