ਨਵੀਂ ਦਿੱਲੀ : ਕੋਰੋਨਾ ਵਾਇਰਸ ਨੂੰ ਲੈ ਕੇ ਦੁਨੀਆਂ ਦੇ ਸ਼ੱਕ ਦਾ ਘੇਰਾ ਚੀਨ ਦੇ ਦੁਆਲੇ ਲਗਾਤਾਰ ਸਖ਼ਤ ਹੁੰਦਾ ਜਾ ਰਿਹਾ ਹੈ।ਇਸ ਦੀ ਇੱਕ ਹੋਰ ਉਦਾਹਰਣ ਉਸ ਵੇਲੇ ਮਿਲੀ ਜਦੋਂ ਕੋਰੋਨਾ ਵਾਇਰਸ ਦੇ ਚੀਨ ਅੰਦਰ ਦਾਖਲੇ ਦੀ ਅੰਤਰਰਾਸ਼ਟਰੀ ਪੱਧਰ ਦੀ ਸਵਤੰਤਰ ਜਾਂਚ ਨੂੰ ਚੀਨ ਨੇ ਇੱਕ ਝਟਕੇ ਵਿੱਚ ਠੁਕਰਾ ਦਿੱਤਾ।ਚੀਨ ਦੇ ਬਰਤਾਨੀਆ ਸਥਿਤ ਡਿਪਲੋਮੈਟ ਚੇਨ ਵੇਨ ਨੇ ਇਸ ਮੰਗ ਨੂੰ ਸਿਆਸਤ ਤੋਂ ਪ੍ਰੇਰਿਤ ਦੱਸ ਕੇ ਕੁਝ ਹੋਰ ਹੀ ਭੰਬਲਭੂਸਾ ਖੜਾ ਕਰ ਦਿੱਤਾ।ਚੇਨਵੇਨ ਅਨੁਸਾਰ ਇਹ ਸਾਰਾ ਕੁਝ ਕੋਰੋਨਾ ਮਹਾਂਮਾਰੀ ਵਿਰੁੱਧ ਚੀਨ ਵੱਲੋਂ ਲੜੀ ਜਾ ਰਹੀ ਲੜਾਈ ਤੋਂ ਧਿਆਨ ਹਟਾਉਣ ਲਈ ਕੀਤਾ ਜਾ ਰਿਹਾ ਹੈ।
ਦੱਸ ਦਈਏ ਕਿ ਕੋਵਿਡ-19 ਯਾਨੀ ਕੋਰੋਨਾ ਵਾਇਰਸ ਦਾ ਪਹਿਲਾ ਮਰੀਜ਼ ਦਸੰਬਰ 2019 ਦੌਰਾਨ ਚੀਨ ਦੇ ਵੂਹਾਨ ਸ਼ਹਿਰ ‘ਚੋਂ ਹੀ ਮਿਲਿਆ ਸੀ ਤੇ ਹੁਣ ਦੁਨੀਆਂ ਭਰ ਦੇ ਮੁਲਕ ਅਮਰੀਕਾ ਦੀ ਅਗਵਾਈ ਵਿੱਚ ਇਹ ਮੰਗ ਕਰ ਰਹੇ ਨੇ ਕਿ ਚੀਨ ਇਸ ਗੱਲ ਦੀ ਸਵਤੰਤਰ ਜਾਂਚ ਕਰਵਾਵੇ ਕਿ ਆਖਰ ਇਹ ਬੀਮਾਰੀ ਚੀਨ ਵਿੱਚ ਆਈ ਕਿੱਥੋਂ।ਯੂਰੋਪੀਅਨ ਯੂਨੀਅਨ ਦੀ ਇੱਕ ਰਿਪੋਰਟ ਵਿੱਚ ਤਾਂ ਚੀਨ ਉੱਤੇ ਇੱਥੋਂ ਤੱਕ ਦੋਸ਼ ਲਾਏ ਗਏ ਹਨ ਕਿ ਚੀਨ ਕੋਵਿਡ-19 ਬਾਰੇ ਸਹੀ ਜਾਣਕਾਰੀਆਂ ਦੇ ਹੀ ਨੀ ਰਿਹਾ।ਇਸ ਤੋਂ ਇਲਾਵਾ ਅਮਰੀਕੀ ਰਾਸ਼ਟਰਪਤੀ ਟਰੰਪ ਤਾਂ ਕੋਰੋਨਾ ਮਹਾਂਮਾਰੀ ਨੂੰ ਲੈ ਕੇ ਚੀਨ ਉੱਤੇ ਕਈ ਵਾਰ ਸ਼ਬਦੀ ਵਾਰ ਕਰ ਚੁੱਕੇ ਹਨ।ਰਿਪੋਰਟਾਂ ਅਨੁਸਾਰ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਇਸ ਗੱਲ ਨੂੰ ਵਾਰ ਵਾਰ ਦੁਹਰਾ ਰਹੇ ਹਨ ਕਿ ਉਹ ਆਪਣੀ ਜਾਂਚ ਟੀਮ ਚੀਨ ਭੇਜਣਾ ਚਾਹੁੰਦੇ ਹਨ।
ਦੂਜੇ ਪਾਸੇ ਸੰਯੁਕਤ ਰਾਸ਼ਟਰ ਦੇ ਇੱਕ ਆਗੂ ਮਾਈਕ ਪੋਂਪੀਓ ਨੇ ਦਾਅਵਾ ਕੀਤਾ ਹੈ ਕਿ ਅਮਰੀਕਾ ਵਿਸ਼ਵ ਦੇ ਦੇਸ਼ਾਂ ਨੂੰ ਇਹ ਯਕੀਨ ਦਿਵਾਉਣ ਵਿੱਚ ਲੱਗਿਅਆ ਹੋਇਆ ਹੈ ਕਿ ਕੋਰੋਨਾ ਦੀ ਸ਼ੁਰੂਆਤ ਚੀਨ ਦੇ ਵੁਹਾਨ ਸ਼ਹਿਰ ਵਿੱਚ ਹੋਈ ਸੀ।ਲਿਹਾਜ਼ਾ ਚੀਨ ਹੁਣ ਦੁਨੀਆਂ ਨੂੰ ਇਹ ਦੱਸੇ ਕਿ ਇਹ ਬੀਮਾਰੀ ਆਖਰ ਉੱਥੇ ਆਈ ਕਿਵੇਂ ? ਪੋਂਪੀਓ ਅਨੁਸਾਰ ਅਮਰੀਕਾ ਅੰਦਰ ਕੋਰੋਨਾ ਵਾਇਰਸ ਨਾਲ ਹੋਈਆਂ ਮੌਤਾਂ ਅਤੇ ਉੱਥੇ ਦੇ ਆਰਥਿਕ ਨੁਕਸਾਨ ਲਈ ਆਖਰਕਾਰ ਕਿਸੇ ਨਾ ਕਿਸੇ ਨੂੰ ਤਾਂ ਜਿ਼ੰਮੇਵਾਰ ਠਹਿਰਾਉਣਾ ਹੀ ਹੋਵੇਗਾ।ਉਨ੍ਹਾਂ ਦਾ ਦੋਸ਼ ਹੈ ਕਿ ਚੀਨ ਨੂੰ ਇਸ ਮਹਾਂਮਾਰੀ ਬਾਰੇ ਪੂਰੀ ਜਾਣਕਾਰੀ ਸੀ ਪਰ ਉਸ ਨੇ ਸਮਾਂ ਰਹਿੰਦਿਆਂ ਦੁਨੀਆਂ ਨੂੰ ਇਸ ਤੋਂ ਜਾਣੂ ਨਹੀਂ ਕਰਵਾਇਆ।