ਪੈਰਿਸ : ਅਮਰੀਕਾ ਤੋਂ ਬਾਅਦ ਕੋਰੋਨਾ ਮਹਾਂਮਾਰੀ ਨੂੰ ਲੈ ਕੇ ਚੀਨ ਖਿਲਾਫ ਫਰਾਂਸ ਅੰਦਰ ਵੀ ਸਵਾਲਾਂ ਦੀ ਅੱਗ ਸੁਲਗਣ ਲੱਗ ਪਈ ਹੈ।ਫਰਾਂਸਿਸ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨੇ ਤਾਂ ਇੱਥੋਂ ਤੱਕ ਸਵਾਲ ਚੁੱਕ ਦਿੱਤੇ ਹਨ ਕਿ ਕੁਝ ਅਜਿਹੀਆਂ ਘਟਨਾਵਾਂ ਹੋ ਰਹੀਆਂ ਹਨ, ਜਿਸ ਬਾਰੇ ਸਾਨੂੰ ਪਤਾ ਨਹੀਂ ਲੱਗ ਰਿਹਾ।ਮੈਕਰੋਂ ਬਰਤਾਨਵੀ ਅਖਬਾਰ ਫਾਈਨੈਂਸ਼ੀਅਲ ਟਾਈਮਜ਼ ਨੂੰ ਇੰਟਰਵਿਊ ਦੇ ਰਹੇ ਸਨ।ਦੱਸ ਦਈਏ ਕਿ ਫਰਾਂਸ ਅੰਦਰ ਕੋਰੋਨਾ ਨਾਲ ਹੁਣ ਤੱਕ ਲਗਭਗ ਡੇਢ ਲੱਖ ਲੋਕਾਂ ਨੂੰ ਇਨਫੈਕਸ਼ਲ ਹੋਈ ਹੈ ਤੇ ਅਠਾਰਾਂ ਹਜ਼ਾਰ ਦੇ ਕਰੀਬ ਲੋਕ ਮਾਰੇ ਗਏ ਹਨ।
ਬਰਤਾਨਵੀ ਅਖਬਾਰ ਦੇ ਪੱਤਰਕਾਰ ਵੱਲੋਂ ਕੀਤੇ ਗਏ ਇੱਕ ਸਵਾਲ ਦੇ ਜਵਾਬ ਵਿੱਚ ਮੈਕਰੋਂ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਚੀਨ ਅੰਦਰ ਸੱਚ ਨੂੰ ਦਬਾਇਆ ਜਾਂਦਾ ਹੈ, ਲਿਹਾਜ਼ਾ ਉੱਥੋਂ ਦੇ ਲੋਕਾਂ ਦੀ ਤੁਲਨਾ ਫਰਾਂਸਿਸ ਸਰਕਾਰਾਂ ਨਾਲ ਨਹੀਂ ਕੀਤੀ ਜਾ ਸਕਦੀ।ਉਨ੍ਹਾਂ ਨੇ ਕਿਹਾ ਕਿ ਸਾਰਾ ਕੁਝ ਸਾਹਮਣੇ ਵਾਪਰ ਰਿਹਾ ਹੈ ਪਰ ਇਸ ਬਾਰੇ ਉਨ੍ਹਾਂ ਨੂੰ ਕੁਝ ਪਤਾ ਨਹੀਂ ਲੱਗ ਰਿਹਾ।ਮੈਕਰੋਂ ਅਨੁਸਾਰ ਏਸ ਵੇਲੇ ਪੱਛਮੀ ਦੇਸ਼ਾਂ ਨੂੰ ਇਸ ਮਹਾਂਮਾਰੀ ਖਿਲਾਫ ਲੜਨ ਲਈ ਇੱਕਜੁੱਟ ਹੋਣਾ ਪਵੇਗਾ।
ਦੱਸ ਦਈਏ ਕਿ ਫਰਾਂਸ ਤੋਂ ਪਹਿਲਾਂ ਅਮਰੀਕਾ ਅਤੇ ਬਰਤਾਨੀਆਂ ਵੱਲੋਂ ਵੀ ਕੋਰੋਨਾ ਵਾਇਰਸ ਨੂੰ ਲੈ ਕੇ ਚੀਨ ਦੀ ਨਿੰਦਾ ਕੀਤੀ ਜਾ ਚੁੱਕੀ ਹੈ।ਬਰਤਾਨਵੀ ਵਿਦੇਸ਼ ਮੰਤਰੀ ਡੋਮੋਨਿਕ ਰਾਬ ਨੇ ਤਾਂ ਇੱਥੋਂ ਤੱਕ ਮੰਗ ਕਰ ਦਿੱਤੀ ਹੈ ਕਿ ਇਹ ਜਾਂਚ ਹੋਣੀ ਚਾਹੀਦੀ ਹੈ ਕਿ ਆਖਰ ਕੋਰੋਨਾ ਵਾਇਰਸ ਦੀ ਸ਼ੁਰੂਆਤ ਕਿਵੇਂ ਹੋਈ ਤੇ ਇਸ ਨੂੰ ਸਮਾਂ ਰਹਿੰਦਿਆਂ ਕਿਉਂ ਨਹੀਂ ਕਾਬੂ ਕੀਤਾ ਜਾ ਸਕਿਆ।ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਤਾਂ ਇਸ ਮਹਾਂਮਾਰੀ ਨੂੰ ਲੈ ਕੇ ਵਿਸ਼ਵ ਸਿਹਤ ਸੰਗਠਨ ਡਬਲਿਊਐਚਓ ਉੱਤੇ ਵੀ ਕਈ ਸਵਾਲ ਖੜੇ ਕਰਦਿਆਂ ਉਸ ਸੰਸਥਾ ਦੀ ਫੈਸਲਾ ਲੈਣ ਸੰਬੰਧੀ ਅਪਣਾਈ ਗਈ ਪ੍ਰਿਿਕਰਿਆ ਦੀ ਜਾਂਚ ਕਰਵਾਉਣ ਦੀ ਵੀ ਮੰਗ ਕਰਦਿਆਂ ਡਬਲਿਊਐਚਓ ਨੂੰ ਅਮਰੀਕੀ ਮਦਦ ਤੱਕ ਰੋਕ ਦੇਣ ਦੀ ਗੱਲ ਆਖ ਦਿੱਤੀ ਹੈ।