ਪਟਿਆਲਾ : ਇੰਝ ਜਾਪਦਾ ਹੈ ਜਿਵੇਂ ਕਰਫਿਊ ਤੇ ਤਾਲਾਬੰਦੀ ਦੇ ਸ਼ੁਰੁਆਤੀ ਦਿਨਾਂ ‘ਚ ਡੰਡਿਆਂ ਨਾਲ ਲੋਕਾਂ ਦੇ ਪੁੜੇ ਸੇਕਣ ਵਾਲੀ ਪੁਲਿਸ ਹੁਣ ਲੋਕਾਂ ਦੇ ਜ਼ਖਮਾਂ ‘ਤੇ ਕੇਕ ਦਾ ਮਲ੍ਹਮ ਲਾਕੇ ਆਪਣੇ ਵਿਗੜੇ ਹੋਏ ਅਕਸ ਨੂੰ ਸੁਧਾਰਨ ਦਾ ਹਰ ਉਪਰਾਲਾ ਕਰਨ ‘ਚ ਰੁੱਝੀ ਹੋਈ ਐ। ਕਿਤੇ ਕਿਸੇ ਦੇ ਜਨਮ ਦਿਨ ਦਾ ਕੇਕ ਉਸਦੇ ਘਰ ਜਾਕੇ ਕਟਵਾਕੇ, ਕਿਤੇ ਕਿਸੇ ਦੇ ਵਿਆਹ ਦਾ ਕੇਕ ਸੜਕ ‘ਤੇ ਕਟਵਾ ਕੇ ਤੇ ਕਿਤੇ ਕਿਸੇ ਦੇ ਜਨਮ ਦਿਨ ਦਾ ਕੇਕ ਨਾਕੇ ‘ਤੇ ਕਟਵਾਕੇ। ਇਹੋ ਜਿਹਾ ਹੀ ਇੱਕ ਕੇਕ ਪਟਿਆਲਾ ਦੀ ਤ੍ਰਿਪੜੀ ਥਾਣਾ ਪੁਲਿਸ ਨੇ ਵੀ ਕੱਟਿਆ ਹੈ ਤੇ ਉਹ ਵੀ ਪੁਲਿਸ ਨਾਕੇ ‘ਤੇ। ਜਿਸ ਬਾਰੇ ਐਸਐਸਪੀ ਪਟਿਆਲਾ ਸ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ SHO ਤ੍ਰਿਪੜੀ ਨੇ ਸਮੇਤ ਸਟਾਫ ਇਹ ਕੇਕ ਪਟਿਆਲ਼ਾ ਦੇ ਤ੍ਰਿਪੜੀ ਇਲਾਕੇ ਦੀ ਰਹਿਣ ਵਾਲੀ ਤੇ ਬੋਲਣ-ਸੁਣਨ ‘ਚ ਅਸਮਰਥ ਸੋਨੂੰ ਨਾਮ ਦੀ ਬੱਚੀ, ਦੇ ਜਨਮਦਿਨ ਮੌਕੇ ਪੁਲਿਸ ਨਾਕੇ ਤੇ ਹੀ ਕੱਟ ਕੇ ਉਸਦਾ ਜਨਮ ਦਿਨ ਮਨਾਇਆ।
ਐਸਐਸਪੀ ਅਨੁਸਾਰ ਥਾਣਾ ਤ੍ਰਿਪੜੀ ਦੇ ਐਸਐਚਓ ਜਦੋਂ ਸਮੇਤ ਸਟਾਫ ਨਾਕੇ ‘ਤੇ ਡਿਊਟੀ ਦੇ ਰਹੇ ਸੀ ਤਾਂ ਉਨ੍ਹਾਂ ਕੋਲ 2 ਬੱਚੇ ਨਾਕੇ ‘ਤੇ ਆਏ। ਜਿਨ੍ਹਾਂ ਵਿਚੋਂ ਇਕ ਬੱਚੇ ਨੇ ਪੁਲਿਸ ਪਾਰਟੀ ਨੂੰ ਦੱਸਿਆ ਕਿ ਉਸਦੀ ਭੈਣ ਸੁਣ ਬੋਲ ਨਹੀਂ ਸਕਦੀ ਅਤੇ ਅੱਜ ਉਸਦਾ ਉਸਦਾ ਜਨਮਦਿਨ ਹੈ। ਬੱਚੇ ਵਲੋਂ ਆਪਣੀ ਭੈਣ ਦਾ ਜਨਮ ਦਿਨ ਮਨਾਉਣ ਦੀ ਗੁਜ਼ਾਰਿਸ਼ ਕੀਤੇ ਜਾਣ ਮਗਰੋਂ, ਐਸਐਚਓ ਤ੍ਰਿਪੜੀ ਨੇ ਮੌਕੇ ‘ਤੇ 2 ਕੇਕ ਮੰਗਵਾਏ। ਜਿਨ੍ਹਾਂ ਵਿਚੋਂ ਇਕ ਕੇਕ ਪੁਲਿਸ ਪਾਰਟੀ ਅਤੇ ਬੱਚਿਆਂ ਨੇ ਮੌਕੇ ‘ਤੇ ਨਾਕੇ ਤੇ ਹੀ ਕੱਟਿਆ ਤੇ ਉਹ ਸਾਰੇ ਉਸ ਸੁਣਨ ਬੋਲਣ ਤੋਂ ਵਾਂਝੀ ਬੱਚੀ ਦੇ ਜਨਮਦਿਨ ਦੀ ਖੁਸ਼ੀ ਵਿਚ ਸ਼ਰੀਕ ਹੋਏ ਅਤੇ ਦੂਜਾ ਕੇਕ ਪੁਲਿਸ ਪਾਰਟੀ ਨੇ ਉਸ ਨੂੰ ਘਰ ਲੈ ਕੇ ਜਾਣ ਨੂੰ ਦਿੱਤਾ। ਗੱਲ ਛੋਟੀ ਜਿਹੀ ਜ਼ਰੂਰ ਸੀ ਪਰ ਦੇਖਣ ਵਾਲਿਆਂ ਨੇ ਇਸ ਗੱਲ ਦੀ ਪੁਲਿਸ ਵਾਲਿਆਂ ਨੂੰ ਜਿਹੜੀ ਦਾਦ ਦਿੱਤੀ ਹੈ ਉਸ ਨੂੰ ਜੇਕਰ ਇਨਸਾਨ ਦੇ ਰੂਹ ਦੀ ਖੁਰਾਕ ਕਹਿ ਲਿਆ ਜਾਈ ਤਾਂ ਇਸ ਵਿਚ ਕੋਈ ਝੂਠ ਨਹੀਂ ਹੋਏਗਾ।