ਕੁਲਵੰਤ ਸਿੰਘ
ਚੰਡੀਗੜ੍ਹ : ਪਿਛਲੇ 3 ਸਾਲ ਤੋਂ ਸੱਤਾਧਾਰੀ ਕਾਂਗਰਸ ਪਾਰਟੀ ਚੋਣਾਂ ਤੋਂ ਪਹਿਲਾਂ ਸੂਬੇ ਦੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਾ ਕਰਨ ਨੂੰ ਲੈ ਕੇ ਨਾ ਸਿਰਫ ਵਿਰੋਧੀ ਪਾਰਟੀਆਂ ਦੇ ਨਿਸ਼ਾਨੇ ‘ਤੇ ਹੈ, ਬਲਕਿ ਹੁਣ ਤਾਂ ਸੂਬਾ ਸਰਕਾਰ ਨੂੰ ਉਨ੍ਹਾਂ ਦੇ ਆਪਣਿਆਂ ਨੇ ਹੀ ਸਿਆਸੀ ਚੂੰਡੀਆਂ ਵੱਡ ਵੱਡ ਖਾਣਾ ਸ਼ੁਰੂ ਕਰ ਦਿੱਤਾ ਹੈ ‘ਤੇ ਇਨ੍ਹਾਂ ਵਾਅਦਿਆਂ ਵਿੱਚੋਂ ਇੱਕ ਅਹਿਮ ਵਾਅਦਾ ਸੀ ਸਾਲ 2015 ਦੌਰਾਨ ਪੰਜਾਬ ਵਿੱਚ ਵਾਪਰੀਆਂ ਬੇਅਦਬੀਆਂ ਦੀਆਂ ਘਟਨਾਵਾਂ ਦੇ ਦੋਸ਼ੀਆਂ ਨੂੱ ਸਜਾਵਾਂ ਦੇਣਾ ‘ਤੇ ਸਿੱਖ ਕੌਮ ਨੂੰ ਇਨਸਾਫ ਦਿਵਾਉਣਾ l ਜੋ ਕਿ ਪੂਰਾ ਨਹੀਂ ਹੋ ਸਕਿਆ l ਇਸ ਦਾ ਕਾਰਨ ਭਾਵੇਂ ਸੀਬੀਆਈ ਵੱਲੋਂ ਕੇਸ ਦੀਆਂ ਫਾਈਲਾਂ ਵਾਪਸ ਨਾ ਦੇਣ ਅਤੇ ਕੇਸਾਂ ਨੂੰ ਬੰਦ ਕਰਨ ਲਈ ਅਦਾਲਤ ਵਿੱਚ ਆਪਣੀ ਰਿਪੋਰਟ ਫਾਈਲ ਕਰਨਾ ਦੱਸਿਆ ਜਾਂਦਾ ਰਿਹਾ l ਪਰ ਇਸ ਦੇ ਬਾਵਜੂਦ ਲੋਕ ਸਰਕਾਰ ਦੇ ਇਨ੍ਹਾਂ ਤਰਕਾਂ ਨੂੰ ਚੁੱਕ ਕੇ ਕੂੜੇਦਾਨਾਂ ਵਿਚ ਸੁੱਟਣ ਵਾਲਾ ਕੰਮ ਕਰਦੇ ਰਹੇ l ਅਜਿਹੇ ਵਿੱਚ ਫਸੀ ਸਰਕਾਰ ਕੋਲ ਜੇਕਰ ਕੋਈ ਆਸ ਸੀ ਤਾਂ ਸੀਬੀਆਈ ਦੇ ਖਿਲਾਫ ਜਾਂਚ ਵਾਪਸ ਲੈਣ ਲਈ ਸੁਪਰੀਮ ਕੋਰਟ ‘ਚ ਪਾਇਆ ਉਹ ਕੇਸ ਜਿਸ ਵਿੱਚ ਸਰਕਾਰ ਨੇ ਇਹ ਦਾਅਵਾ ਕੀਤਾ ਸੀ ਕਿ ਸੀਬੀਆਈ ਵਿਧਾਨਸਭਾ ਤੋਂ ਉੱਪਰ ਨਹੀਂ ਹੋ ਸਕਦੀ ‘ਤੇ ਦੱਸ ਦਈਏ ਕਿ ਇਹ ਕੇਸ ਹੁਣ ਪੰਜਾਬ ਸਰਕਾਰ ਸੁਪਰੀਮ ਕੋਰਟ ਅੰਦਰ ਜਿੱਤ ਗਈ ਹੈ l ਜੀ ਹਾਂ ਇਹ ਬਿਲਕੁਲ ਸੱਚ ਹੈ ‘ਤੇ ਇਹ ਗੱਲ ਅਸੀਂ ਕੋਈ ਆਪਣੇ ਕੋਲੋਂ ਨਹੀਂ ਕਹਿ ਰਹੇ ਇਹ ਗੱਲ ਕਹੀ ਹੈ ਖੁਦ ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੀ ਵਿਧਾਨ ਸਭਾ ਅੰਦਰ, ਜਿਨ੍ਹਾਂ ਦਾ ਕਹਿਣਾ ਕਿ ਹੁਣ ਬੇਅਦਬੀ ਦੇ ਮਾਮਲਿਆਂ ਦੀ ਜਾਂਚ ਹੁਣ ਪੰਜਾਬ ਪੁਲਿਸ ਖੁਦ ਆਪ ਕਰਕੇ ਇਸ ਮਸਲੇ ਦਾ ਜਲਦ ਸਿੱਟਾ ਕੱਢੇਗੀ l ਇਸ ਤੋਂ ਬਾਅਦ ਚਾਰੇ ਪਾਸੇ ਵਾਅਦੇ ਨਾ ਪੂਰੇ ਕਰਨ ਵਾਲੀ ਪੰਜਾਬ ਸਰਕਾਰ ਦੀ ਵੋਟਰਾਂ ਦੇ ਸਮੁੰਦਰ ਵਿੱਚ ਡੁੱਬਦੀ ਬੇੜੀ ਨੂੰ ਤਿਨਕੇ ਦਾ ਸਹਾਰਾ ਮਿਲਣ ਦੀਆਂ ਚਰਚਾਵਾਂ ਛਿੜ ਗਈਆਂ ਨੇ l ਹੁਣ ਪੰਜਾਬ ਸਰਕਾਰ ਦੇ ਸਿਆਸੀ ਤਰਕਸ਼ ਵਿੱਚ ਬੇਅਦਬੀ ਦੀ ਜਾਂਚ ਆਪਣੇ ਕੋਲ ਆਉਣ ਵਾਲਾ ਇੱਕ ਅਜਿਹਾ ਤੀਰ ਆ ਗਿਆ ਜਿਸ ਨਾਲ ਨਿਸ਼ਾਨਾ ਬਿੰਨ ਕੇ ਉਹ ਨਾ ਸਿਰਫ ਅਕਾਲੀਆਂ ਨੂੰ ਖੂੰਜੇ ਲਾ ਸਕਦੇ ਨੇ ਬਲਕਿ ਆਪਣੇ ਤੋਂ ਦੂਰ ਹੁੰਦੀ ਸਿੱਖ ਪੰਥ ਦੀ ਵੋਟ ਨੂੰ ਖਿੱਚ ਕੇ ਨੇੜੇ ਲਿਆਉਣ ਵਿੱਚ ਇਹੋ ਤੀਰ ਮਦਦਗਾਰ ਸਾਬਿਤ ਹੋਵੇਗਾ l
ਭਾਵੇਂ ਕਿ ਇਹ ਫੈਸਲਾ ਆਉਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਖੇਮੇ ਦੇ ਕਾਂਗਰਸੀ ਆਪਣੇ ਆਪ ਵਿੱਚ ਆਈ ਇੱਕ ਅਜੀਬ ਸਿਆਸੀ ਤਾਕਤ ਮਹਿਸੂਸ ਕਰਦੇ ਹੋਏ ਫੁੱਲ ਕੇ ਕੂਪਾ ਬਣਦੇ ਦਿਖਾਈ ਦਿੰਦੇ ਹਨ ਪਰ ਉਨ੍ਹਾਂ ਫੁੱਲੇ ਹੋਏ ਕੁੱਪਿਆਂ ਵਿੱਚ ਸਿਆਸੀ ਮਾਹਿਰ ਇਹ ਕਹਿ ਕੇ ਤਿੱਖੀ ਸਿਆਸੀ ਚੁੰਡੀ ਵੱਡਦਿਆਂ ਸਾਰੀ ਹਵਾ ਕੱਢਣ ਵਿੱਚ ਲੱਗੇ ਹੋਏ ਨੇ ਕਿ ਪਹਿਲਾਂ ਜਿਹੜੀ ਜਾਂਚ ਕੁੰਵਰ ਵਿਜੈ ਪ੍ਰਤਾਪ ਸਿੰਘ ਵਾਲੀ ਸਿੱਟ ਕਰ ਰਹੀ ਹੈ, ਉਸ ਨੂੰ ਤਾਂ ਕਿਸੇ ਤੱਣ ਪੱਤਣ ਲਾ ਲੈਂਦੇ l ਉਸ ਮਾਮਲੇ ਵਿੱਚ ਤਾਂ ਪਿਛਲੇ ਇੱਕ ਸਾਲ ਤੋਂ ਅਜੇ ਸੂਬੇ ਦੀ ਪੁਲਿਸ ਨੂੰ ਹਰਿਆਣਾ ਦੇ ਜ਼ੇਲ੍ਹ ਵਿਭਾਗ ਨੇ ਸੁਨਾਰੀਆ ਜ਼ੇਲ੍ਹ ਦੇ ਅੰਦਰ ਬੰਦ ਡੇਰਾ ਸਿਰਸਾ ਮੁਖੀ ਰਾਮ ਰਹੀਮ ਨੂੰ ਮਿਲਣ ਤੱਕ ਦੀ ਇਜ਼ਾਜ਼ਤ ਨਹੀਂ ਦਿੱਤੀ l ਇਸ ਤੋਂ ਇਲਾਵਾ ਬੇਅਦਬੀ ਮਾਮਲੇ ਦੇ ਮੁੱਖ ਗਵਾਹ ਮਹਿੰਦਰਪਾਲ ਬਿੱਟੂ ਦਾ ਵੀ ਨਾਭਾ ਜ਼ੇਲ੍ਹ ਅੰਦਰ ਕਤਲ ਕਰ ਦਿੱਤਾ ਗਿਆ ‘ਤੇ ਹੋਰ ਤਾਂ ਹੋਰ ਬਹਿਬਲ ਕਲਾਂ ‘ਤੇ ਕੋਟਕਪੂਰਾ ਗੋਲੀਕਾਂਡ ਦੇ ਪੁਲਿਸ ਵਾਲੇ ‘ਤੇ ਅਕਾਲੀ ਅਦਾਲਤਾਂ ਵਿੱਚੋਂ ਅਗਾਊਂ ਜ਼ਮਾਨਤਾਂ ਲਈ ਬੈਠੇ ਨੇ l ਅਜਿਹੇ ਵਿੱਚ ਜੇ ਜਾਂਚ ਸੂਬਾ ਸਰਕਾਰ ਕੋਲ ਆ ਵੀ ਗਈ ਹੈ ਤਾਂ ਵੀ ਕੋਈ ਬਹੁਤਾ ਵੱਡਾ ਤੀਰ ਮਾਰਨ ਵਾਲਾ ਕੰਮ ਨਹੀਂ ਹੋਇਆ ਕਿਉਂਕਿ ਸਰਕਾਰ ਦੀ ਅਸਲ ਪ੍ਰੀਖਿਆ ਤਾਂ ਇਹ ਜਾਂਚ ਵਾਪਸ ਮਿਲਣ ਤੋਂ ਬਾਅਦ ਹੀ ਸ਼ੁਰੂ ਹੋਵੇਗੀ ਕਿਉਂਕਿ ਹੁਣ ਤੱਕ ਤਾਂ ਇਹ ਬਹਾਨਾ ਚੱਲ ਜਾਂਦਾ ਸੀ ”ਅਸੀਂ ਕੀ ਕਰਿਏ ਸਾਨੂੰ ਤਾਂ ਸੀਬੀਆਈ ਜਾਂਚ ਹੀ ਵਾਪਸ ਨਹੀਂ ਦਿੰਦੀ ਇਹ ਤਾਂ ਕੇਂਦਰ ਸਰਕਾਰ ਦਾ ਕੰਮ ਐ ਸਾਡੇ ਕੋਲ ਜਾਂਚ ਆਵੇ ਤਾਂ ਹੀ ਅਸੀਂ ਜਾਂਚ ਬੰਦ ਕਰੀਏ” ਵਗੈਰਾ ਵਗੈਰਾ,ਪਰ ਹੁਣ ਅਜਿਹਾ ਨਈਂ ਚੱਲੇਗਾ ਜ ਨਤਾ ਸਿੱਧੇ ਸਵਾਲ ਕਰੇਗੀ l ਕਾਂਗਰਸੀ ਆਗੂਆਂ ਦੇ ਸੁਰ ਪਹਿਲਾਂ ਨਾਲੋਂ ਵੀ ਤਿੱਖੇ ਹੋ ਜਾਣਗੇ ‘ਤੇ ਜੇਕਰ ਮਸਲੇ ਦਾ ਹੱਲ ਸਮਾਂਬੱਧ ਢੰਗ ਨਾਲ ਨਾ ਹੋ ਸਕਿਆ ਤਾਂ ਸਰਕਾਰ ਵਿਰੁੱਧ ਬਗਾਵਤ ਉਨ੍ਹਾਂ ਦੇ ਆਪਣਿਆਂ ਨੇ ਹੀ ਕਰ ਦੇਣੀ ਹੈ l ਮਾਹਿਰ ਸਲਾਹ ਦਿੰਦੇ ਨੇ ਕਿ ਜੇਕਰ 2022 ਦੀਆਂ ਵਿਘਾਨ ਸਭਾ ਚੋਣਾ ਵਿੱਚ ਕਾਂਗਰਸ ਸਰਕਾਰ ਵਾਕਿਆ ਹੀ ਕੋਈ ਵੱਡਾ ਤੀਰ ਮਾਰਨਾ ਚਾਹੁੰਦੀ ਹੈ ਤਾਂ ਉਨ੍ਹਾਂ ਨੂੰ ਘੱਟੋ ਘੱਟ ਬੇਅਦਬੀ ਕੇਸਾਂ ਦੀ ਜਾਂਚ ਕਰਕੇ ਅਸਲ ਦੋਸ਼ੀਆਂ ਨੂੰ ਕਾਨੂੰਨ ਦੇ ਕਟਹਿਰੇ ਵਿੱਚ ਖੜਾ ਕਰਨਾ ਪਵੇਗਾ ‘ਤੇ ਜੇਕਰ ਉਹ ਅਜਿਹਾ ਕਰ ਗਈ ਤਾਂ ਆਹ ਬਾਕੀ ਦੇ ਵਾਅਦੇ ਕਿਸੇ ਨੇ ਨੀਂ ਪੁੱਛਣੇ l ਕਿਉਂਕਿ ਜਿੱਥੇ ਧਰਮ ਦਾ ਮਸਲਾ ਆ ਜਾਂਦਾ ਤਾਂ ਜਨਤਾ ਨੂੰ ਹੋਰ ਕੁਝ ਦਿਸਣਾ ਬੰਦ ਹੋ ਜਾਂਦਾ ਜੇ ਨਹੀਂ ਯਕੀਨ ਤਾਂ ਦਿੱਲੀ ਦੀ ਮੋਦੀ ਸਰਕਾਰ ਦੇ ਕੰਮਾਂ ਵੱਲ ਝਾਤ ਮਾਰ ਲਓ l ਜਿਨ੍ਹਾਂ ਨੇ ਪਿਛਲੇ ਪੰਜ ਸਾਲਾਂ ‘ਚ ਨੋਟਬੰਦੀ, ਜੀਐਸਟੀ, ਸੀਏਏ, ਐਨਆਰਸੀ ‘ਤੇ ਹੋਰ ਪਤਾ ਨੀ ਕਿਹੜੇ ਕਿਹੜੇ ਅਜਿਹੇ ਮੁੱਦੇ ਨੇ ਜਿਨ੍ਹਾਂ ਖਿਲਾਫ ਜਨਤਾ ਪਿੱਟ ਪਿੱਟ ਰਹਿ ਗਈ l ਕਈ ਆਪਣੀਆਂ ਜਾਨਾਂ ਵੀ ਗਵਾ ਗਏ ‘ਤੇ ਇੰਝ ਵੀ ਲੱਗਣ ਲੱਗ ਪਿਆ ਕਿ ਹੁਣ ਤਾਂ ਲੋਕ ਮੋਦੀ ਦੇ ਨਾਂ ਨੂੰ ਆਉਣ ਵਾਲੇ 50 ਸਾਲ ਤੱਕ ਵੋਟ ਨਈਂ ਪਾਉਣਗੇ l ਪਰ ਜਦੋਂ ਉਹ ਹਿੰਦੂਤਵ ਦਾ ਰਾਗ ਛੇੜਦੇ ਨੇ ਤਾਂ ਹਿੰਦੁਸਤਾਨ ਦੀ ਜਨਤਾ ਨੂੰ ਕਿਵੇਂ ਕੀਲ ਲੈਂਦੇ ਨੇ l ਕਿ ਉਨ੍ਹਾਂ ਦਾ ਵੋਟਾਂ ਵਾਲੀ ਮਸ਼ੀਨ ‘ਤੇ ਚਲਦਾ ਹੱਥ ਸਿਰਫ ਕਮਲ ਕਮਲ ਹੀ ਦੱਬੀ ਜਾਂਦਾ l