ਲੁਧਿਆਣਾ : ਨਸ਼ਾ ਭਾਵੇਂ ਕਿਸੇ ਵੀ ਚੀਜ਼ ਦਾ ਹੋਵੇ ਸਰੀਰ ਵਿੱਚ ਜਾਂਦਿਆਂ ਹੀ ਉਹ ਕੀ ਇਨਸਾਨ ਤੇ ਕੀ ਜਾਨਵਰ ਸਾਰਿਆਂ ਦੀ ਮੱਤ ਤਾਂ ਮਾਰ ਹੀ ਦਿੰਦਾ ਫੇਰ ਇਸ ਨਸ਼ੇ ‘ਚ ਕੁਝ ਲੋਕ ਜ਼ੁਰਮ ਕਰ ਬੈਠਦੇ ਨੇ ਤੇ ਕੁਝ ਨੂੰ ਆਪਣੀ ਜਾਨ ਗਵਾਉਣੀ ਪੈਂਦੀ ਹੈ ਤੇ ਇਹੋ ਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਲੁਧਿਆਣਾ ਦੇ ਢੋਲੇਵਾਲ ਪੁੱਲ ਥੱਲੇ ਬਣੇ ਰੇਲਵੇ ਟਰੈਕ ਤੇ ਜਿੱਥੇ ਸ਼ਰਾਬ ਦੇ ਨਸ਼ੇ ‘ਚ ਟੁੰਨ ਤਿੰਨ ਦੋਸਤ ਘੁੰਮਦੇ ਘੁੰਮਦੇ ਰੇਲਵੇ ਟਰੈਕ ਵੱਲ ਜਾ ਪਹੁੰਚੇ l ਜਿੱਥੇ ਉਨ੍ਹਾਂ ਤਿੰਨਾਂ ਵਿੱਚੋਂ ਨਸ਼ੇ ਨੇ ਇੱਕ ਦੀ ਅਜਿਹੀ ਮੱਤ ਮਾਰੀ ਕਿ ਉਸ ਉੱਤੇ ਆਪਣੀ ਜਾਨ ਦੇਣ ਦਾ ਭੂਤ ਸਵਾਰ ਹੋ ਗਿਆ ਤੇ ਇਹ ਭੂਤ ਉਸ ਨੂੰ ਘੜੀਸ ਘੜੀਸ ਉਸ ਰੇਲਵੇ ਲਾਈਨ ਵੱਲ ਲਿਜਾਉਣ ਲੱਗਾ ਜਿੱਥੋਂ ਹਰ ਥੋੜ੍ਹੀ ਦੇਰ ਬਾਅਦ ਰੇਲਗੱਡੀ ਗੁਜ਼ਰ ਰਹੀ ਸੀ ਤੇ ਇਸ ਗੱਲ ਦਾ ਅਹਿਸਾਸ ਆਤਮਹੱਤਿਆ ਦੀ ਸੋਚ ਧਾਰੀ ਬੈਠੇ ਉਸ ਬੰਦੇ ਨੂੰ ਛੱਡ ਕੇ ਬਾਕੀ ਦੋਵਾਂ ਦੋਸਤਾਂ ਨੂੰ ਭਲੀਭਾਂਤ ਸੀ ਜਿਨ੍ਹਾਂ ਨੇ ਆਪਣੇ ਉਸ ਦੋਸਤ ਨੂੰ ਖਿੱਚ ਖਿੱਚ ਰੇਲਵੇ ਟਰੈਕ ਤੋਂ ਪਰਾਂ ਹਟਾਉਣਾ ਸ਼ੁਰੂ ਕਰ ਦਿੱਤਾ l ਜਿੱਥੇ ਉਹ ਆਪਣੀ ਜਾਨ ਦੇਣਾ ਚਾਹੁੰਦਾ ਸੀ l ਪ੍ਰਤੱਖਦਰਸ਼ੀਆਂ ਅਨੁਸਾਰ ਇਸ ਦੌਰਾਨ ਉਸ ਰੇਲਵੇ ਟਰੈਕ ਤੇ ਦਿੱਲੀ ਵੱਲੋਂ ਆ ਰਹੀ ਇੱਕ ਤੇਜ਼ ਰਫਤਾਰ ਰੇਲਗੱਡੀ ਉਸ ਥਾਂ ਵੱਲ ਤੇਜ਼ੀ ਨਾਲ ਵੱਧਣ ਲੱਗੀ l ਜਿੱਥੇ ਇਨ੍ਹਾਂ ਤਿੰਨੇ ਦੋਸਤਾਂ ਦਾ ਮੌਤ ਨਾਲ ਖੇਡਣ ਵਾਲਾ ਖਤਰਨਾਕ ਖੇਡ ਚੱਲ ਰਿਹਾ ਸੀ l ਮੌਕੇ ਤੇ ਮੌਜੂਦ ਲੋਕਾਂ ਅਨੁਸਾਰ ਇਸ ਦੌਰਾਨ ਆਪਣੇ ਦੋਸਤ ਨੂੰ ਆਤਮਹੱਤਿਆ ਕਰਨ ਤੋਂ ਬਚਾਉਣ ਦੇ ਚੱਕਰ ਵਿੱਚ ਉਨ੍ਹਾਂ ਤਿੰਨਾਂ ਵਿੱਚੋਂ ਇੱਕ ਰੇਲ ਦੀ ਚਪੇਟ ਵਿੱਚ ਆ ਗਿਆ l ਜਿਸ ਨੇ ਉਸ ਨੂੰ ਸਦਾ ਲਈ ਮੌਤ ਦੀ ਨੀਂਦ ਸਵਾ ਦਿੱਤਾ l ਇੱਕੇ ਹੀ ਬਸ ਨਹੀਂ ਇਸ ਹਾਦਸੇ ਵਿੱਚ ਦੂਜਾ ਦੋਸਤ ਜ਼ਖ਼ਮੀ ਹੋ ਗਿਆ l ਪਰ ਕੁਦਰਤ ਦਾ ਖੇਡ ਦੇਖੋ ਕਿ ਜਿਹੜਾ ਦੋਸਤ ਗੱਡੀ ਥੱਲੇ ਆ ਕੇ ਆਪਣੀ ਜਾਨ ਦੇਣਾ ਚਾਹੁੰਦਾ ਸੀ ਉਸ ਦਾ ਕੁਝ ਵੀ ਨਈਂ ਵਿਗੜਿਆ l
ਇਸ ਸੰਬੰਧ ਵਿੱਚ ਥਾਣਾ ਜੀਆਰਪੀ ਦੇ ਮੁਖੀ ਬਲਬੀਰ ਸਿੰਘ ਨੇ ਦੱਸਿਆ ਕਿ ਮਰਨ ਵਾਲੇ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ l ਹਾਂ ਇੰਨਾ ਜ਼ਰੂਰ ਐ ਕਿ ਤਿੰਨਾਂ ਵਿੱਚੋਂ ਜਿਹੜਾ ਦੋਸਤ ਜ਼ਖ਼ਮੀ ਹੋਇਆ ਤੇ ਉਹ ਬਸਤੀ ਜੋਧੇਵਾਲ ਦਾ ਰਹਿਣ ਵਾਲਾ ਦੱਸਿਆ ਜਾਂਦਾ l ਬਲਬੀਰ ਸਿੰਘ ਅਨੁਸਰ ਜ਼ਖ਼ਮੀ ਨੂੰ ਹੋਸ਼ ਆਉਣ ਤੋਂ ਬਾਅਦ ਉਸ ਦੇ ਬਿਆਨ ਦਰਜ ਕੀਤੇ ਜਾਣਗੇ ਤਾਂ ਹੀ ਜਾ ਕੇ ਅੱਗੇ ਸਾਰਾ ਮਾਮਲਾ ਸਾਫ ਹੋ ਪਾਏਗਾ l
