ਲੁਧਿਆਣਾ : ਲੰਘੀ ਜੁਲਾਈ ਦੇ ਅਖੀਰਲੇ ਹਫ਼ਤੇ ਜਦੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਲੈਬਰਾਡੋਰ ਕੁੱਤੇ ਡਸਟੀ ਦੀਆਂ ਤਸਵੀਰਾਂ ਸ਼ੋਸ਼ਲ ਮੀਡੀਆ ਤੇ ਸਾਂਝੀਆਂ ਕੀਤੀਆਂ ਸਨ,ਤਾਂ ਹਜ਼ਾਰਾਂ ਲੋਕਾਂ ਨੇ ਉਨ੍ਹਾਂ ਦੀ ਇਸ ਪੋਸਟ ਨੂੰ ਟਰੋਲ ਕੀਤਾ ਸੀ l ਪਰ ਕਹਿੰਦੇ ਨੇ ਸ਼ੌਕ ਤਾਂ ਸ਼ੌਕ ਈ ਹੁੰਦਾ ਹੈ,ਤੇ ਉਹ ਵੀ ਸ਼ਾਹੀ ਘਰਾਣੇ ਦਾ ਫ਼ੇਰ ਕੌਣ ਪਰਵਾਹ ਕਰਦਾ ਹੈ l ਇੱਥੋਂ ਤੱਕ ਤਾਂ ਠੀਕ ਸੀ ਅਜਿਹੇ ਵਿੱਚ ਮੁੱਖ ਮੰਤਰੀ ਦੇ ਨਾਲ ਪੰਜਾਬ ਦੀ ਅਫ਼ਸਰਸ਼ਾਹੀ ਵੀ ਕੁੱਤੇ ਪਾਲਣ ਦਾ ਸ਼ੌਕ ਰੱਖਦੀ ਹੈ, ਤਾਂ ਫ਼ੇਰ ਕੋਈ ਕਿਵੇਂ ਬੁਰਾ ਮਨਾ ਸਕਦਾ ਹੈ l ਹਾਂ ਉਸ ਸੂਰਤ ‘ਚ ਲੋਕ ਬੁਰਾ ਜ਼ਰੂਰ ਮਨਾਓੁਣਗੇ, ਜਦੋਂ ਉਨ੍ਹਾਂ ਕੁੱਤਿਆਂ ਦੀ ਸੇਵਾ ਵਿੱਚ ਸਰਕਾਰੀ ਮਸ਼ੀਨਰੀ ਦੀ ਵਰਤੋਂ ਕੀਤੀ ਜਾਣ ਲੱਗ ਪਵੇ l ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਲੁਧਿਆਣਾ ਦੇ ਸਰਾਭਾ ਨਗਰ ਥਾਣੇ ਦਾ ਜਿੱਥੇ ਏਡੀਸੀ ਅੰਮ੍ਰਿਤ ਸਿੰਘ ਅਤੇ ਏਡੀਸੀਪੀ ਇਨਵੈਸਟੀਗੇਸ਼ਨ ਹਰੀਸ਼ ਦਯਾਮਾ ਦੇ ਕੁੱਤੇ ਨੂੰ ਧੱਕੇ ਨਾਲ ਘੜੀਸ ਕੇ ਸਰਕਾਰੀ ਗੱਡੀ ਵਿੱਚ ਬਿਠਾਇਆ ਜਾ ਰਿਹਾ ਹੈ l ਇਨੀਂ ਠੰਢ ਵਿੱਚ ਸਰਾਭਾ ਥਾਣੇ ਦੀ ਇਸ ਗੱਡੀ ਵਿੱਚ ਬਿਠਾਕੇ ਇਸਨੂੰ ਪੁਲਿਸ ਲਾਈਨ ਅੰਦਰ ਨਹਾਉੁਣ ਲਿਜਾਇਆ ਜਾ ਰਿਹਾ ਹੈ l ਹੁਣ ਦੇਖਣਾ ਇਹ ਹੋਵੇਗਾ ਕਿ ਪੰਜਾਬ ਦੇ ਸੀਨੀਅਰ ਅਧਿਕਾਰੀ ਅਤੇ ਸਰਕਾਰ ਇਸ ਤੇ ਕੋਈ ਕਾਰਵਾਈ ਕਰਦੀ ਹੈ ਜਾਂ ਨਹੀਂ l