ਬਠਿੰਡਾ ; ਪੰਜਾਬ ਦੇ ਬਠਿੰਡਾ ਸ਼ਹਿਰ ਵਿੱਚ ਇੱਕ ਅਜਿਹੀ ਘਟਨਾ ਵਾਪਰੀ ਹੈ l ਜਿਸਨੇ ਔਰਤਾਂ ਤੇ ਹੋ ਰਹੇ ਜ਼ਲਮਾਂ ਵਿੱਚ ਹੋਰ ਵਾਧਾ ਕੀਤਾ ਹੈ l ਬਠਿੰਡਾ ਦੇ ਰਾਮਾ ਹਸਪਤਾਲ ਵਿੱਚ ਸ਼ੂਗਰ ਦੀ ਬਿਮਾਰੀ ਨਾਲ ਜੂਝ ਰਹੀ ਇੱਕ ਐਸੀ ਔਰਤ ਜਿਸ ਨੂੰ ਨਾ ਤਾਂ ਸਹੁਰਾ ਪਰਿਵਾਰ ਰੱਖਣਾ ਚਾਹੁੰਦਾ ਤੇ ਨਾ ਹੀ ਪੇਕਾ ਪਰਿਵਾਰ l ਪੀੜਿਤ ਔਰਤ ਦਾ ਨਾਮ ਰਜਨੀ ਹੈ, ਜੋ ਕਿ ਬਠਿੰਡਾ ਦੀ ਰਹਿਣ ਵਾਲੀ ਹੈ l ਜਿਸ ਨੂੰ ਸ਼ੂਗਰ ਦੀ ਬਿਮਾਰੀ ਹੈ l ਇਸ ਬਿਮਾਰੀ ਦੇ ਚੱਲਦਿਆਂ ਰਜਨੀ ਦਾ ਸਹੁਰਾ ਪਰਿਵਾਰ ਉਸਨੂੰ ਸੜਕ ਤੇ ਸੁੱਟ ਕੇ ਫ਼ਰਾਰ ਹੋ ਗਿਆ ਹੈ l ਜਿਸ ਤੋਂ ਬਾਅਦ ਉਸਦਾ ਪੇਕਾ ਪਰਿਵਾਰ ਵੀ ਉਸਨੂੰ ਰੱਖਣਾ ਨਹੀਂ ਚਾਹੁੰਦਾ l
ਸਥਾਨਕ ਨਿਵਾਸੀਆਂ ਨੇ ਰਜਨੀ ਨੂੰ ਰਾਮਾ ਹਸਪਤਾਲ ਵਿੱਚ ਦਾਖਿਲ ਕਰਵਾਇਆ, ਜਿੱਥੇ ਦੇ ਡਾਕਟਰਾਂ ਦਾ ਕਹਿਣਾ ਹੈ ਕਿ ਰਜਨੀ ਦੀ ਸ਼ੂਗਰ ਦੀ ਬਿਮਾਰੀ ਬਹੁਤ ਜ਼ਿਆਦਾ ਫ਼ੈਲ ਗਈ ਹੈ l ਜਿਸਦੇ ਕਰਕੇ ਉਸਦਾ ਇੱਕ ਪੈਰ ਕੱਟਣਾ ਪੈ ਸਕਦਾ ਤੇ ਦੂਸਰੇ ਪੈਰ ਵਿੱਚ ਹਲੇ ਸ਼ੁਰੂ ਹੋਣ ਕਰਕੇ ਉਸਨੂੰ ਬਚਾਇਆ ਜਾ ਸਕਦਾ ਹੈ l ਕਿਸ ਕਦਰ ਮਰ ਚੁੱਕੀ ਹੈ ਇਨਸਾਨੀਅਤ ਕਿ ਅੱਜ ਲੋਕ ਆਪਣਿਆਂ ਨੂੰ ਵੀ ਸੜਕਾਂ ‘ਤੇ ਸੁੱਟਣ ਲੱਗ ਪਏ ਹਨ l ਰਜਨੀ ਨਾਲ ਜੋ ਕੁਝ ਹੋਇਆ ਉਹ ਇਸ ਗੱਲ ਦੀ ਜਿਊਂਦੀ ਜਾਗਦੀ ਮਿਸਾਲ ਹੈ ਕਿ ਹੁਣ ਕਿੱਧਰ ਗਏ ਉਹ ਲੋਕ ਜਿਹੜੇ ਅਕਸਰ ਕਹਿੰਦੇ ਨੇ ਕਿ ਇਨਸਾਨ ਇੱਕ ਸਮਾਜਿਕ ਪ੍ਰਾਣੀ ਹੈ l ਜੇ ਸਮਾਜਿਕ ਪ੍ਰਾਣੀ ਇਹੋ ਜਿਹੇ ਹੁੰਦੇ ਨੇ ਤਾਂ ਫ਼ੇਰ ਜੰਗਲਾਂ ‘ਚ ਬੈਠਾਂ ਉਨ੍ਹਾਂ ਪ੍ਰਾਣੀਆਂ ਨੂੰ ਅਸੀਂ ਕੀ ਕਹਾਂਗੇ l ਜਿਨ੍ਹਾਂ ਨੂੰ ਅਸੀਂ ਜਾਨਵਰਾਂ ਦਾ ਨਾਮ ਦਿੱਤਾ ਹੈ l ਬਦ ਤੋਂ ਬਦਤਰ ਹੁੰਦੇ ਇਨ੍ਹਾਂ ਹਾਲਾਤਾਂ ਵਿੱਚ ਅਸੀਂ ਦਾਨ ਪੁੰਨ ਤੇ ਮੰਦਿਰ ਗੁਰਦੁਆਰਿਆਂ ਵਿੱਚ ਤਾਂ ਆਪਾ ਗਵਾਈ ਜਾਣੇ ਆ, ਪਰ ਰਜਨੀ ਵਰਗੇ ਇਨਸਾਨਾਂ ਨੂੰ ਸੜਕ ‘ਤੇ ਸੁੱਟ ਕੇ ਕਿਹੜੇ ਰੱਬ ਨੂੰ ਖੁਸ਼ ਕਰਦੇ ਆਂ ਇਹ ਸ਼ਾਇਦ ਕੋਈ ਨਾ ਦੱਸ ਸਕੇ l