ਚੰਡੀਗੜ੍ਹ : ਲੰਘੇ ਦਿਨੀਂ ਲੁਧਿਆਣਾ ਨਾਰਥ ਵਿੱਚ ਤੈਨਾਤ ਪੁਲਿਸ ਦੇ ਇੱਕ ਡੀਸੀਪੀ ਨੂੰ ਕੋਰੋਨਾ ਪਾਜ਼ੀਟਿਵ ਪਾਏ ਜਾਣ ਉਪਰੰਤ ਜਦੋਂ ਵੈਂਟੀਲੇਟਰ ਤੇ ਰੱਖਿਆ ਤੇ ਉਸ ਤੋਂ ਬਾਅਦ ਉਸ ਦੇ ਗੰਨਮੈਨਾਂ ਨੂੰ ਘਰੋਂ ਘਰੀ ਤੋਰ ਦਿੱਤਾ ਗਿਆ ਸੀ ਤਾਂ ਉਹ ਮਾਮਲਾ ਬੇਹੱਦ ਤੂਲ ਫੜ ਗਿਆ ਸੀ।ਇਸ ਦੌਰਾਨ ਉਹ ਮਾਮਲਾ ਅਜੇ ਵਿੱਚ ਹੀ ਸੀ ਕਿ ਪੰਜਾਬ ਮਾਲ ਵਿਭਾਗ ਦੇ ਲੁਧਿਆਣਾ ਵਿਖੇ ਤੈਨਾਤ ਰਹੇ ਇੱਕ ਕਾਨੂੰਨਗੋ ਦੀ ਕੋਰੋਨਾ ਵਾਇਰਸ ਨਾਲ ਮੌਤ ਹੋ ਗਈ ਹੈ।
ਇਸ ਗੱਲ ਦੀ ਪੁਸ਼ਟੀ ਸੂਬੇ ਦੇ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਨੇ ਕਰਦਿਆਂ ਕਿਹਾ ਹੈ ਕਿ ਮ੍ਰਿਤਕ ਕਾਨੂੰਨਗੋ ਨੂੰ ਵਾਇਰਸ ਇਨਫੈਕਸ਼ਨ ਹੋਣ ਤੋਂ ਪਹਿਲਾਂ ਅਜਿਹੇ ਕੋਈ ਲੱਛਣ ਦਿਖਾਈ ਨਹੀਂ ਦਿੱਤੇ ਸਨ ਪਰ ਲੰਘੇ ਵੀਰਵਾਰ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਸੀ, ਜਿਸ ਦੀ ਕਿ ਹੁਣ ਮੌਤ ਹੋ ਗਈ ਹੈ।ਮੰਤਰੀ ਸਿੱਧੂ ਨੇ ਇਸ ਗੱਲ ਤੇ ਚਿੰਤਾ ਜਤਾਉਦਿਆਂ ਕਿਹਾ ਕਿ ਇਹ ਵੱਡਾ ਅਧਿਕਾਰੀ ਆਪਣੀ ਡਿਊਟੀ ਤੇ ਪੂਰੀ ਤਰ੍ਹਾਂ ਮੁਸ਼ਤੈਦ ਅਤੇ ਸਰਗਰਮ ਰਿਹਾ ਹੈ।ਲਿਹਾਜ਼ਾ ਲੁਧਿਆਣੇ ਦੇ ਪਿੰਡਾਂ ਵਿੱਚ ਪ੍ਰਸ਼ਾਸ਼ਨ ਵੱਲੋਂ ਜ਼ੋਰਦਾਰ ਢੰਗ ਨਾਲ ਨਿਗਰਾਨੀ ਕੀਤੀ ਜਾ ਰਹੀ ਹੈ ਤੇ ਸਿਹਤ ਵਿਭਾਗ ਦੀਆਂ ਟੀਮਾਂ ਵੀ ਪਿੰਡਾਂ ਅੰਦਰ ਸਕਰੀਨਿੰਗ ਕਰ ਰਹੀਆਂ ਹਨ।