ਅੰਮ੍ਰਿਤਸਰ : (ਹਰਜੀਤ ਗਰੇਵਾਲ) ਸ਼੍ਰੋਮਣੀ ਅਕਾਲੀ ਦਲ ਦੇ 99ਵੇਂ ਸਥਾਪਨਾ ਦਿਵਸ ਦੇ ਮੌਕੇ ਪਾਰਟੀ ਵੱਲੋਂ ਸੱਦੇ ਗਏ ਜਨਰਲ ਹਾਊਸ ਇਜਲਾਸ ਵਿਚ ਅੱਜ 600 ਦੇ ਕਰੀਬ ਅਹੁਦੇਦਾਰਾਂ ਦੀ ਆਪਸੀ ਸਹਿਮਤੀ ਬਣਨ ‘ਤੇ ਪਾਰਟੀ ਨੇ ਮੌਜੂਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਹੀ ਤੀਸਰੀ ਵਾਰ ਵੀ ਸਰਬਸੰਮਤੀ ਨਾਲ ਪਾਰਟੀ ਦਾ ਪ੍ਰਧਾਨ ਬਣਾ ਦਿੱਤਾ ਗਿਆ ਹੈ l ਦਰਬਾਰ ਸਾਹਿਬ ਅੰਮ੍ਰਿਤਸਰ ‘ਚ ਐਸਜੀਪੀਜੀਸੀ ਦੇ ਦਫ਼ਤਰ ਵਿਖੇ ਤੇਜਾ ਸਿੰਘ ਸਮੁੰਦਰੀ ਹਾਲ ਅੰਦਰ ਹੋਏ ਇਸ ਸਮਾਗਮ ਦੌਰਾਨ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਣਨ ਲਈ ਕਿਸੇ ਹੋਰ ਨਾਮ ਦੀ ਪੇਸ਼ਕਸ਼ ਨਾ ਆਉਣ ਦੇ ਬਾਅਦ ਸਾਰੀ ਕਮੇਟੀ ਨੇ ਮਿਲਕੇ ਸੁਖਬੀਰ ਬਾਦਲ ਨੂੰ ਹੀ ਪ੍ਰਧਾਨ ਦੀ ਜ਼ੁੰਮੇਵਾਰੀ ਦੇ ਦਿੱਤੀ ਹੈ, ਅਤੇ ਇਸਦੇ ਨਾਲ ਹੀ ਵਰਕਿੰਗ ਕਮੇਟੀ ਅਤੇ ਹੋਰ ਪਦਾਂ ਤੇ ਅਧਿਕਾਰੀਆਂ ਦੀ ਚੋਣ ਕਰਨ ਦਾ ਅਧਿਕਾਰ ਵੀ ਦਿੱਤਾ ਗਿਆ ਹੈ l
ਦਸ ਦਈਏ ਕਿ ਇਸ ਅਹੁਦੇ ਲਈ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਪਾਰਟੀ ਅੰਦਰੋਂ ਕਿਸੇ ਵੱਲੋਂ ਵੀ ਕੋਈ ਚੁਣੋਤੀ ਨਹੀਂ ਮਿਲੀ l ਇਸ ਤੋਂ ਪਹਿਲਾਂ ਇਹ ਕਿਆਸ ਲਗਾਏ ਜਾ ਰਹੇ ਸਨ ਕਿ ਪੰਜ ਵਾਰ ਮੁਖ ਮੰਤਰੀ ਰਹੇ 93ਵੇਂ ਸਾਲਾ ਪ੍ਰਕਾਸ਼ ਸਿੰਘ ਬਾਦਲ ਫ਼ਿਰ ਤੋਂ ਪਾਰਟੀ ਦੇ ਪ੍ਰਧਾਨ ਬਣ ਸਕਦੇ ਨੇ l ਇਸ ਦੌਰਾਨ ਬਾਦਲ ਅਤੇ ਮਜੀਠੀਆ ਦਾ ਵਿਰੋਧ ਕਰਨ ਵਾਲੇ ਨੇਤਾਵਾਂ ਦੀ ਨਾਰਾਜ਼ਗੀ ਖੁੱਲ ਕੇ ਸਾਹਮਣੇ ਨਹੀਂ ਆਈ ਹੈ l ਸੁਖਬੀਰ ਸਿੰਘ ਦੀ ਪ੍ਰਧਾਨਗੀ ਤੇ ਸਵਾਲ ਚੁੱਕਣ ਵਾਲੇ ਰੰਜੀਤ ਸਿੰਘ ਬ੍ਰਹਮਪੁਰਾ, ਰਤਲ ਸਿੰਘ ਅਜਨਾਲਾ, ਸੇਵਾ ਸਿੰਘ ਸੇਖਵਾਂ ਵਰਗੇ ਨੇਤਾਵਾਂ ਨੇ ਅਕਾਲੀ ਦਲ ਤੋਂ ਅਲੱਗ ਹੋ ਕੇ ਅਕਾਲੀ ਦਲ ਟਕਸਾਲੀ ਦਾ ਗਠਨ ਕਰ ਲਿਆ ਹੈ l ਸਥਾਪਨਾ ਦਿਵਸ ਦੇ ਅਵਸਰ ਤੇ ਸ਼ਨੀਵਾਰ ਨੂੰ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਰਖਵਾਏ ਗਏ ਅਖੰਡ ਪਾਠ ਦੇ ਭੋਗ ਪਾਏ ਗਏ l ਇਸ ਮੌਕੇ ਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ, ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ, ਸਾਬਕਾ ਮੰਤਰੀ ਗੁਲਜ਼ਾਰ ਸਿੰਘ ਰਾਣੀਕੇ ਸਮੇਤ ਪੂਰਾ ਅਕਾਲੀ ਦਲ ਮੌਜੂਦ ਸੀ l.