ਕਾਦੀਆਂ : ਪਿੰਡ ਮਸਣੀਆਂ ਵਿੱਚ ਪਿਤਾ ਵੱਲੋਂ ਆਪਣੇ ਸਹੁਰੇ ਘਰ ਵਿੱਚ ਜਾ ਕੇ ਆਪਣੇ ਹੀ ਬੱਚੇ ਨੂੰ ਅਗਵਾ ਕਰਨ ਦੀ ਕੋਸਿ਼ਸ਼ ਕੀਤੀ ਗਈ, ਜਦ ਸਾਰਾ ਪਿੰਡ ਇੱਕਠਾ ਹੋ ਗਿਆ ਤਾਂ ਮੁਲਜ਼ਮ ਬੱਚੇ ਨੂੰ ਛੱਡ ਕੇ ਹਵਾਈ ਫਾਇਰ ਕਰਦੇ ਹੋਏ ਫਰਾਰ ਹੋ ਗਿਆ।ਪਤੀ ਪਤਨੀ ਵਿੱਚ ਅਨਬਨ ਦੇ ਬਾਅਦ ਪਤਨੀ ਦੋਨੋਂ ਬੱਚਿਆਂ ਦੇ ਨਾਲ ਪੇਕੇ ਵਿੱਚ ਰਹਿ ਰਹੀ ਸੀ।ਪੁਲਿਸ ਨੇ ਮੁਲਜ਼ਮ ਦੇ ਖਿਲਾਫ ਕੇਸ ਦਰਜ ਕਰ ਲਿਆ ਹੈ।
ਜਾਣਕਾਰੀ ਦਿੰਦੇ ਹੋਏ ਅੱਡਾ ਵਡਾਲਾ ਗ੍ਰੰਥੀਆਂ ਪੁਲਿਸ ਚੌ਼ਕੀ ਦੇ ਏਐਸਆਈ ਪੰਜਾਬ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਦਿੱਤੀ ਸਿ਼ਕਾਇਤ ਵਿੱਚ ਗੁਰਪਿੰਦਰ ਕੌਰ ਪੁੱਤਰੀ ਕਰਨੈਲ ਸਿੰਘ ਨਿਵਾਸੀ ਪਿੰਡ ਮਸਣੀਆਂ ਨੇ ਦੱਸਿਆ ਕਿ ਉਹ ਸਰਕਾਰੀ ਪ੍ਰਾਇਮਰੀ ਸਕੂਲ ਕਲੇਰ ਵਿੱਚ ਟੀਚਰ ਹੈ।ਉਸ ਦਾ ਵਿਆਹ 11 ਸਾਲ ਪਹਿਲਾਂ ਹਰਪ੍ਰੀਤ ਸਿੰਘ ਨਿਵਾੋੀ ਪਿੰਡ ਗੰਡਕੇ ਚੌਣੇ ਦੇ ਨਾਲ ਹੋਇਆ ਸੀ।ਉਸ ਦੇ 2 ਬੱਚੇ, 10 ਸਾਲ ਦੀ ਕੁੜੀ ਅਤੇ 7 ਸਾਲ ਦਾ ਮੁੰਡਾ ਹੈ।
ਵਿਆਹ ਦੇ ਕੁਝ ਦਿਨ ਬਾਅਦ ਦੋਨਾਂ ਵਿੱਚ ਅਨਬਨ ਹੋ ਗਈ।ਪਿਛਲੇ ਕੁਝ ਦਿਨਾਂ ਤੋਂ ਉਹ ਬੱਚਿਆਂ ਦੇ ਨਾਲ ਪਿੰਡ ਮਸਣੀਆਂ ਵਿੱਚ ਰਹਿ ਰਹੀ ਸੀ।17 ਜੂਨ ਦੀ ਸ਼ਾਮ ਨੂੰ ਵੀ ਉਸ ਦਾ ਪਤੀ ਆਪਣੇ ਕਰੀਬ 3-4 ਸਾਥੀਆਂ ਦੇ ਨਾਲ ਗੱਡੀ ਵਿੱਚ ਆਇਆ।ਉਹ ਉਸ ਦੇ ਮੁੰਡੇ ਨੂੰ ਜ਼ਬਰਦਸਤੀ ਗੱਡੀ ਵਿੱਚ ਬਿਠਾ ਕੇ ਲੈ ਜਾਣ ਲੱਗਾ ਤਾਂ ਉਸ ਨੂੰ ਰੋਕਣ ਦੀ ਕੋਸਿ਼ਸ਼ ਕੀਤੀ ਪਰ ਉਸ ਦੇ ਪਤੀ ਹਰਪ੍ਰੀਤ ਸਿੰਘ ਨੇ ਉਨ੍ਹਾਂ ਨੂੰ ਡਰਾਉਣ ਦੇ ਲਈ 2 ਹਵਾਈ ਫਾਇਰ ਕਰ ਦਿੱਤੇ।
ਜਦ ਉਸ ਦੇ ਆਲੇ ਦੁਆਲੇ ਦੇ ਲੋਕ ਇੱਕਠੇ ਹੋ ਗਏ ਤਾਂ ਉਸ ਦਾ ਪਤੀ ਹਰਪ੍ਰੀਤ ਸਿੰਘ ਸਾਥੀਆਂ ਸਮੇਤ ਉਸ ਦੇ ਮੁੰਡੇ ਨੂੰ ਛੱਡ ਕੇ ਗੱਡੀ ਵਿੱਚ ਫਰਾਰ ਹੋ ਗਿਆ।ਏਐਸਆਈ ਪੰਜਾਬ ਸਿੰਘ ਨੇ ਦੱਸਿਆ ਕਿ ਗੁਰਪਿੰਦਰ ਕੌਰ ਨਿਵਾਸੀ ਪਿੰਡ ਮਸਣੀਆਂ ਦੇ ਬਿਆਨਾਂ ਤੇ ਮੁਲਜ਼ਮ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ।