ਚੰਡੀਗੜ੍ਹ : ਪੰਜਾਬ ਵਿੱਚ ਬੁੱਧਵਾਰ ਤੋਂ ਪੰਜਾਬ ਰੋਡਵੇਜ਼ ਦੀ ਬੱਸਾਂ 50 ਫੀਸਦੀ ਸਵਾਰੀਆਂ ਦੇ ਨਾਲ ਮੁੱਖ ਸ਼ਹਿਰਾਂ ਅਤੇ ਜ਼ਿਲ੍ਹਾ ਦਫਤਰਾਂ ਦੇ ਵਿੱਚ ਕੁਝ ਚੋਣਵੇਂ ਰੂਟਾਂ ‘ਤੇ ਚੱਲਣਗੀਆਂ। ਦੱਸ ਦਈਏ ਕਿ ਇਹ ਬੱਸਾਂ ਸਿਰਫ਼ ਬੱਸ ਸਟੈਂਡ ਤੋਂ ਹੀ ਚੱਲਣਗੀਆਂ, ਜਿੱਥੇ ਸਾਰੇ ਯਾਤਰੀਆਂ ਦੀ ਬੱਸਾਂ ਵਿੱਚ ਚੜਨ ਤੋਂ ਪਹਿਲਾਂ ਜਾਂਚ ਕੀਤੀ ਜਾਵੇਗੀ। ਇਸ ਦੇ ਨਾਲ ਹੀ ਦੂਜੇ ਰਾਜਾਂ ਵਿੱਚ ਬੱਸਾਂ ਭੇਜਣ ‘ਤੇ 31 ਮਈ ਤੱਕ ਰੋਕ ਜਾਰੀ ਰਹੇਗੀ।
ਇਹ ਜਾਣਕਾਰੀ ਪੰਜਾਬ ਦੀ ਟਰਾਂਸਪੋਰਟ ਮੰਤਰੀ ਰਜ਼ੀਆ ਸੁਲਤਾਨਾ ਨੇ ਸੋਮਵਾਰ ਨੂੰ ਟਰਾਂਸਪੋਰਟ ਵਿਭਾਗ ਦੀ ਮੀਟਿੰਗ ਦੀ ਅਗਵਾਈ ਕਰਦੇ ਹੋਏ ਦਿੱਤੀ। ਉਨ੍ਹਾਂ ਕਿਹਾ ਕਿ ਵਿਭਾਗ ਇਹ ਪੱਕਾ ਕਰੇਗਾ ਕਿ ਸਾਰੇ ਯਾਤਰੀ ਸਮਾਜਿਕ ਦੂਰੀ ਬਣਾ ਕੇ ਰੱਖਣ। ਇਸ ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਸਾਰਿਆਂ ਦਾ ਮਾਸਕ ਪਾਉਣਾ ਜ਼ਰੂਰੀ ਹੋਵੇਗਾ ਤੇ ਡਰਾਇਵਰਾਂ ਵੱਲੋਂ ਦਿੱਤੇ ਗਏ ਸਨੇਟਿਜ਼ਰ ਰਾਹੀਂ ਆਪਣੇ ਹੱਥਾਂ ਨੂੰ ਸਾਫ ਵੀ ਕਰਨਾ ਹੋਵੇਗਾ। ਉਨ੍ਹਾਂ ਕਿਹਾ ਕਿ ਕੰਟੋਨਮੈਂਟ ਜ਼ੋਨ ਵਿੱਚ ਬੱਸਾਂ ਨਹੀਂ ਚੱਲਣਗੀਆਂ।
ਰਜ਼ੀਆ ਸੁਲਤਾਨਾ ਨੇ ਕਿਹਾ ਕਿ ਟੈਕਸੀ, ਚਾਰ ਪਹੀਆ ਵਾਹਨ ਵਿੱਚ ਇਕ ਚਾਲਕ ਅਤੇ 2 ਯਾਤਰੀ ਹੀ ਸਵਾਰ ਹੋ ਸਕਣਗੇ। ਇਸੀ ਤਰ੍ਹਾਂ ਰਿਕਸ਼ਾ ਅਤੇ ਆਟੋ ਵਿੱਚ ਇਕ ਚਾਲਕ ਅਤੇ 2 ਯਾਤਰੀਆਂ ਦੀ ਇਜਾਜ਼ਤ ਹੋਵੇਗੀ। ਦੋਪਹੀਆ ਵਾਹਨਾਂ ਅਤੇ ਸਾਈਕਲਾਂ ‘ਤੇ ਸਿਰਫ਼ ਇੱਕ ਸਵਾਰ ਜਾਂ ਪਤੀ ਪਤਨੀ ਜਾ ਸਕਦੇ ਹਨ। ਇਸ ਤੋਂ ਇਲਾਵਾ ਸਵਾਰ ਦੇ ਨਾਲ ਇਕ ਛੋਟਾ ਬੱਚਾ ਵੀ ਜਾ ਸਕਦਾ ਹੈ।
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਵਿੱਚ ਟਰਾਂਸਪੋਰਟ ਵਿਭਾਗ ਨੂੰ ਨਾਨ ਕੰਟਨਮੈਂਟ ਜ਼ੋਨ ਵਿੱਚ ਬੱਸ ਸੇਵਾ ਬਹਾਲ ਕਰਨ ਲਈ ਨਿਰਧਾਰਿਤ ਸੰਚਾਲਨ ਤਰੀਕੇ ਦੀ ਰੂਪਰੇਖਾ ਤਿਆਰ ਕਰਨ ਨੂੰ ਕਿਹਾ ਹੈ। ਇਸ ਤੋਂ ਇਲਾਵਾ ਓਹਨਾਂ ਨੇ ਪੁਲਿਸ ਨੂੰ ਬਿਨਾਂ ਮਾਸਕ ਬਾਹਰ ਨਿਕਲਣ ਵਾਲਿਆਂ ਦੇ ਚਲਾਨ ਕੱਟਣ ਦੇ ਵੀ ਹੁਕਮ ਦਿੱਤੇ।
ਕੈਪਟਨ ਨੇ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਟਰਾਂਸਪੋਰਟ ਵਿਭਾਗ ਨੂੰ 31 ਮਈ ਮਗਰੋਂ ਸ਼ੁਰੂ ਹੋਣ ਵਾਲੀ ਅੰਤਰਰਾਜੀ ਬੱਸ ਸੇਵਾ ਲਈ ਸਖਤੀ ਨਾਲ ਪ੍ਰੋਟੋਕਾਲ ਅਮਲ ਵਿੱਚ ਲਿਆਉਣ ਦੇ ਹੁਕਮ ਦਿੱਤੇ। ਉਨ੍ਹਾਂ ਕਿਹਾ ਕਿ ਸੇਵਾ ਬਹਾਲ ਕਰਨ ਤੋਂ ਪਹਿਲਾਂ ਬੱਸਾਂ ਨੂੰ ਵਿਸ਼ਾਣੂ ਮੁਕਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਸੂਬੇ ਅੰਦਰ ਹੁਣ ਸਿਰਫ਼ 2 ਜ਼ੋਨ ਹੋਣਗੇ-ਕੰਟਨਮੈਂਟ ਜ਼ੋਨ ਅਤੇ ਬਫਰ ਜ਼ੋਨ।
ਵਿਸ਼ੇਸ਼ ਰੇਲ ਗੱਡੀਆਂ ਅਤੇ ਹਵਾਈ ਜਹਾਜ਼ਾਂ ਰਾਂਹੀ ਪ੍ਰਵਾਸੀਆਂ, ਐਨਆਰਆਈ ਅਤੇ ਹੋਰ ਸੂਬਿਆਂ ਤੋਂ ਲਗਾਤਾਰ ਪ੍ਰਵੇਸ਼ ਦਾ ਹਵਾਲਾ ਦਿੰਦੇ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਨ੍ਹਾਂ ਦੇ ਇਕਾਂਤਵਾਸ ਦੇ ਨਿਯਮਾਂ ਦਾ ਸਖ਼ਤੀ ਨਾਲ ਪਾਲਣ ਕਰਨ ਦੇ ਲਈ ਆਪਣੀਆਂ ਪਹਿਲੀਆਂ ਹਿਦਾਇਤਾਂ ਨੂੰ ਦੁਹਰਾਇਆ। ਉਨ੍ਹਾਂ ਦਸਿਆ ਕਿ ਹੁਣ ਤੱਕ 60,000 ਪੰਜਾਬੀਆਂ ਸੂਬੇ ਵਿੱਚ ਵਾਪਸੀ ਲਈ ਰਜਿਸਟ੍ਰੇਸ਼ਨ ਕਰਵਾਇਆ ਹੈ। ਇਸ ਤਰ੍ਹਾਂ 20,000 ਐਨਆਰਆਈ ਦੇ ਵਾਪਿਸ ਆਉਣ ਦੀ ਉਮੀਦ ਹੈ।