ਗੁਰਦਾਸਪੁਰ : ਕੋਰੋਨਾ ਵਾਇਰਸ ਦੇ ਕਾਰਨ ਕੀਤੇ ਗਏ ਲਾਕਡਾਊਨ ਦੇ ਦੌਰਾਨ ਗੁਰਦਾਸਪੁਰ ਦੇ ਪਿੰਡ ਦਤਾਰਪੁਰ ਵਿੱਚ ਪਿੰਡ ਦੇ ਕੁਝ ਲੋਕਾਂ ਨੇ ਪਿੰਡ ਦੇ ਬਾਹਰ ਨਾਕਾ ਲਾਇਆ ਹੋਇਆ ਸੀ ਕਿ ਬਾਹਰ ਦਾ ਵਿਅਕਤੀ ਪਿੰਡ ਦੇ ਅੰਦਰ ਨਾ ਆ ਸਕੇ ਅਤੇ ਕੋਈ ਪਿੰਡ ਤੋਂ ਬਾਹਰ ਨਾ ਜਾ ਸਕੇ ਪਰ ਦੋਸ਼ ਐ ਕਿ ਕੱਲ ਦੇਰ ਸ਼ਾਮ ਪਿੰਡ ਦਾ ਇੱਕ ਦਲਿਤ ਸਮਾਜ ਦਾ ਨੌਜਵਾਨ ਰੋਜ਼ੀ ਰੋਟੀ ਤੋਂ ਤੰਗ ਪਲੰਬਰ ਦਾ ਕੰਮ ਕਰਨ ਦੇ ਲਈ ਜਿਓਂ ਹੀ ਪਿੰਡ ਦੇ ਬਾਹਰ ਜਾਣ ਲੱਗਾ ਤਾਂ ਪਿੰਡ ਦੇ ਕੁਝ ਲੋਕਾਂ ਨੇ ਉਸ ਨੌਜਵਾਨ ਨੂੰ ਨਾਕੇ ਤੇ ਕਾਫੀ ਜ਼ਲੀਲ ਕੀਤਾ ਅਤੇ ਉਸ ਤੇ ਮਾਮਲਾ ਦਰਜ ਕਰਵਾਉਣ ਦੀ ਧਮਕੀਆਂ ਵੀ ਦਿੱਤੀਆਂ ਜਿਸ ਦੇ ਕਾਰਨ ਨੌਜਵਾਨ ਨੇ ਬੇਇੱਜ਼ਤੀ ਨਾ ਸਹਾਰਦੇ ਹੋਏ ਪਰੇਸ਼ਾਨ ਹੋ ਕੇ ਘਰ ਵਿੱਚ ਹੀ ਫਾਂਸੀ ਲਾ ਕੇ ਆਪਣੀ ਜਾਨ ਦੇ ਦਿੱਤੀ।ਫਿਲਹਾਲ ਪੁਲਿਸ ਨੇ ਪਿੰਡ ਦੇ ਦੋ ਲੋਕਾਂ ਤੇ ਮਾਮਲਾ ਦਰਜ ਕਰਕੇ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ।
ਜਾਣਕਾਰੀ ਦਿੰਦੇ ਹੋਏ 18 ਸਾਲ ਦੇ ਮ੍ਰਿਤਕ ਨੌਜਵਾਨ ਜਸਵਿੰਦਰ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਮ੍ਰਿਤਕ ਪਲੰਬਰ ਦਾ ਕੰਮ ਕਰਦਾ ਸੀ ਅਤੇ ਲਾਕਡਾਊਨ ਤੇ ਕਰਫਿਊ ਦੌਰਾਨ ਤੰਗੀ ਦੀ ਹਾਲਤ ਵਿੱਚ ਕੱਲ ਦੇਰ ਸ਼ਾਮ ਉਹ ਪਿੰਡ ਦੇ ਬਾਹਰ ਕਿਸੇ ਦੇ ਘਰ ਕੰਮ ਕਰਨ ਲਈ ਜਾਣਾ ਚਾਹੁੰਦਾ ਸੀ ਪਰ ਪਿੰਡ ਦੇ ਬਾਹਰ ਉੱਥੋਂ ਦੇ ਕੁਝ ਲੋਕਾਂ ਨੇ ਨਾਕਾਬੰਦੀ ਕੀਤੀ ਹੋਈ ਸੀ।ਜਦੋਂ ਉਹ ਨਾਕੇ ਦੇ ਕੋਲ ਪਹੁੰਚਿਆ ਤੇ ਪਿੰਡ ਦੇ ਬਾਹਰ ਜਾਣ ਦੇ ਲਈ ਕਹਿਣ ਲੱਗਾ ਤਾਂ ਦੋਸ਼ ਐ ਕਿ ਪਿੰਡ ਦੇ ਲੋਕਾਂ ਵੱਲੋਂ ਲਾਏ ਗਏ ਨਾਕੇ ਤੇ ਬੈਠੇ ਲੋਕਾਂ ਨੇ ਉਸ ਨੂੰ ਬਹੁਤ ਬੁਰਾ ਭਲਾ ਕਿਹਾ ਅਤੇ ਉਸ ਨੂੰ ਕਾਫੀ ਜ਼ਲੀਲ ਕੀਤਾ ਅਤੇ ਉਸ ਨੂੰ ਪੁਲਿਸ ਤੋਂ ਕੁਟਵਾਉਣ ਦੀਆਂ ਧਮਕੀਆਂ ਦਿੱਤੀਆਂ ਅਤੇ ਕਿਹਾ ਕਿ ਉਹ ਉਸ ਤੇ ਮਾਮਲਾ ਦਰਜ ਕਰਵਾ ਦੇਣਗੇ।ਜਿਸ ਤੋਂ ਪਰੇਸ਼ਾਨ ਹੋ ਕੇ ਅੱਜ ਉਸ ਨੇ ਫਾਂਸੀ ਲਾ ਕੇ ਆਤਮਹੱਤਿਆ ਕਰ ਲਈ।ਜਿਸ ਤੇ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨੇ ਇਨ੍ਹਾਂ ਤੇ ਸਖ਼ਤ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ ਹੈ।
ਉੱਧਰ ਦੂਜੇ ਪਾਸੇ ਇਸ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਇਲਾਕੇ ਦੇ ਥਾਣਾ ਮੁਖੀ ਸੁਦੇਸ਼ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਇੱਕ ਨੌਜਵਾਨ ਨੇ ਆਤਮਹੱਤਿਆ ਕਰ ਲਈ।ਮੌਕੇ ਤੇ ਪਹੁੰਚ ਕੇ ਲਾਸ਼ ਨੂੰ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਹੈ ਅਤੇ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਦੇ ਬਿਆਨ ਦਰਜ ਕਰ ਪਿੰਡ ਦੇ ਦੋ ਲੋਕਾਂ ਦੇ ਖਿਲਾਫ ਮਾਮਲਾ ਦਜ ਕਰ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।