ਦਿੱਲੀ ਬਾਰਡਰ ‘ਤੇ ਕਿਸਾਨਾਂ ਦਾ ਸੰਘਰਸ਼ ਜਾਰੀ ਰਹੇਗਾ ਪਰ ਇਸ ਦੀ ਅਗਲੀ ਰਣਨੀਤੀ ਕੀ ਹੋਵੇਗੀ ਇਸ ‘ਤੇ ਕਿਸਾਨਾਂ ਵੱਲੋਂ ਵਿਚਾਰ ਕੀਤਾ ਜਾ ਰਿਹਾ ਹੈ। ਇਸ ਦੇ ਲਈ ਅੱਜ ਬਾਅਦ ਦੁਪਹਿਰ ਕਿਸਾਨ ਜਥੇਬੰਦੀਆਂ ਵੱਲੋਂ ਮੀਟਿੰਗ ਸੱਦੀ ਗਈ ਸੀ, ਜੋ ਮੁਲਤਵੀ ਕਰ ਦਿੱਤੀ ਗਈ ਹੈ। ਕਿਸਾਨ ਆਗੂ ਜਗਜੀਤ ਸਿੰਘ ਬਹਿਰਾਮ ਅਨੁਸਾਰ ਹੁਣ ਮੀਟਿੰਗ 22 ਨਵੰਬਰ ਦਿਨ ਐਤਵਾਰ ਨੂੰ ਦੁਪਹਿਰ 2 ਵਜੇ ਹੋਵੇਗੀ। ਮੀਟਿੰਗ ਤੋਂ ਬਾਅਦ ਕਿਸਾਨ ਜਥੇਬੰਦੀਆਂ ਪ੍ਰੈਸ ਕਾਨਫਰੰਸ ਕਰ ਸਕਦੀਆਂ ਹਨ ਜਾਂ ਪ੍ਰੈਸ ਬਿਆਨ ਜਾਰੀ ਕੀਤਾ ਜਾਵੇਗਾ।
ਮੀਟਿੰਗ ਵਿੱਚ ਫੈਸਲਾ ਲਿਆ ਜਾਣਾ ਹੈ ਕਿ ਉਹ ਸੰਘਰਸ਼ ਨੂੰ ਕਿਵੇਂ ਚਲਾਉਣਗੇ। ਸੰਯੁਕਤ ਕਿਸਾਨ ਮੋਰਚਾ ਵੱਲੋਂ ਪਾਰਲੀਮੈਂਟ ਵੱਲ ਟਰੈਕਟਰ ਮਾਰਚ ਕਰਨ ਦਾ ਸੱਦਾ ਵੀ ਵਿਚਾਰਿਆ ਜਾਣਾ ਹੈ। ਕੀ ਇਹ ਟਰੈਕਟਰ ਮਾਰਚ ਕੀਤਾ ਜਾਣਾ ਹੈ ਜਾਂ ਇਸ ਨੂੰ ਮੁਲਤਵੀ ਕੀਤਾ ਜਾਵੇਗਾ। ਕਿਉਂਕਿ ਇਸ ਬਾਰੇ ਵੱਖ-ਵੱਖ ਯੂਨੀਅਨਾਂ ਦੀ ਅਜੇ ਵੀ ਆਪਣੀ-ਆਪਣੀ ਰਾਏ ਹੈ। ਸਰਕਾਰ ਅੱਗੇ ਆਪਣਾ ਪੱਖ ਪੇਸ਼ ਕਰਨ ਅਤੇ ਐਮਐਸਪੀ ਨੂੰ ਬਿੱਲ ਦੇ ਰੂਪ ਵਿੱਚ ਲਿਆਉਣ ਅਤੇ ਬਿਜਲੀ ਖੋਜ ਬਿੱਲ ਨੂੰ ਖਤਮ ਕਰਨ ਦੀ ਮੰਗ ਬਾਰੇ ਵੀ ਚਰਚਾ ਕੀਤੀ ਜਾਵੇਗੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦਾ ਐਲਾਨ ਕੀਤਾ ਗਿਆ ਹੈ ਪਰ ਕਿਸਾਨਾਂ ਦਾ ਕਹਿਣਾ ਹੈ ਕਿ ਇਸ ਦੇ ਨਾਲ ਉਨ੍ਹਾਂ ਦੀਆਂ ਦੋ ਹੋਰ ਮੰਗਾਂ ਸਨ, ਜਿਨ੍ਹਾਂ ਵਿੱਚ ਘੱਟੋ-ਘੱਟ ਸਮਰਥਨ ਮੁੱਲ ਨੂੰ ਕਾਨੂੰਨ ਵਜੋਂ ਲਿਆਉਣਾ ਅਤੇ ਬਿਜਲੀ ਸੋਧ ਕਾਨੂੰਨ ਨੂੰ ਰੱਦ ਕਰਨਾ ਸ਼ਾਮਲ ਹੈ। ਜਦੋਂ ਤੱਕ ਇਹ ਦੋਵੇਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਉਦੋਂ ਤੱਕ ਉਹ ਆਪਣਾ ਸੰਘਰਸ਼ ਜਾਰੀ ਰੱਖਣਗੇ।