ਮਾਮਲਾ ਹੈ ਮੋਗਾ ਜ਼ਿਲ੍ਹੇ ਦੇ ਪਿੰਡ ਡਾਲਾ ਦਾ, ਜਿੱਥੇ ਅੱਜ ਸਵੇਰੇ ਲਗਭਗ 7:45 ਵਜੇ ਦੇ ਕਰੀਬ ਦੋ ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਪੰਚਾਇਤ ਸਕੱਤਰ ਸੁਖਬੀਰ ਸਿੰਘ ਡਾਲਾ ਦੇ ਘਰ ‘ਤੇ ਗੋਲੀਆਂ ਚਲਾ ਦਿੱਤੀਆਂ। ਉਸ ਵੇਲੇ ਸੁਖਬੀਰ ਸਿੰਘ ਜਿਮ ‘ਚ ਗਏ ਹੋਏ ਸਨ | ਭਾਵੇਂ ਇਸ ਦੌਰਾਨ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਪੀੜਤ ਅਤੇ ਇਲਾਕੇ ਦੇ ਲੋਕ ਸਹਿਮ ਦੇ ਮਾਹੌਲ ਵਿਚ ਹਨ। ਜਾਣਕਾਰੀ ਦਿੰਦੇ ਹੋਏ ਪੰਚਾਇਤ ਸਕੱਤਰ ਸੁਖਬੀਰ ਸਿੰਘ ਡਾਲਾ ਨੇ ਦੱਸਿਆ ਕਿ ਪਿਛਲੇ ਇਕ ਮਹੀਨੇ ਤੋਂ ਵਟਸਐਪ ਕਾਲ ਰਾਹੀਂ ਉਸ ਤੋਂ ਫਿਰੌਤੀ ਦੀ ਮੰਗ ਕੀਤੀ ਜਾ ਰਹੀ ਸੀ, ਇਸ ਡਰ ਕਰਕੇ ਉਨ੍ਹਾਂ ਨੇ ਆਪਣਾ ਮੋਬਾਇਲ ਨੰਬਰ ਵੀ ਬਦਲ ਦਿੱਤਾ ਸੀ ਤੇ ਪੁਲਸ ਥਾਣਾ ਮਹਿਣਾ ਵਿਖੇ ਅਣਪਛਾਤਿਆਂ ਵਿਰੁੱਧ ਮਾਮਲਾ ਵੀ ਦਰਜ ਕਰਵਾਇਆ ਸੀ।