ਸੰਗਰੂਰ : ਦੇਸ਼ ਵਿੱਚ ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਤਾਲਾਬੰਦੀ ਦੇ ਹੁਕਮ ਹੋਣ ਕਾਰਨ ਬਹੁਤ ਵਾਰ ਅਜਿਹੀਆਂ ਘਟਨਾਵਾਂ ਦੇਖਣ ਨੂੰ ਮਿਲਦੀਆਂ ਹਨ, ਜਿਸ ਨੂੰ ਦੇਖ ਸੁਣ ਕੇ ਲੋਕ ਹੈਰਾਨ ਹੋਏ ਬਿਨਾਂ ਨਹੀਂ ਰਹਿ ਪਾਉਂਦੇ ਤੇ ਜੇਕਰ ਉਸ ਘਟਨਾ ਵਿੱਚ ਪੁਲਿਸ ਕੋਈ ਅਜਿਹਾ ਕੰਮ ਕਰ ਦੇਵੇ, ਜਿਹੜਾ ਪੁਲਿਸ ਦੀ ਸਮਾਜਿਕ ਦਿੱਖ ਤੋਂ ਉਲਟ ਹੋਵੇ ਤਾਂ ਇਹ ਹੈਰਾਨੀ ਅੰਖਾਂ ਪਾੜ ਦੇਣ ਵਾਲੇ ਹਾਲਾਤ ਤੱਕ ਪਹੁੰਚ ਜਾਂਦੀ ਹੈ।ਜੀ ਹਾਂ ਇਹ ਬਿਲਕੁਲ ਸੱਚ ਹੈ ਤੇ ਇਹ ਸੱਚ ਵਾਪਰਿਐ ਪੰਜਾਬ ਦੇ ਜਿ਼ਲ੍ਹਾ ਸੰਗਰੂਰ ਅੰਦਰ, ਜਿੱਥੇ ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਲੱਗੇ ਕਰਫਿਊ ਦੌਰਾਨ ਸੁੰਨੀਆਂ ਪਈਆਂ ਸੜਕਾਂ ਤੇ ਜਦੋਂ ਇੱਕ ਨਵਾਂ ਵਿਆਹਿਆ ਜੋੜਾ ਆਪਣੇ ਬੁਲੇਟ ਮੋਟਰਸਾਈਕਲ ਤੇ ਸਵਾਰ ਹੋ ਕੇ ਘਰ ਆ ਰਿਹਾ ਸੀ ਤਾਂ ਰਸਤੇ ਵਿੱਚ ਉਨ੍ਹਾਂ ਨਾਲ ਅਜਿਹਾ ਕੰਮ ਹੋਇਆ ਕਿ ਲੋਕ ਆਪਣੇ ਘਰਾਂ ਅਤੇ ਖਿੜਕੀ ਦੀਆਂ ਛੱਤਾਂ ਤੋਂ ਝਾਕੇ ਬਿਨਾਂ ਨਹੀਂ ਰਹਿ ਸਕੇ।ਇਹ ਕੰਮ ਸੀ ਪੁਲਿਸ ਵੱਲੋਂ ਇਸ ਨਵੇਂ ਵਿਆਹੇ ਜੋੜੇ ਦਾ ਫੁੱਲਾਂ ਦੇ ਗੁਲਦਸਤੇ ਅਤੇ ਮਿਠਾਈ ਦੇ ਡੱਬੇ ਦੇ ਕੇ ਇਸ ਲਈ ਸਵਾਗਤ ਕਰਨਾ ਕਿਉਂਕਿ ਇਸ ਜੋੜੇੇ ਨੇ ਕਰਫਿਊ ਦੇ ਨਿਯਮਾਂ ਦੀ ਪਾਲਣਾ ਕਰਦਿਆਂ ਇਹ ਵਿਆਹ ਕਰਵਾਇਆ ਸੀ।ਇਸ ਦੌਰਾਨ ਪੁਲਿਸ ਵਾਲਿਆਂ ਨੇ ਖੁਦ ਆਪਣੀ ਗੱਡੀ ਉਨ੍ਹਾਂ ਦੇ ਬੁਲੇਟ ਮੋਟਰਸਾਈਕਲ ਦੇ ਅੱਗੇ ਲਾਈ ਤੇ ਉਨ੍ਹਾਂ ਨੂੰ ਘਰ ਤੱਕ ਛੱਡ ਕੇ ਆਏ।ਸ਼ਾਇਦ ਇਹ ਬਹੁਤੀ ਵਾਰ ਨਹੀਂ ਹੋਇਆ ਹੋਵੇਗਾ ਕਿ ਪੁਲਿਸ ਵਾਲੇ ਆਪਣੀ ਗੱਡੀ ਨਾਲ ਸਾਇਰਨ ਵਜਾਉਦਿਆਂ ਐਸਕਾਟ ਕਰਕੇ ਲਾੜਾ ਲਾੜੀ ਨੂੰ ਉਸ ਦੇ ਘਰ ਛੱਡ ਕੇ ਆਏ ਹੋਣ।
ਏਸ ਸੰਬੰਧ ਵਿੱਚ ਲਹਿਰਾਗਾਗਾ ਸਿਟੀ ਥਾਣੇ ਦੇ ਇੰਚਾਰਜ ਇੰਸਪੈਕਟਰ ਪੁਰਸ਼ੋਤਮ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਬੇਹੱਦ ਖੁਸ਼ੀ ਹੋਈ ਹੈ ਕਿ ਇਸ ਜੋੜੇ ਨੇ ਪੰਜਾਬ ਸਰਕਾਰ ਦੇ ਹੁਕਮਾਂ ਤਹਿਤ ਵਿਆਹ ਵਿੱਚ ਜਿ਼ਆਦਾ ਇੱਕਠ ਨਹੀਂ ਕੀਤਾ ਤੇ ਏਸੇ ਲਈ ਪੁਲਿਸ ਨੇ ਲਾੜੇ ਲਾੜੀ ਦਾ ਸਵਾਗਤ ਵੀ ਕੀਤਾ ਹੈ ਤਾਂ ਕਿ ਲੋਕ ਇਨ੍ਹਾਂ ਨੂੰ ਦੇਖ ਕੇ ਕੁਝ ਸਿੱਖਣ ਤੇ ਵਿਆਹ, ਸ਼ਾਦੀਆਂ ਵਿੱਚ ਜਿ਼ਆਦਾ ਖਰਚ ਕਰਨ ਤੋਂ ਬਚਣ।ਦੱਸ ਦਈਏ ਕਿ ਇਹ ਵਿਆਹ ਲਹਿਰਾਗਾਗਾ ਦੇ ਰਹਿਣ ਵਾਲੇ ਸੰਗਰੂਰ ਦੇ ਹੀ ਧੂਰੀ ਸ਼ਹਿਰ ਵਿੱਚ ਰਹਿਣ ਵਾਲੀ ਯਸਿ਼ਕਾ ਨਾਲ ਕਰਵਾਇਆ ਹੈ, ਜਿਸ ਬਾਰੇ ਦੀਪਕ ਦਾ ਕਹਿਣਾ ਹੈ ਕਿ ਉਹ ਇਸ ਗੱਲ ਨੂੰ ਲੈ ਕੇ ਬੇਹੱਦ ਖੁਸ਼ ਹੈ ਕਿ ਉਹ ਆਪਣੀ ਪਤਨੀ ਦੀ ਡੋਲੀ ਬਾਈਕ ਤੇ ਲੈ ਕੇ ਆਇਆ ਹੈ।ਜਦ ਕਿ ਯਸਿ਼ਕਾ ਅਨੁਸਾਰ ਸਾਦੇ ਢੰਗ ਨਾਲ ਵਿਆਹ ਕਰਾਉਣ ਤੇ ਉਨ੍ਹਾਂ ਨੂੰ ਬਹੁਤ ਚੰਗਾ ਲੱਗਿਆ ਇਸ ਨਾਲ ਫਾਲਤੂ ਖਰਚ ਵੀ ਬਚਿਆ ਤੇ ਦੂਜਾ ਜਿਹੜਾ ਪੁਲਿਸ ਵੱਲੋਂ ਜੋ ਸਵਾਗਤ ਕੀਤਾ ਗਿਆ ਉਹ ਬੇਹੱਦ ਰੋਮਾਂਚਕ ਸੀ।
