ਸ਼੍ਰੀ ਮਾਛੀਵਾੜਾ ਸਾਹਿਬ ; ਆਮ ਆਦਮੀ ਪਾਰਟੀ ਦੇ ਪੰਜਾਬ ਵਿਧਾਨ ਸਭਾ ਅੰਦਰ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਕਿਹਾ ਹੈ ਕਿ ਆਪ ਪਾਰਟੀ ਛੱਡ ਕੇ ਗਏ ਬਾਕੀ ਵਿਧਾਇਕਾਂ ਦੀ ਘਰ ਵਾਪਸੀ ਤਾਂ ਸੰਭਵ ਹੋ ਸਕਦੀ ਹੈ, ਪਰ ਸੁਖਪਾਲ ਸਿੰਘ ਖਹਿਰਾ ਲਈ ਪਾਰਟੀ ਵਿੱਚ ਕੋਈ ਜਗ੍ਹਾ ਨਹੀਂ ਹੈ l ਚੀਮਾ ਇਥੋਂ ਦੇ ਇਤਿਹਾਸਿਕ ਗੁਰਦੁਆਰਾ ਸ਼੍ਰੀ ਚਰਨ ਕੰਵਲ ਸਾਹਿਬ ਵਿਖੇ ਨਤਮਸਤਕ ਹੋਣ ਆਏ ਹੋਏ ਸਨ।
ਇਸ ਦੌਰਾਨ ਉਨ੍ਹਾਂ ਨੇ ਕੈਪਟਨ ਸਰਕਾਰ ਤੇ ਸਿੱਧੇ ਤੇ ਤਿੱਖੇ ਵਾਰ ਕੀਤੇ l ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਦੀ ਗਲਤ ਨੀਤੀਆਂ ਕਾਰਨ ਪੰਜਾਬ ਦੀਵਾਲੀਆ ਹੋਣ ਦੀ ਕਗਾਰ ‘ਤੇ ਹੈ l ਉਨ੍ਹਾਂ ਅਨੁਸਾਰ ਜਿੱਥੋਂ ਸਰਕਾਰ ਨੂੰ ਆਮਦਨ ਹੋਣੀ ਸੀ l ਉਹ ਕੰਮ ਸਰਕਾਰ ਨੇ ਆਪਣੇ ਚਹੇਤਿਆਂ ਦੇ ਹਵਾਲੇ ਕੀਤੇ ਹੋਏ ਹਨ l ਚੀਮਾ ਅਨੁਸਾਰ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਕੇਂਦਰ ਸਰਕਾਰ ਦੁਆਰਾ ਜੀਐਸਟੀ ਨਾ ਦਿੱਤੇ ਜਾਣ ਦਾ ਰੌਣਾ ਤਾਂ ਰੋ ਰਹੇ ਨੇ ਪਰ ਰਾਜ ਵਿੱਚ ਸ਼ਰਾਬ ਅਤੇ ਰੇਤਾ ਬਜਰੀ ਮਾਫ਼ੀਆ ਨੂੰ ਰੋਕਣ ਲਈ ਕੋਈ ਕਾਰਵਾਈ ਨਹੀਂ ਕਰ ਰਹੇ l ਇਸ ਤੋਂ ਸਾਫ਼ ਹੈ ਕਿ ਸਰਕਾਰ ਇਸ ਲੁੱਟ ਨੂੰ ਰੋਕਣ ਦੇ ਲਈ ਗੰਭੀਰ ਨਹੀਂ ਹੈ l ਉਨ੍ਹਾਂ ਕਿਹਾ ਕਿ ਜੇਕਰ ਇਨ੍ਹਾਂ ਮਾਫ਼ੀਆ ਦੇ ਸਖਤੀ ਨਾਲ ਨਕੇਲ ਪਾਈ ਜਾਵੇ ਤਾਂ ਸਰਕਾਰ ਦੇ ਖਜਾਨੇ ਨੂੰ ਆਸਾਨੀ ਨਾਲ ਭਰਿਆ ਜਾ ਸਕਦਾ ਹੈ l ਆਪ ਆਗੂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਦਾ ਨਹੀਂ, ਬਲਕਿ ਅਫ਼ਸ਼ਰਸ਼ਾਹੀ ਦਾ ਰਾਜ ਚੱਲ ਰਿਹਾ ਹੈ l ਚੀਮਾ ਨੇ ਕਿਹਾ ਕਿ ਸਰਕਾਰੀ ਦਫ਼ਤਰਾਂ ਵਿੱਚ ਲੋਕਾਂ ਦੀ ਕੋਈ ਸੁਣਵਾਈ ਨਹੀਂ ਹੈ ਤੇ ਕੈਪਟਨ ਸਰਕਾਰ ਫ਼ਲਾਪ ਹੋ ਗਈ ਹੈ l