ਜਲਾਲਾਬਾਦ : ਫਾਜ਼ਿਲਕਾ ਪੁਲਿਸ ਨੇ ਇੱਕ ਔਰਤ ਨੂੰ 3200 ਨਸ਼ੀਲੀ ਗੋਲੀਆਂ ਸਮੇਤ ਕਾਬੂ ਕੀਤਾ ਹੈ l ਇੰਨਾ ਹੀ ਨਹੀਂ ਜਦੋਂ ਇਸ ਔਰਤ ਦੇ ਕ੍ਰਿਮਿਨਲ ਰਿਕਾਰਡ ਬਾਰੇ ਪਤਾ ਕੀਤਾ ਗਿਆ ਤਾਂ ਇਹ ਸਾਹਮਣੇ ਆਇਆ ਕਿ ਮੁਲਜ਼ਮ ਔਰਤ ਦਾ ਸਾਰਾ ਪਰਿਵਾਰ ਹੀ ਨਸ਼ੇ ਦਾ ਧੰਦਾ ਕਰਦਾ ਹੈ l ਮੁਲਜ਼ਮ ਔਰਤ ਦਾ ਪਤੀ ਚੰਨ ਸਿੰਘ ਅਤੇ ਸੱਸ ਜ਼ਮਾਨਤ ‘ਤੇ ਆਏ ਹੋਏ ਹਨ ਜਦਕਿ ਇਸ ਦਾ ਮੁੰਡਾ ਜੇਲ ਵਿੱਚ ਸਜ਼ਾ ਕੱਟ ਰਿਹਾ ਹੈ l ਪੁਲਿਸ ਦੁਆਰਾ ਫੜੀ ਗਈ ਔਰਤ ਨੇ ਖੁਦ ਮੰਨਿਆ ਕਿ ਉਸਦੀ ਸੱਸ ਨੂੰ 8 ਕਿਲੋ ਪੋਸਤ ਸਹਿਤ ਕਾਬੂ ਕੀਤਾ ਗਿਆ ਸੀ ਜਿਸ ਦੀ ਜ਼ਮਾਨਤ ਹੋ ਗਈ ਹੈ l ਜਾਂਚ ਅਧਿਕਾਰੀ ਐਸਆਈ ਵੀਰਾ ਰਾਣੀ ਨੇ ਦੱਸਿਆ ਕਿ ਐਸਆਈ ਕਰਤਾਰ ਸਿੰਘ ਪੁਲਿਸ ਟੀਮ ਨਾਲ ਮੰਗਲਵਾਰ ਸ਼ਾਮ ਸਾਢੇ ਪੰਜ ਵਜੇ ਗਸ਼ਤ ਕਰਦੇ ਹੋਏ ਟੀ ਪੁਆਇੰਟ ਕਮਰੇਵਾਲਾ ਪਹੁੰਚੇ ਤਾਂ ਸਾਹਮਣੇ ਤੋਂ ਇੱਕ ਔਰਤ ਹੱਥ ਵਿੱਚ ਲਿਫਾਫਾ ਫੜੀ ਆਉਂਦੀ ਦਿਖਾਈ ਦਿੱਤੀ ਜਿਸਦੀ ਤਲਾਸ਼ੀ ਲੈਣ ‘ਤੇ ਉਸ ਕੋਲੋਂ 2400 ਨਸ਼ੀਲੀ ਗੋਲੀਆਂ ਕੈਲਵੀਡੋਲ, 100 ਐਸਆਰ ਅਤੇ 800 ਨਸ਼ੀਲੀ ਗੋਲੀਆਂ ਐਲਪਰਾਜੋਲਮ ਬਰਾਮਦ ਹੋਈਆਂ ਹਨ l ਫੜੀ ਗਈ ਔਰਤ ਦੀ ਪਹਿਚਾਣ ਨਿਰਮਲਾ ਰਾਣੀ ਉਰਫ ਨਿੰਮੋ ਵਾਸੀ ਮਹਾਲਮ ਦੇ ਰੂਪ ਵਿੱਚ ਹੋਈ ਹੈ ਜਿਸ ‘ਤੇ ਐਨਡੀਪੀਐਸ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ l
