ਫਿਰੋਜ਼ਪੁਰ : ਥਾਣਾ ਸਿਟੀ ਪੁਲਿਸ ਨੇ ਇੱਕ ਵਿਅਕਤੀ ਨੂੰ ਨੰਗਾ ਕਰ ਔਰਤ ਨਾਲ ਅਸ਼ਲੀਲ ਵੀਡੀਓ ਬਣਾ ਕੇ ਬਲੈਕਮੇਲ ਕਰਨ ਦੇ ਇਲਜ਼ਾਮ ਵਿੱਚ 7 ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ l ਵਿਅਕਤੀ ਨੂੰ ਨੰਗਾ ਕਰਨ ਵਾਲੇ ਤਿੰਨ ਮੁਲਜ਼ਮ ਖੁਦ ਨੂੰ ਪੰਜਾਬ ਪੁਲਿਸ ਦਾ ਮੁਲਾਜ਼ਿਮ ਦੱਸ ਰਹੇ ਸਨ l ਮੁਲਜ਼ਮਾਂ ਨੇ ਵਿਅਕਤੀ ਤੋਂ ਏਟੀਐਮ ਕਾਰਡ ਅਤੇ ਨਕਦੀ ਖੋਹ ਲਈ ਅਤੇ ਵੀਡੀਓ ਵਾਇਰਲ ਕਰਨ ਦੀ ਧਮਕੀ ਅਤੇ ਧਨਰਾਸ਼ੀ ਦੀ ਮੰਗ ਕਰ ਰਹੇ ਹਨ l ਘਟਨਾ ਸ਼ਹਿਰ ਦੀ ਹਾਊਂਸਿੰਗ ਬੋਰਡ ਕਲੋਨੀ ਦੇ ਇੱਕ ਘਰ ਵਿੱਚ ਹੋਈ ਹੈ l ਮਾਮਲੇ ਦੀ ਤਫਤੀਸ਼ ਕਰ ਰਹੇ ਏਐਸਆਈ ਸ਼ਰਮਾ ਸਿੰਘ ਦੇ ਮੁਤਾਬਿਕ ਪੀੜਿਤ ਅਮਰਜੀਤ ਸਿੰਘ ਨੇ ਪੁਲਿਸ ਨੂੰ ਦਿੱਤੇ ਬਿਆਨ ਵਿੱਚ ਕਿਹਾ ਕਿ ਕੁਝ ਦਿਨਾਂ ਪਹਿਲੇ ਫਿਰੋਜ਼ਪੁਰ ਸ਼ਹਿਰ ਵਿੱਚ ਇੱਕ ਔਰਤ ਦੇ ਨਾਲ ਉਸਦੀ ਜਾਨ ਪਹਿਚਾਣ ਹੋਈ ਸੀ l ਪੰਦਰਾਂ ਜਨਵਰੀ ਨੂੰ ਉਹ ਫਿਰੋਜ਼ਪੁਰ ਸ਼ਹਿਰ ਅਇਆ ਤਾਂ ਉਸ ਨੂੰ ਔਰਤ ਮਿਲੀ ਅਤੇ ਕਹਿਣ ਲੱਗੀ ਕਿ ਉਸ ਨੂੰ ਉਸਦੇ ਦੋਸਤ ਦੇ ਘਰ ਤੱਕ ਛੱਡ ਦੇਵੇ l ਉਸ ਨੇ ਔਰਤ ਨੂੰ ਹਾਊਸਿੰਗ ਬੋਰਡ ਕਲੋਨੀ ਵਿੱਚ ਉਸ ਦੇ ਦੋਸਤ ਦੇ ਘਰ ਛੱਡ ਦਿੱਤਾ l ਔਰਤ ਨੇ ਉਸ ਨੂੰ ਘਰ ਵਿੱਚ ਬੈਠਣ ਲਈ ਕਿਹਾ ਅਤੇ ਇੱਕ ਹੋਰ ਔਰਤ ਉਸਦੇ ਲਈ ਚਾਹ ਬਣਾਕੇ ਲੈ ਆਈ l ਅਮਰਜੀਤ ਚਾਹ ਪੀ ਰਿਹਾ ਸੀ ਕਿ ਤਿੰਨ ਵਿਅਕਤੀ ਉੰਥੇ ਆਏ, ਜਿਨ੍ਹਾਂ ਵਿੱਚੋਂ ਇੱਕ ਨੇ ਖਾਕੀ ਰੰਗ ਦੀ ਪੱਗ ਬੰਨ੍ਹੀ ਹੋਈ ਸੀ, ਤਿੰਨੇ ਖੁਦ ਨੂੰ ਪੰਜਾਬ ਪੁਲਿਸ ਦਾ ਮੁਲਾਜ਼ਮ ਦੱਸਣ ਲੱਗੇ l ਤਿੰਨਾਂ ਵਿਅਕਤੀਆਂ ਨੇ ਉਸ ਨੂੰ ਡਰਾ ਕੇ ਨੰਗਾ ਕਰ ਦਿੱਤਾ ਅਤੇ ਔਰਤ ਦੇ ਨਾਲ ਉਸਦਾ ਅਸ਼ਲੀਲ ਵੀਡੀਓ ਬਣਾਇਆ l ਵੀਡੀਓ ਬਣਾ ਕੇ ਉਸ ਨੂੰ ਬਲੈਕਮੇਲ ਕਰਨ ਲੱਗੇ ਅਤੇ ਉਸਦਾ ਪਰਸ ਖੋਹ ਲਿਆ l ਪਰਸ ਵਿੱਚ ਚਾਰ ਹਜ਼ਾਰ ਰੁਪਏ ਸਨ ਅਤੇ ਏਟੀਐਮ ਕਾਰਡ ਵੀ ਲੈ ਲਿਆ l ਇਹੀ ਨਹੀਂ ਮੁਲਜ਼ਮਾਂ ਨੇ ਉਸ ਦੇ ਏਟੀਐਮ ਕਾਰਡ ਤੋਂ 25 ਹਜ਼ਾਰ ਰੁਪਏ ਵੀ ਕਢਵਾ ਲਏ l ਮੁਲਜ਼ਮਾਂ ਨੇ ਉਸ ਤੋਂ ਖਾਲੀ ਕਾਗਜ਼ ‘ਤੇ ਦਸਤਖਤ ਵੀ ਕਰਵਾ ਲਏ l ਅਮਰਜੀਤ ਦਾ ਕਹਿਣਾ ਹੈ ਕਿ ਹੁਣ ਵੀ ਮੁਲਜ਼ਮ ਉਸ ਨੂੰ ਫੋਨ ਕਰਕੇ ਧਮਕੀ ਦਿੰਦੇ ਹਨ ਕਿ ਜੇਕਰ ਪੈਸੇ ਨਾ ਦਿੱਤੇ ਤਾਂ ਅਸ਼ਲੀਲ ਵੀਡੀਓ ਸ਼ੋਸ਼ਲ ਮੀਡੀਆ ‘ਤੇ ਵਾਇਰਲ ਕਰ ਦੇਣਗੇ l ਪੁਲਿਸ ਨੇ ਅਮਰਜੀਤ ਦੇ ਬਿਆਨ ‘ਤੇ ਮੁਲਜ਼ਮ ਦੋ ਔਰਤਾਂ, ਸੁਖਾ ਸਿੰਘ, ਅਮਨਦੀਪ, ਦੀਪੂ, ਟਿੰਕੂ ਨੂੰ ਨਾਮਜ਼ਦ ਕਰਕੇ ਇੱਕ ਹੋਰ ਦੇ ਖਿਲਾਫ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ l
