ਆਹ ਹਰਪਾਲ ਚੀਮਾਂ ਨੇ ਕੱਛ ਚੋਂ ਕੱਢ ਮਾਰਿਆ ਮੁੰਗਲਾ ?ਆਖ਼ਰ ਓਹੀਓ ਹੋਇਆ ਜਿਸਦਾ ਡਰ ਸੀ, ਪਟਿਆਲਾ ਪੁਲਿਸ ਦੀ ਕਾਰਵਾਈ ਮਗਰੋਂ, ਕੋਰੋਨਾ ਨੇ ਦੱਬ ਰੱਖੀ ਸਿਆਸਤ ਇੱਕ ਝਟਕੇ ‘ਚ ਮੁੜ ਸਰਗਰਮ ਹੋਈ
ਪਟਿਆਲਾ:- ਬੀਤੀ ਕੱਲ੍ਹ ਪਟਿਆਲਾ ਪੁਲਿਸ ਨੇ ਰਾਜਪੁਰਾ ਦੇ ਪਿੰਡ ਗੰਡਿਆਂ ਚੋਂ ਇੱਕ ਨਜਾਇਜ਼ ਸ਼ਰਾਬ ਦੀ ਫੈਕਟਰੀ ਫੜ ਲੈਣ ਮਗਰੋਂ ਪੰਜਾਬ ਦੀ ਉਹ ਸਿਆਸਤ ਇੱਕ ਝਟਕੇ ਨਾਲ ਮੁੜ ਸਰਗਰਮ ਹੋ ਗਈ ਹੈ ਜਿਹੜੀ ਪਿਛਲੇ ਦੋ ਮਹੀਨਿਆਂ ਤੋਂ ਕੋਰੋਨਾ ਮਹਾਂਮਾਰੀ ਨੇ ਦੱਬ ਰੱਖੀ ਸੀ। ਅੱਜ ਜਿੱਥੇ ਆਮ ਆਦਮੀ ਪਾਰਟੀ ਦੇ ਪੰਜਾਬ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਨੇ ਐਸਐਸਪੀ ਪਟਿਆਲਾ ਨੂੰ ਮਿਲਕੇ ਇਸ ਸਬੰਧੀ ਉੱਚ ਪੱਧਰੀ ਜਾਂਚ ਕੀਤੇ ਜਾਣ ਦੀ ਮੰਗ ਕੀਤੀ ਉਥੇ ਉਨ੍ਹਾਂ ਨੇ ਐਸਐਸਪੀ ਦਫਤਰ ‘ਚੋਂ ਬਾਹਰ ਨਿਕਲ ਕੇ ਪੱਤਰਕਾਰਾਂ ਅੱਗੇ ਕੁਝ ਅਜਿਹੀਆਂ ਤਸਵੀਰਾਂ ਪੇਸ਼ ਕੀਤੀਆਂ ਜਿਸ ਵਿੱਚ ਚੀਮਾਂ ਅਨੁਸਾਰ ਇਸ ਮਾਮਲੇ ਦਾ ਮੁਖ ਕਥਿਤ ਨਜਾਇਜ਼ ਸ਼ਰਾਬ ਕਾਰੋਬਾਰੀ ਅਮਰੀਕ ਸਿੰਘ ਪਟਿਆਲਾ ਤੋਂ ਲੋਕ ਸਭਾ ਮੈਂਬਰ ਪਰਨੀਤ ਕੌਰ, ਹਲਕਾ ਘਨੌਰ ਦੇ ਵਿਧਾਇਕ ਮਦਨ ਲਾਲ ਜਲਾਲਪੁਰ ਤੋਂ ਇਲਾਵਾ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨਾਲ ਖੜ੍ਹਾ ਦਿਖਾਈ ਦੇ ਰਿਹਾ ਹੈ।
ਹਰਪਾਲ ਚੀਮਾਂ ਨੇ ਇਸ ਮੌਕੇ ਦੋਸ਼ ਲਾਇਆ ਕਿ ਜਿਸ ਤਰ੍ਹਾਂ ਪਹਿਲਾਂ ਪਿਛਲੀ ਅਕਾਲੀ ਭਾਜਪਾ ਸਰਕਾਰ ਵੇਲੇ ਸੁਖਬੀਰ ਸਿੰਘ ਬਾਦਲ ਪੰਜਾਬ ਚ ਡਰੱਗ ਮਾਫੀਆ ਚਲਾ ਰਹੇ ਸੀ ਉਸੇ ਤਰ੍ਹਾਂ ਹੁਣ ਕੈਪਟਨ ਅਮਰਿੰਦਰ ਸਿੰਘ ਵੀ ਪੰਜਾਬ ਵਿੱਚ ਸ਼ਰਾਬ ਅਤੇ ਡਰੱਗ ਮਾਫੀਆ ਚਲਾ ਰਹੇ ਨੇ ਇਹ ਇਸ ਗੱਲ ਦਾ ਸਬੂਤ ਐ। ਇਸ ਤੋਂ ਇਲਾਵਾ ਚੀਮਾਂ ਨੇ ਇੱਕ ਹੋਰ ਤਸਵੀਰ ਰੂਪੀ ਪੋਸਟਰ ਦਿਖਾਉਂਦੀਆਂ ਕਿਹਾ ਕਿ ਅਮਰੀਕ ਸਿੰਘ ਦੀ ਧਰਮ ਪਤਨੀ ਨੇ ਜ਼ੋਨ ਸਿਹਰਾ ਤੋਂ ਕਾਂਗਰਸ ਪਾਰਟੀ ਦੀ ਟਿਕਟ ‘ਤੇ ਚੋਣ ਲੜੀ ਹੈ, ਜਿਹੜੀਆਂ ਸਾਰੀਆਂ ਗੱਲਾਂ ਇਹ ਸਾਬਤ ਕਰਦੀਆਂ ਹਨ ਕਿ ਪੰਜਾਬ ਵਿਚ ਕੈਪਟਨ ਅਮਰਿੰਦਰ ਸਿੰਘ ਤੇ ਉਨ੍ਹਾਂ ਦਾ ਪਰਿਵਾਰ ਸ਼ਰਾਬ ਮਾਫੀਆ ਤੇ ਡਰੱਗ ਮਾਫੀਆ ਚਲਾਕੇ ਪੰਜਾਬ ਨੂੰ ਲੁੱਟ ਰਹੇ ਨੇ। ਉਨ੍ਹਾਂ ਕਿਹਾ ਕਿ ਇਸ ਗੱਲ ਦੀ ਗਵਾਹੀ ਪੰਜਾਬ ਦੇ ਉਹ ਵਿਧਾਇਕ ਤੇ ਮੰਤਰੀ ਵੀ ਭਰਦੇ ਨੇ ਜੋ ਆਪਸ ਵਿਚ ਲੜ ਰਹੇ ਨੇ। ਉਨ੍ਹਾਂ ਕਿਹਾ ਕਿ ਇਹ ਲੜਾਈ ਇਸ ਕਾਰਨ ਹੋ ਰਹਿ ਸੀ ਕਿਉਂਕਿ ਤਾਲਾਬੰਦੀ ਦੇ ਦੌਰਾਨ ਪੰਜਾਬ ਦੇ ਬਾਕੀ ਹੋਰ ਮਾਫੀਆ ਦੀ ਕਮਾਈ ਘੱਟ ਗਈ ਸੀ ਤੇ ਹੁਣ ਸਾਰੀਆਂ ਦਾ ਧਿਆਨ ਸਿਰਫ ਤੇ ਸਿਰਫ ਸ਼ਰਾਬ ਦੇ ਧੰਦੇ ‘ਤੇ ਆ ਟਿਕਿਆ ਸੀ। ਉਨ੍ਹਾਂ ਕਿਹਾ ਕਿ ਉਹ ਐਸਐਸਪੀ ਮਨਦੀਪ ਸਿੰਘ ਸਿੱਧੂ ਹੋਰਾਂ ਨੂੰ ਮਿਲਕੇ ਆਏ ਨੇ ਤੇ ਉਨ੍ਹਾਂ ਨੇ ਇਹ ਮੰਗ ਕੀਤੀ ਹੈ ਕਿ ਜਿਹੜੇ ਲੋਕ ਇਨ੍ਹਾਂ ਤਸਵੀਰਾਂ ‘ਚ ਨਜ਼ਰ ਆ ਰਹੇ ਨੇ ਉਨ੍ਹਾਂ ਤੇ ਕਾਰਵਾਈ ਕਰੋ ਤੇ ਜਾਂਚ ਨੂੰ ਤੁਰਨ ਸਹੀ ਢੰਗ ਨਾਲ ਕਰਕੇ ਇਨ੍ਹਾਂ ਸਾਰੇ ਵਿਅਕਤੀਆਂ ਨੂੰ ਫੜਿਆ ਜਾਵੇ। ਚੀਮਾਂ ਨੇ ਖੁਲਾਸਾ ਕੀਤਾ ਕਿ ਜਿਹੜੀ ਸ਼ਰਾਬ ਫੜੀ ਗਈ ਹੈ ਉਸ ਦੀ ਇੱਕ ਬੋਤਲ ਕੈਮੀਕਲ ਪਾਕੇ 10 ਜਾਂ 12 ਰੁਪਏ ‘ਚ ਤਿਆਰ ਕੀਤੀ ਜਾਂਦੀ ਹੈ। ਜਿਹੜੀ ਕਿ ਵਿਆਹਾਂ ਸ਼ਾਦੀਆਂ ‘ਚ ਮਹਿਮਾਨਾਂ ਅੱਗੇ ਪਰੋਸੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਹ ਸਿਰਫ ਲੋਕਾਂ ਦੀ ਸਿਹਤ ਨਾਲ ਹੀ ਖਿਲਵਾੜ ਨਹੀਂ ਬਲਕਿ ਸੂਬੇ ਦੇ ਕਰੋੜਾਂ ਰੁਪਏ ਦੇ ਮਾਲੀਏ ਤੇ ਡਾਕਾ ਵੀ ਵੱਜ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧ ‘ਚ ਪਾਰਟੀ ਵੱਲੋਂ ਪੰਜਾਬ ਦੇ ਰਾਜਪਾਲ ਨੂੰ ਮਿਲਕੇ ਜਾਣੂੰ ਕਰਵਾਉਣ ਤੇ ਜਾਂਚ ਕਰਵਾਏ ਜਾਨ ਦੀ ਮੰਗ ਕਰਨ ਲਈ ਮਿਲਣ ਦਾ ਸਮਾਂ ਲਿਆ ਹੈ ਦੇਖੋ ਜੇਕਰ ਜਾਂਚ ਹੁੰਦੀ ਹੈ ਜਾ ਨਹੀਂ ਤੇ ਜੇਕਰ ਫੇਰ ਵੀ ਕੁਝ ਨਾ ਹੋਇਆ ਤਾਂ ਪਾਰਟੀ ਹਾਈਕੋਰਟ ਦਾ ਦਰਵਾਜਾ ਖੜਕਾਏਗੀ।