ਪਠਾਨਕੋਟ :- ਕੋਰੋਨਾ ਮਹਾਂਮਾਰੀ ਦੇ ਇਸ ਦੌਰ ‘ਚ ਜਦੋਂ ਸਰਕਾਰਾਂ ਨੇ ਲੋਕਾਂ ਨੂੰ ਮਾਰਨ ਲਈ ਛੱਡ ਦਿੱਤਾ ਹੈ, ਆਪਣੇ ਆਪਣਿਆਂ ਦਾ ਸਾਥ ਛੱਡ ਰਹੇ ਨੇ ਅਜਿਹੇ ਵਿੱਚ ਪਠਾਨਕੋਟ ਅੰਦਰ ਇੱਕ ਅਜਿਹਾ ਦਿਲਦਾਰ ਭਿਖਾਰੀ ਵੇਖਣ ਵਿੱਚ ਆਇਆ ਹੈ ਜਿਹੜਾ ਖੁਦ ਆਪ ਤਾਂ ਭੀਖ ਮੰਗਦਾ ਹੈ ਪਰ ਮੰਗੇ ਹੋਏ ਉਨ੍ਹਾਂ ਪੈਸਿਆਂ ਨਾਲ ਜਰੂਰਤਮੰਦ ਨੂੰ ਰਾਸ਼ਨ ਵੰਡ ਰਿਹਾ ਹੈ। ਦੱਸ ਦਈਏ ਕਿ ਰਾਜੂ ਨਾਂ ਦਾ ਇਹ ਅਪਾਹਜ ਭਿਖਾਰੀ ਹੁਣ ਤੱਕ 100 ਤੋੰ ਜ਼ਿਆਦਾ ਪਰਿਵਾਰਾਂ ਨੂੰ ਇੱਕ ਮਹੀਨੇ ਦਾ ਰਾਸ਼ਨ ਵੰਡ ਚੁੱਕਾ ਹੈ ਅਤੇ ਇਸ ਤੋਂ ਇਲਾਵਾ ਉਸ ਨੇ ਰਾਹਗੀਰਾਂ ਵਿੱਚ 2500 ਤੋਂ ਜ਼ਿਆਦਾ ਮਾਸਕ ਵੀ ਵੰਡੇ ਹਨ।ਇਸ ਵਿੱਚ ਰਾਜੂ ਨੇ 80 ਹਾਜ਼ਰ ਤੋੰ ਜ਼ਿਆਦਾ ਰੁਪਏ ਦਾ ਖਰਚ ਕੀਤਾ ਹੈ । ਇਹ ਪੈਸੇ ਉਸਨੇ ਭੀਖ ਮੰਗ ਮੰਗ ਕੇ ਇਕੱਠੇ ਕੀਤੇ ਸਨ।ਜ਼ਿਕਰਯੋਗ ਹੈ ਕਿ ਵ੍ਹੀਲਚੇਅਰ ਤੇ ਭੀਖ ਮੰਗਣ ਵਾਲਾ ਰਾਜੂ ਬਚਪਨ ਤੋਂ ਹੀ ਚਲਣ ਫਿਰਨ ਵਿਚ ਅਸਮਰਥ ਹੈ।ਅਜਿਹਾ ਨਹੀਂ ਕਿ ਰਾਜੂ ਨੇ ਸਮਾਜ ਸੇਵਾ ਦਾ ਇਹ ਕੰਮ ਕੋਈ ਪਹਿਲੀ ਵਾਰ ਕੀਤਾ ਹੈ । ਰਾਜੂ ਰੋਜ਼ ਇਕੱਠੇ ਕੀਤੇ ਹੋਏ ਪੈਸਿਆਂ ਤੋੰ ਆਪਣੀ ਜ਼ਰੂਰਤ ਦੇ ਅਨੁਸਾਰ ਖਰਚ ਕਰਕੇ ਬਾਕੀ ਬਚਾਉਂਦਾ ਹੈ ਅਤੇ ਅਕਸਰ ਜਰੂਰਤਮੰਦਾਂ ਦੀ ਸੇਵਾ ਵਿੱਚ ਖਰਚ ਕਰ ਦੇਂਦਾ ਹੈ ।
ਗੰਦੇ ਮੰਦੇ ਕੱਪੜਿਆਂ ਵਿਚ ਲੋਕਾਂ ਦੇ ਘਰਾਂ ਤੱਕ ਰਾਸ਼ਨ ਪਹੁੰਚਾਣ ਵਾਲਾ ਰਾਜੂ ਖੁਦ ਤਾਂ ਅਪਾਹਜ ਹੈ ਪਰ ਆਪਣੇ ਇਨ੍ਹਾਂ ਕੰਮਾਂ ਕਾਰਨ ਸਿਹਤਮੰਦ ਲੋਕਾਂ ਲਈ ਪ੍ਰੇਰਨਾ ਦਾ ਕਾਰਨ ਬਣਿਆ ਹੋਇਆ ਹੈ। ਹੁਣ ਹਾਲਤ ਇਹ ਹਨ ਕਿ ਜਿਨ੍ਹਾਂ ਲੋਕਾਂ ਨੂੰ ਇਹ ਪਤਾ ਲੱਗਿਆ ਕਿ ਉਹਨਾਂ ਦਾ ਪੈਸਾ ਭਲਾਈ ਦੇ ਕੰਮਾਂ ਵਿੱਚ ਲੱਗਣਾ ਹੈ ਤਾਂ ਉਹ ਰਾਜੂ ਨੂੰ ਖੁਲ੍ਹੇ ਦਿਲ ਨਾਲ ਪੈਸੇ ਦੇ ਰਹੇ ਹਨ ।
ਮਹਾਂਮਾਰੀ ਦੇ ਦੌਰ ਵਿੱਚ ਰਾਜੂ ਨੇ 2500 ਮਾਸਕ ਖਰੀਦੇ ਅਤੇ ਆਪਣੀ ਵ੍ਹੀਲਚੇਅਰ ਤੇ ਬੈਠ ਰੋਜ ਸੜਕਾਂ ‘ਤੇ ਨਿਕਲ ਪਿਆ ।ਰਾਜੂ ਲੋਕਾਂ ਨੂੰ ਮਾਸਕ ਦੇਣ ਦੇ ਨਾਲ ਨਾਲ ਘਰ ਵਿਚ ਰਹਿਣ ਅਤੇ ਸਰੀਰਕ ਦੂਰੀ ਬਣਾ ਕੇ ਰੱਖਣ ਦੇ ਲਈ ਵੀ ਕਹਿੰਦਾ ਹੈ ।
ਰਾਜੂ ਕਹਿੰਦਾ ਹੈ ਕਿ ਲੋਕ ਉਸਨੂੰ ਬਹੁਤ ਪੈਸੇ ਦਿੰਦੇ ਹਨ, ਉਹ ਪੈਸੇ ਜੋੜਦਾ ਹੈ ਅਤੇ ਮੌਕਾ ਮਿਕਦੇ ਹੀ ਜਰੂਰਤਮੰਦਾਂ ‘ਤੇ ਖਰਚ ਕਰ ਦਿੰਦਾ ਹੈ। ਰਾਜੂ ਨੇ ਇਹ ਵੀ ਦੱਸਿਆ ਕਿ ਜੀਉਂਦੇ ਜੀ ਉਸਦੇ ਆਪਣਿਆਂ ਨੇ ਉਸਨੂੰ ਦੂਰ ਰੱਖਿਆ, ਕੁਝ ਚੰਗੇ ਕੰਮ ਕਰ ਲਵਾਂ ਤਾਂ ਸ਼ਾਇਦ ਆਖਰੀ ਸਮੇਂ ਵਿਚ ਲੋਕਾਂ ਦਾ ਮੋਢਾ ਮਿਲ ਸਕੇ।
ਯਾਦ ਰਹੇ ਕਿ ਰਾਜੂ ਪਿਛਲੇ 20 ਸਾਲ ਵਿਚ 22 ਗਰੀਬ ਕੁੜੀਆਂ ਦਾ ਵਿਆਹ ਕਰਵਾ ਚੁਕਿਆ ਹੈ। ਗਰਮੀਆਂ ਵਿੱਚ ਛਬੀਲ, ਭੰਡਾਰਾ ਕਰਵਾਉਂਦਾ ਹੈ।ਢਾਗੂ ਰੋਡ ਤੇ ਇੱਕ ਗਲੀ ਦੀ ਪੁਲੀ ਤੇ ਰੋਜ਼ ਹੋ ਰਹੇ ਹਾਦਸਿਆਂ ਤੋੰ ਤੰਗ ਆਕੇ ਰਾਜੂ ਨੇ ਆਪਣੇ ਪੈਸਿਆਂ ਨਾਲ ਪੁਲੀ ਦਾ ਨਿਰਮਾਣ ਕਰਵਾਇਆ।
ਹਰ ਸਾਲ 15 ਅਗਸਤ ਨੂੰ ਔਰਤਾਂ ਨੂੰ ਆਤਮ ਨਿਰਭਰ ਬਣਾਉਣ ਦੇ ਲਈ ਸਿਲਾਈ ਮਸ਼ੀਨਾਂ ਉਪਲਬੱਧ ਕਰਾਉਂਦਾ ਹੈ।ਸਰਦੀਆਂ ਵਿਚ ਕੰਬਲ ਵੰਡਣਾ, ਕੁਝ ਬੱਚਿਆਂ ਦੀ ਫੀਸ ਦਾ ਖਰਚਾ ਚੁੱਕਦਾ ਹੈ।ਰਾਜੂ ਕਹਿੰਦਾ ਹੈ ਇਹ ਸਭ ਮੇਰੇ ਆਪਣੇ ਹਨ, ਇਹਨਾਂ ਦੀ ਮਦਦ ਕਰ ਮਨ ਨੂੰ ਸ਼ਾਂਤੀ ਮਿਲਦੀ ਹੈ।