ਲੁਧਿਆਣਾ : ਫ਼ੋਕਲ ਪੁਆਇੰਟ ਅਤੇ ਰਾਜੀਵ ਗਾਂਧੀ ਕਲੋਨੀ ਵਿੱਚ ਨਗਰ ਨਿਗਮ ਦੀ ਟੀਮ ਜਦੋਂ ਗੈਰ ਕਾਨੂੰਨੀ ਢੰਗ ਨਾਲ ਬਣੀਆਂ ਝੁੱਗੀ ਝੌਂਪੜੀਆਂ ਦੇ ਖਿਲਾਫ਼ ਕਾਰਵਾਈ ਕਰਨ ਪਹੁੰਚੀ ਤਾਂ ਸਾਰੀ ਟੀਮ ਨੂੰ ਲੋਕਾਂ ਦੇ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ l ਬੁੱਧਵਾਰ ਸਵੇਰੇ ਨਗਰ ਨਿਗਮ ਦੀ ਟੀਮ ਪੁਲਿਸ ਬਲ ਨਾਲ ਜਦੋਂ ਮੌਕੇ ਤੇ ਪਹੁੰਚੀ ਤਾਂ ਲੋਕਾਂ ਨੇ ਝੁੱਗੀ ਝੌਂਪੜੀਆਂ ਤੱਕ ਜਾਣ ਵਾਲੇ ਹਰ ਰਸਤੇ ਤੇ ਰੋਕ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ l ਇਸ ਦੌਰਾਨ ਇਲਾਕੇ ਵਿੱਚ ਪਹੁੰਚੇ ਨਗਰ ਨਿਗਮ ਦੇ ਟਿੱਪਰ ਨੂੰ ਵੀ ਲੋਕਾਂ ਨੇ ਘੇਰ ਲਿਆ ਅਤੇ ਅੱਗੇ ਵੱਧਣ ਤੋਂ ਰੋਕ ਲਿਆ l ਲੋਕਾਂ ਦੇ ਇਸ ਵਿਰੋਧ ਪ੍ਰਦਰਸ਼ਨ ਦਾ ਇਲਾਕਾ ਵਿਧਾਇਕ ਸਜਯ ਤਲਵਾੜ ਨੇ ਸਮਰਥਨ ਕਰਦੇ ਹੋਏ ਕਿਹਾ ਕਿ ਸਰਦੀ ਦੇ ਮੌਸਮ ਵਿੱਚ ਨਿਗਮ ਦੀ ਕਾਰਵਾਈ ਸਹੀ ਨਹੀਂ ਹੈ l ਉੱਥੇ ਹੀ ਮੌਕੇ ਤੇ ਪਹੁੰਚੇ ਅਕਾਲੀ ਦਲ ਦੇ ਪ੍ਰਧਾਨ ਰਣਜੀਤ ਢਿੱਲੋਂ ਨੇ ਵੀ ਲੋਕਾਂ ਦਾ ਸਾਥ ਦਿੰਦੇ ਹੋਏ ਕਿਹਾ ਕਿ ਲੋਕਾਂ ਨੂੰ ਕੁਝ ਸਮੇਂ ਦੀ ਮੋਹਲਤ ਦੇ ਦੇਣੀ ਚਾਹੀਦੀ ਹੈ l ਸਰਦੀ ਦੇ ਮੌਸਮ ਵਿੱਚ ਕਈ ਲੋਕ ਬੇਘਰ ਹੋ ਜਾਣਗੇ, ਜੋ ਕਿ ਸਹੀ ਨਹੀਂ ਹੈ l
ਭਾਰੀ ਤਨਾਅ ਨੂੰ ਦੇਖਦੇ ਹੋਏ ਜ਼ੋਨਲ ਕਮਿਸ਼ਨਰ ਸਵਾਤੀ ਟਿਵਾਣਾ, ਈਐਸਆਈਸੀ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਅਤੇ ਏਡੀਸੀਪੀ ਅਰਵਿੰਦਰ ਸਿੰਘ ਵੀ ਪੁਲਿਸ ਫੋਰਸ ਦੇ ਨਾਲ ਸਥਿਤੀ ਦਾ ਜ਼ਾਇਜ਼ਾ ਲੈਣ ਪਹੁੰਚੇ l ਇਸ ਤੋਂ ਬਾਅਦ ਅਧਿਕਾਰੀਆਂ ਦੀ ਬੈਠਕ ਵਿੱਚ ਕਾਰਵਾਈ ਨੂੰ ਸਰਦੀ ਬੀਤ ਤੱਕ ਟਾਲਣ ਦਾ ਫ਼ੈਸਲਾ ਕੀਤਾ ਗਿਆ ਹੈ l ਈਐਸਆਈਸੀ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਸਰਦੀਆਂ ਵਿੱਚ ਕੋਈ ਵੀ ਕਾਰਵਾਈ ਨਹੀਂ ਕੀਤੀ ਜਾਵੇਗੀ ਅਤੇ ਇਸ ਫੈਸਲੇ ਤੇ ਇਲਾਕਾ ਵਾਸੀਆਂ ਨੇ ਵੀ ਸਹਿਮਤੀ ਦਿੱਤੀ ਹੈ l