ਅੰਮ੍ਰਿਤਸਰ : ਹਥਿਆਰਬੰਦ ਲੁਟੇਰੇ ਅੰਮ੍ਰਿਤਸਰ ਫਤਹਿਗੜ ਚੂੜੀਆਂ ਰੋਡ ਸਥਿਤ ਪਿੰਡ ਸੋਹਿਆਂ ਕਲਾਂ ਵਿੱਚ ਇੰਡਸਇੰਡ ਬੈਂਕ ਦੀ ਇੱਕ ਬ੍ਰਾਂਚ ਤੋਂ 10 ਲੱਖ 92 ਹਜ਼ਾਰ 200 ਰੁਪਏ ਲੁੱਟ ਕੇ ਫਰਾਰ ਹੋ ਗਏ। ਵਾਰਦਾਤ ਮੰਗਲਵਾਰ ਦੁਪਹਿਰ 1 ਵਜੇ ਕੀਤੀ ਗਈ। ਜਾਣਕਾਰੀ ਮਿਲਦੇ ਹੀ ਮਜੀਠਾ ਥਾਣਾ ਦੀ ਪੁਲਿਸ ਬੈਂਕ ਪਹੁੰਚੀ। ਪੁਲਿਸ ਨੇ ਆਲੇ ਦੁਆਲੇ ਦੇ ਇਲਾਕੇ ਸੀਲ ਕਰਕੇ ਲੁਟੇਰਿਆਂ ਦੀ ਤਲਾਸ਼ ਵਿੱਚ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।
ਬੈਂਕ ਵਿੱਚ ਮੈਨਜਰ ਸਮੇਤ ਕੁੱਲ 4 ਮੁਲਾਜ਼ਮ ਤਾਇਨਾਤ ਹਨ।ਘਟਨਾ ਮੌਕੇ 2 ਮੁਲਾਜ਼ਮ ਫੀਲਡ ਵਿੱਚ ਬੈਂਕ ਖਾਤੇ ਖੋਲਣ ਲਈ ਗਏ ਸਨ। ਦੱਸ ਦਈਏ ਕਿ ਬੈਂਕ ਦੇ ਕੋਲ ਹੀ ਸ਼ਰਾਬ ਦਾ ਠੇਕਾ ਵੀ ਹੈ। ਬੈਂਕ ਸ਼ਾਖਾ ਵਿੱਚ ਕੋਈ ਵੀ ਸੁਰੱਖਿਆ ਮੁਲਾਜ਼ਮ ਤੈਨਾਤ ਨਹੀਂ ਸੀ ਅਤੇ ਨਾ ਹੀ ਸੀਸੀਟੀਵੀ ਕੈਮਰੇ ਲਗੇ ਹੋਏ ਸਨ।ਬੈੰਕ ਮੈਨਜਰ ਕਰਨ ਸ਼ਰਮਾ ਦੇ ਦੱਸਣ ਅਨੁਸਾਰ ਜਦ ਉਹ ਦਰਜਾ ਚਾਰ ਮੁਲਾਜ਼ਮ ਲਵਪ੍ਰੀਤ ਨਾਲ ਬੈਂਕ ਦਾ ਕੰਮ ਕਰ ਰਹੇ ਸਨ, ਤਾਂ ਉਸ ਸਮੇਂ 3 ਲੁਟੇਰੇ ਹਥਿਆਰਾਂ ਸਮੇਤ ਬੈਂਕ ਅੰਦਰ ਦਾਖ਼ਲ ਹੋਏ।
ਲੁਟੇਰਿਆਂ ਨੇ ਪਿਸਤੌਲ ਦੀ ਨੋਕ ਤੇ ਉਹਨਾਂ ਨੂੰ ਰੱਸੀ ਨਾਲ ਬੰਨ੍ਹ ਦਿੱਤਾ ਤੇ ਬਾਅਦ ਚ ਕੈਸ਼ ਕਾਉੰਟਰ ਤੋਂ ਨਕਦੀ ਲੈ ਕੇ ਬੈਂਕ ਦੇ ਬਾਹਰ ਖੜੀ ਚਿਟੇ ਰੰਗ ਦੀ ਕਾਰ ਵਿੱਚ ਫਰਾਰ ਹੋ ਗਏ। ਲੁਟੇਰਿਆਂ ਦੇ ਜਾਣਮਗਰੋਂ ਉਨ੍ਹਾਂ ਨੇ ਰੌਲਾ ਪਾਇਆ। ਰੌਲਾ ਸੁਣ ਕੇ ਸ਼ਰਾਬ ਠੇਕੇ ਦੇ ਕਰਮਚਾਰੀਆਂ ਨੇ ਉਹਨਾਂ ਦੀ ਰੱਸੀਆਂ ਖੋਲੀਆਂ।
ਥਾਣਾ ਮਜੀਠਾ ਦੇ ਇੰਚਾਰਜ ਕਪਿਲ ਸ਼ਰਮਾ ਦਾ ਕਹਿਣਾ ਹੈ ਕਿ ਬੈਂਕ ਬ੍ਰਾਂਚ ਚੋਂ ਪੋਣੇ 2 ਵਜੇ ਉਨ੍ਹਾਂ ਨੂੰ ਫੋਨ ਆਇਆ ਸੀ। ਜਿਸ ‘ਤੇ ਮੁਲਾਜ਼ਮਾਂ ਨੇ ਦਸਿਆ ਕਿ ਗਨ ਪੁਆਇੰਟ ਤੇ 3 ਲੁਟੇਰੇ ਬੈਂਕ ਤੋਂ ਕੈਸ਼ ਲੁੱਟ ਕੇ ਲੈ ਗਏ।ਉਹਨਾਂ ਨੇ ਬੈਂਕ ਮੈਨੇਜਰ ਦੇ ਬਿਆਨ ਤੇ ਮਾਮਲਾ ਦਰਜ ਕਰ ਲਿਆ ਹੈ,ਜਾਂਚ ਜਾਰੀ ਹੈ।ਜੇਕਰ ਸੁਰੱਖਿਆ ਦੇ ਮਾਪਦੰਡਾਂ ਤੇ ਬੈਂਕ ਖਰਾ ਨਾ ਉਤਰਿਆ ਤਾਂ ਉਸਦੇ ਵਿਰੁੱਧ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
