ਚੰਡੀਗੜ੍ਹ : ਲੰਘੇ ਦਿਨੀਂ ਦਿੱਲੀ ਤੋਂ ਇਲਾਵਾ ਉੱਤਰ ਪੂਰਬ ਦੇ ਕਈ ਹੋਰ ਸੂਬਿਆਂ ਅੰਦਰ ਸੀਏਏ ਦੇ ਹਿਮਾਇਤੀਆਂ ਤੇ ਵਿਰੋਧੀਆਂ ਵਿੱਚਕਾਰ ਹੋਈਆਂ ਝੜਪਾਂ ਦੌਰਾਨ ਪੱਤਰਕਾਰਾਂ ਤੇ ਕੀਤੇ ਗਏ ਹਮਲਿਆਂ ਵਿੱਚ ਜੋ ਹਾਲ ਪੱਤਰਕਾਰਾਂ ਦਾ ਹੋਇਆ ਉਸ ਨੇ ਦੇਸ਼ ਦੇ ਸਾਰੇ ਪੱਤਰਕਾਰ ਭਾਈਚਾਰੇ ਨੂੰ ਚਿੰਤਾ ਵਿੱਚ ਪਾ ਦਿੱਤਾ ਹੈ l ਏਸ ਸੰਬੰਧ ਵਿੱਚ ਬੀਤੇ ਦਿਨੀਂ ਜਿੱਥੇ ਪਟਿਆਲਾ ਇਲੈਕਟ੍ਰਨਿਕ ਮੀਡੀਆ ਦੇ ਇੱਕ ਵਫਦ ਨੇ ਪਟਿਆਲਾ ਤੋਂ ਮੈਂਬਰ ਪਾਰਲੀਮੈਂਟ ਤੇ ਭਾਰਤ ਸਰਕਾਰ ਦੀ ਸਾਬਕਾ ਵਿਦੇਸ਼ ਰਾਜ ਮੰਤਰੀ ਪ੍ਰਨੀਤ ਕੌਰ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਪੱਤਰਕਾਰਾਂ ਤੇ ਹੋਏ ਹਮਲਿਆਂ ਸੰਬੰਧੀ ਮੁੱਦਾ ਪਾਰਲੀਮੈਂਟ ‘ਚ ਚੁੱਕੇ ਜਾਣ ਦੀ ਬੇਨਤੀ ਕੀਤੀ, ਉੱਥੇ ਦੂਜੇ ਪਾਸੇ ਇੰਡੀਅਨ ਜ਼ਰਨਲਿਸਟ ਯੂਨੀਅਨ ਦੀ ਕੌਮੀ ਕਾਰਜਕਾਰਨੀ ਨੇ ਤਾਂ ਪੱਤਰਕਾਰਾਂ ਦੀ ਸੁਰੱਖਿਆ ਲਈ ਕਾਨੂੰਨ ਬਣਾਏ ਜਾਣ ਦੀ ਮੰਗ ਕਰ ਦਿੱਤੀ ਹੈ.ਏਸ ਸੰਬੰਧ ਵਿੱਚ ਯੂਨੀਅਨ ਦੀ ਕੌਮੀ ਕਾਰਜਕਾਰਨੀ ਦੀ ਲਖਨਊ ਵਿਖੇ ਹੋਈ ਦੋ ਰੋਜ਼ਾ ਮੀਟਿੰਗ ਦੌਰਾਨ ਇਸ ਮੁੱਦੇ ਨੂੰ ਜ਼ੋਰਾਂ ਸ਼ੋਰਾਂ ਨਾਲ ਚੁੱਕਦਿਆਂ ਇੱਕ ਨਿੰਦਾ ਮਤਾ ਵੀ ਪਾਸ ਕੀਤਾ ਗਿਆ l
ਏਸ ਮੌਕੇ ਯੂਨੀਅਨ ਦੇ ਪ੍ਰਧਾਨ ਸ਼੍ਰੀ ਨਿਵਾਸ ਰੈਡੀ ਤੇ ਜਨਰਲ ਸਕੱਤਰ ਬਲਵਿੰਦਰ ਸਿੰਘ ਜੰਮੂ ਨੇ ਇੱਕ ਮਤ ਹੋ ਕੇ ਕਿਹਾ ਕਿ ਦਿੱਲੀ ਤੋਂ ਇਲਾਵਾ ਹੋਰਨਾਂ ਥਾਈਂ ਹੋਏ ਹਮਲਿਆਂ ਦੌਰਾਨ ਬਹੁਤ ਸਾਰੇ ਪੱਤਰਕਾਰ ਜ਼ਖ਼ਮੀ ਹੋਹੇ ਨੇ, ਜਿਸ ਨੂੰ ਦੇਖਦਿਆਂ ਹੁਣ ਇਹ ਜ਼ਰੂਰੀ ਹੋ ਗਿਆ ਕਿ ਪੱਤਰਕਾਰਾਂ ਦੀ ਸੁਰੱਖਿਆ ਲਈ ਕਾਨੂੰਨ ਬਣਾਇਆ ਜਾਵੇ l ਏਸ ਮੌਕੇ ਪਾਸ ਕੀਤੇ ਗਏ ਇੱਕ ਹੋਰ ਮਤੇ ਵਿੱਚ ਇਹ ਮੰਗ ਕੀਤੀ ਗਈ ਕਿ ਵਰਕਿੰਗ ਜਰਨਲਿਸਟਾਂ ਲਈ ਨੈਸ਼ਨਲ ਹਾਈਵੇ ਅਥਾਰਿਟੀ ਆਫ ਇੰਡੀਆ ਦੇ ਟੋਲ ਟੈਕਸ ਮਾਫ ਕੀਤਾ ਜਾਣ l ਯੂਨੀਅਨ ਨੇ ਮੌਜੂਦਾ ਕੇਂਦਰ ਸਰਕਾਰ ਵੱਲੋਂ 1955 ਵਿੱਚ ਬਣਾਏ ਗਏ ਵਰਕਿੰਗ ਜ਼ਰਨਲਿਸਟ ਐਕਟ ਨੂੰ ਖਤਮ ਕੀਤੇ ਜਾਣ ਦੀਆਂ ਕੋਸ਼ਿਸ਼ਾਂ ਦਾ ਵੀ ਵਿਰੋਧ ਕੀਤਾ ਤੇ ਇਹ ਮੰਗ ਕੀਤੀ ਕਿ ਇਸ ਕਾਨੂੰਨ ਵਿੱਚ ਇਲੈਕਟ੍ਰੋਨਿਕ ਮੀਡੀਆ ਦੇ ਪੱਤਰਕਾਰਾਂ ਨੂੰ ਵੀ ਸ਼ਾਮਿਲ ਕੀਤਾ ਜਾਵੇ l ਅੰਤ ਵਿੱਚ ਪੱਤਰਕਾਰਾਂ ਦੀ ਏਸ ਯੂਨੀਅਨ ਨੇ ਪੱਤਰਕਾਰਾਂ ਲਈ ਵੇਜ ਬੋਰਡ ਖਤਮ ਕਰਨ ਦੇ ਫੈਸਲੇ ਨੂੰ ਵਾਪਿਸ ਲਏ ਜਾਣ ਦੀ ਵੀ ਮੰਗ ਕੀਤੀ l