ਲੁਧਿਆਣਾ (ਸੁਰਿੰਦਰ ਸੋਨੀ) : ਈਦ ਦੇ ਪਵਿੱਤਰ ਤਿਓਹਾਰ ਮੌਕੇ ਮੁਸਲਮਾਨ ਭਾਈਚਾਰੇ ਦੇ ਲੋਕਾਂ ਨੇ ਲੁਧਿਆਣਾ ਦੀ ਜਾਮਾਂ ਮਸਜਿਦ ‘ਚ ਨਮਾਜ਼ ਅਦਾ ਕੀਤੀ। ਇਸ ਮੌਕੇ ਕੋਰੋਨਾ ਮਹਾਂਮਾਰੀ ਦਾ ਅਸਰ ਇਥੇ ਵੀ ਸਾਫ ਦਿਖਾਈ ਦਿੱਤਾ, ਜਿਥੇ ਨਾਮਜ਼ ਅਦਾ ਕਰਨ ਲੱਗਿਆਂ ਲੋਕ ਨਾ ਸਿਰਫ ਸੈਨੇਟਾਈਜ਼ ਹੋਕੇ ਆਪੋ ਆਪਣੇ ਮੂੰਹਾਂ ਤੇ ਮਾਸਕ ਪਾਕੇ ਆਏ ਨੇ, ਬਲਕਿ ਇੱਥੇ ਸੋਸ਼ਲ ਡਿਸਟੈਨਸਿੰਗ ਯਾਨੀ ਸਮਾਜਿਕ ਦੂਰੀ ਦਾ ਵੀ ਖਾਸ ਖਿਆਲ ਰੱਖਿਆ ਗਿਆ। ਇਸ ਦੌਰਾਨ ਜਿਸ ਗੱਲ ਨੇ ਸਾਰੀਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਉਹ ਸੀ ਮੁਸਲਮਾਨ ਭਾਈਚਾਰੇ ਦੀ ਅਰਦਾਸ, ਸਰਬੱਤ ਦੇ ਭਲੇ ਦੀ ਅਰਦਾਸ, ਜਿਸ ਵਿਚ ਇਨਸਾਨ ਦੀਆਂ ਗ਼ਲਤੀਆਂ ਕਾਰਨ ਆਈ ਕੋਰੋਨਾ ਮਹਾਂਮਾਰੀ ਤੇ ਹੋ ਰਹੇ ਇਨਸਾਨੀਅਤ ਦੇ ਨੁਕਸਾਨ ਦੀ ਮਾਫੀ ਮੰਗੀ ਗਈ।
ਇਸ ਮੌਕੇ ਲੁਧਿਆਣਾ ਦੇ ਨਾਇਬ ਸ਼ਾਹੀ ਇਮਾਮ ਮੁਹੰਮਦ ਉਸਮਾਨ ਨੇ ਦੱਸਿਆ ਕਿ ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਮਸਜਿਦਾਂ ਚ ਜ਼ਿਆਦਾ ਭੀੜ ਨਹੀਂ ਜੁਟਣ ਦਿੱਤੀ ਗਈ, ਕਿਉਂਕਿ ਨਮਾਜ਼ ਅਦਾ ਕਰਨ ਮੌਕੇ ਸੱਦਾ ਹੀ ਕੁਝ ਖਾਸ ਲੋਕਾਂ ਨੂੰ ਦਿੱਤਾ ਗਿਆ ਸੀ,… ਇਥੇ ਬੋਲਦਿਆਂ ਸ਼ਾਹੀ ਇਮਾਮ ਮੁਹੰਮਦ ਉਸਮਾਨ ਨੇ ਕਿਹਾ ਕਿ ਉਹ ਬੱਸ ਇਨਾ ਕਹਿਣਾ ਚਾਹੁੰਦੇ ਨੇ ਕਿ ਕਿਸੇ ਦਾ ਧਰਮ ਦੇਖ ਕੇ ਉਸਨੂੰ ਕੋਰੋਨਾ ਬਿਮਾਰੀ ਲਈ ਜਿੰਮੇਵਾਰ ਨਾ ਠਹਿਰਾਓ, ਬਿਮਾਰੀ ਕਿਸੇ ਦਾ ਧਰਮ ਦੇਖਕੇ ਨਹੀਂ ਆਉਂਦੀ। ਉਨ੍ਹਾਂ ਕਿਹਾ ਕਿ ਬਿਮਾਰ ਦੀ ਮਦਦ ਕਰੋ, .ਕਿਉਂਕਿ ਹਜ਼ਰਤ ਮੁਹੰਮਦ ਸਾਹਿਬ ਨੇ ਵੀ ਫ਼ਰਮਾਇਆ ਸੀ ਕਿ ਜੇਕਰ ਕਦੇ ਕੋਈ ਬਿਮਾਰੀ ਫੇਲ ਜਾਏ ਤਾਂ ਉਥੋਂ ਭੱਜੋ ਨਹੀਂ ਬਿਮਾਰਾਂ ਦੀ ਸੇਵਾ ਕਰੋ।
ਕਿੰਨਾ ਸੋਹਣਾ ਹੈ ਇਹ ਸੁਨੇਹਾ, ਕਿੰਨੇ ਸੋਹਣੇ ਨੇ ਸਾਡੇ ਦੇਸ਼ ਦੇ ਇਹ ਰੰਗ। ਜਿਥੇ ਹਰ ਕੋਈ ਇੱਕ ਦੂਜੇ ਦੇ ਭਲੇ ਦੀ ਦੁਆ ਮੰਗ ਰਿਹੈ, ਲੋੜ ਹੈ ਸਮਾਜ ਦੇ ਉਨ੍ਹਾਂ ਦੁਸ਼ਮਣਾਂ ਤੋਂ ਬਚ ਕੇ ਰਹਿਣ ਦੀ ਜਿਹੜੇ ਲੋਕਾਂ ਨੂੰ ਆਪਣੇ ਨਿੱਜੀ ਫਾਇਦਿਆਂ ਲਈ ਜਾਤ ਧਰਮ ਤੇ ਖੇਤਰਵਾਦ ‘ਚ ਉਲਝਾਕੇ ਆਪਣਾ ਉਲੂ ਸਿਧਾ ਕਰ ਰਹੇ ਨੇ, ਤੇ ਜਿਸ ਦਿਨ ਅਸੀਂ ਆਪਣੇ ‘ਚ ਲੁਕੀਆਂ ਉਨ੍ਹਾਂ ਕਾਲੀਆਂ ਭੇਡਾਂ ਨੂੰ ਪਹਿਚਾਣ ਲਿਆ ਉਸ ਦਿਨ ਸਹੀ ਅਰਥਾਂ ‘ਚ ਹੋਵੇਗੀ ਈਦ ਮੁਬਾਰਕ।