ਨੂਰਮਹਿਲ ਚ ਡੇਰੇ ਦਾ ਗੱਡੀ ਚ ਸਾਮਾਨ ਲਿਜਾ ਰਹੇ ਵਿਅਕਤੀ ਸੰਗਤਾਂ ਨੇ ਘੇਰੇ
ਡੇਰੇ ‘ਚੋਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਵੀ ਗਾਇਬ
ਚਾਰ ਜਣਿਆਂ ਖ਼ਿਲਾਫ਼ ਪੁਲਿਸ ਨੇ ਕੀਤਾ ਮੁਕੱਦਮਾ ਦਰਜ
ਗ੍ਰੰਥੀ ਅਤੇ ਸੇਵਾਦਾਰ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ
ਪਿੰਡ ਉੱਪਲ ਖਾਲਸਾ ਤੇ ਉੱਪਲ ਜਗੀਰ ਦੀ ਸਮੂਹ ਸੰਗਤ ਤੇ ਪਿੰਡ ਵਾਸੀਆਂ ਵੱਲੋਂ ਦਿੱਤੀ ਗਈ ਲਿਖਤੀ ਸ਼ਿਕਾਇਤ ਦੇ ਆਧਾਰ ‘ਤੇ ਨੂਰਮਹਿਲ ਪੁਲਿਸ ਨੇ ਗੁਰਦੁਆਰਾ ਨਾਨਕਸਰ ਠਾਠ ਵਿਖੇ ਹੋਈ ਗੰਭੀਰ ਘਟਨਾ ਨੂੰ ਲੈ ਕੇ ਕਾਰਵਾਈ ਕੀਤੀ ਹੈ।
ਦੋਵਾਂ ਪਿੰਡਾਂ ਦੀ ਸੰਗਤ ਵੱਲੋਂ ਦਿੱਤੀ ਗਈ ਸ਼ਿਕਾਇਤ ‘ਚ ਕਿਹਾ ਗਿਆ ਹੈ ਕਿ ਗੁਰਦੁਆਰੇ ਦੇ ਗ੍ਰੰਥੀ ਮਨਜੀਤ ਸਿੰਘ ਪੁੱਤਰ ਜਗਤ ਸਿੰਘ ਵਾਸੀ ਪਿੰਡ ਮੀਰਾਪੁਰ ਤੇ ਸੇਵਾਦਾਰ ਗੁਰਚਰਨ ਸਿੰਘ ਪੁੱਤਰ ਆਸਰਾ ਸਿੰਘ ਵਾਸੀ ਪਿੰਡ ਬੜੂੰਦੀ ਠਾਠ ਜ਼ਿਲ੍ਹਾ ਲੁਧਿਆਣਾ, ਜੋ ਕਿ ਆਨੰਦ ਈਸੁਰ ਠਾਠ ਗੁਰਦੁਆਰਾ ਸਾਹਿਬ ਉੱਪਲ ਜਗੀਰ ਤੇ ਉੱਪਲ ਖਾਲਸਾ ‘ਚ ਸੇਵਾ ਨਿਭਾਅ ਰਹੇ ਸਨ, ਇਨ੍ਹਾਂ ਨੇ ਆਪਸੀ ਗੰਢਤੁਪ ਕਰ ਕੇ ਗੰਭੀਰ ਬੇਅਦਬੀ ਦੀ ਕਾਰਵਾਈ ਕੀਤੀ ਹੈ।
ਸ਼ਿਕਾਇਤ ‘ਚ ਸਪੱਸ਼ਟ ਲਿਖਿਆ ਹੈ ਕਿ ਉਕਤ ਸੇਵਾਦਾਰਾਂ ਨੇ ਪਿਛਲੇ ਦਿਨਾਂ ਦੌਰਾਨ ਗੁਰਦੁਆਰਾ ਸਾਹਿਬ ‘ਚ ਰੱਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਨੂੰ ਚੋਰੀ ਕਰ ਕੇ ਕਿਧਰੇ ਲਿਜਾਣ ਦੀ ਘਟਨਾ ਅੰਜਾਮ ਦਿੱਤੀ। ਇਨ੍ਹਾਂ ਮੰਜੀ ਸਾਹਿਬ ਉੱਪਰ ਸਿਰਫ਼ ਰੁਮਾਲਾ ਰੱਖ ਕੇ ਢੱਕ ਦਿੱਤਾ, ਜਿਸ ਕਰ ਕੇ ਤਿੰਨ-ਚਾਰ ਦਿਨਾਂ ਤੱਕ ਸੰਗਤ ਬਿਨਾਂ ਗੁਰੂ ਸਾਹਿਬ ਦੇ ਪਾਵਨ ਸਰੂਪਾਂ ਦੀ ਹਜ਼ੂਰੀ ਦੇ ਹੀ ਮੱਥਾ ਟੇਕਦੀਆਂ ਰਹੀਆਂ। ਬਾਅਦ ‘ਚ ਸੱਚਾਈ ਸਾਹਮਣੇ ਆਉਣ ‘ਤੇ ਸੰਗਤ ਦੇ ਮਨਾਂ ਨੂੰ ਭਾਰੀ ਠੇਸ ਪਹੁੰਚੀ ਤੇ ਗੁੱਸੇ ਦਾ ਮਾਹੌਲ ਬਣ ਗਿਆ।ਸੰਗਤ ਦਾ ਕਹਿਣਾ ਹੈ ਕਿ ਇਹ ਸੇਵਾਦਾਰ ਨਾ ਸਿਰਫ਼ ਪਾਵਨ ਸਰੂਪਾਂ ਨੂੰ ਚੋਰੀ ਕਰ ਕੇ ਲੈ ਗਏ ਹਨ, ਸਗੋਂ ਹੁਣ ਗੁਰਦੁਆਰੇ ‘ਚ ਸੰਗਤ ਵੱਲੋਂ ਰੱਖਿਆ ਸਾਮਾਨ ਚੁੱਕਣ ਵਾਸਤੇ ਵੀ ਆ ਗਏ, ਜੋ ਕਿ ਸੰਗਤ ਨਾਲ ਸਰਾਸਰ ਧੱਕੇਸ਼ਾਹੀ ਹੈ।
ਉਨ੍ਹਾਂ ਅਨੁਸਾਰ ਉਕਤ ਵਿਅਕਤੀ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕਰਦੇ ਹੋਏ ਸਭ ਨੂੰ ਧੋਖਾ ਦੇ ਰਹੇ ਹਨ। ਇਸ ਲਈ ਸਮੂਹ ਸੰਗਤ ਵੱਲੋਂ ਬੇਨਤੀ ਕੀਤੀ ਗਈ ਕਿ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ, ਪਾਵਨ ਸਰੂਪਾਂ ਨੂੰ ਬਰਾਮਦ ਕਰ ਕੇ ਦੁਬਾਰਾ ਗੁਰਦੁਆਰਾ ਸਾਹਿਬ ‘ਚ ਮਾਣ ਮਰਿਆਦਾ ਮੁਤਾਬਕ ਬਿਰਾਜਮਾਨ ਕਰਵਾਇਆ ਜਾਵੇ।
ਇਸ ਮਾਮਲੇ ‘ਚ ਡੀਐੱਸਪੀ ਨਕੋਦਰ ਸੁੱਖਪਾਲ ਸਿੰਘ, ਥਾਣਾ ਮੁਖੀ ਨੂਰਮਹਿਲ ਪਰਮਜੀਤ ਸਿੰਘ, ਥਾਣਾ ਮੁਖੀ ਸਦਰ ਨਕੋਦਰ ਸੁਖਦੇਵ ਸਿੰਘ ਤੇ ਪੁਲਿਸ ਚੌਕੀ ਸ਼ੰਕਰ ਦੇ ਇੰਚਾਰਜ ਜਗਤਾਰ ਸਿੰਘ ਮੌਕੇ ‘ਤੇ ਪਹੁੰਚੇ ਅਤੇ ਦੋਵੇਂ ਧਿਰਾਂ ਦੇ ਬਿਆਨ ਕਲਮਬੰਦ ਕੀਤੇ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਜਦੋਂ ਦੋਵੇਂ ਮੁਲਜ਼ਮ ਟਾਟਾ-709 ਗੱਡੀ ਨੰਬਰ ਪੀਬੀ 10 ਐੱਚ ਐਕਸ 3897 ਸਮੇਤ ਗੁਰਦੁਆਰੇ ਦਾ ਸਾਮਾਨ ਲੱਦ ਰਹੇ ਸਨ ਤਾਂ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ। ਨੂਰਮਹਿਲ ਪੁਲਿਸ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਗੰਭੀਰ ਮਾਮਲੇ ‘ਚ ਦੋਨੋ ਖ਼ਿਲਾਫ਼ ਮੁਕੱਦਮਾ ਦਰਜ ਕਰ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..