ਦਿਲ ਨੂੰ ਝੰਜੋੜ ਕੇ ਰੱਖ ਦੇਣ ਵਾਲੀ ਇਹ ਕਹਾਣੀ ਹੈ ਹੁਸ਼ਿਆਰਪੁਰ ਦੇ ਕਮਾਲਪੁਰ ਦੇ ਤੁਲਸੀ ਨਗਰ ਦੀ ਨੰਬਰ 21 ਦੇ ਗੁਲਾਬ ਸਿੰਘ ਦੇ ਪਰਿਵਾਰ ਦੀ | 2018 ਵਿਚ ਗੁਲਾਬ ਸਿੰਘ ਆਪਣੇ ਪਰਿਵਾਰ ਲਈ ਰੋਜ਼ੀ ਰੋਟੀ ਕਮਾਉਣ ਲਈ ਹਿਮਾਚਲ ਦੇ ਇੱਕ ਮੇਲੇ ਵਿਚ ਸਟਾਲ ਲਗਾਉਣ ਗਿਆ ਸੀ, ਜਿੱਥੇ ਹੋਏ ਇੱਕ ਹਾਦਸੇ ਵਿਚ ਉਸਦੀ ਮੌਤ ਹੋ ਗਈ | ਗੁਲਾਬ ਸਿੰਘ ਦੀ ਮੌਤ ਤੋਂ ਬਾਅਦ ਮੁਸੀਬਤਾਂ ਦਾ ਪਹਾੜ ਉਸਦੇ ਪਰਿਵਾਰ ਉੱਤੇ ਆਣ ਪਿਆ | ਗੁਲਾਬ ਸਿੰਘ ਆਪਣੇ ਪਿੱਛੇ ਘਰਵਾਲੀ ਤੇ ਚਾਰ ਬੱਚੇ ਛੱਡ ਗਿਆ | ਪਰ ਉਸਦੇ ਚਾਰ ਬੱਚਿਆਂ ‘ਚੋਂ ਤਿੰਨ ਡਿਵਿਆਂਗ ਯਾਨੀ ਅਪਾਹਿਜ ਨੇ ਜੋ ਚੱਲ ਫਿਰ ਵੀ ਨਹੀਂ ਸਕਦੇ | ਬੇਸ਼ੱਕ ਗੁਲਾਬ ਸਿੰਘ ਘਰਵਾਲੀ ਬਲਵਿੰਦਰ ਕੌਰ ਨੇ ਆਪਣੇ ਬੱਚਿਆਂ ਦੇ ਵਾਸਤੇ ਹਰ ਹੀਲੇ ਕੋਸ਼ਿਸ਼ ਕੀਤੀ, ਪਰ ਹਾਰ ਕੇ ਡਾਕਟਰਾਂ ਨੇ ਵੀ ਜਵਾਬ ਦੇ ਦਿੱਤਾ | ਪਰਿਵਾਰ ਦੇ ਇਹਨਾਂ ਹਾਲਾਤਾਂ ਨੂੰ ਦੇਖ ਹੁਣ ਬਲਵਿੰਦਰ ਕੌਰ ਦਾ ਵੱਡਾ ਬੇਟਾ 16 ਸਾਲਾਂ ਗੁਰਜੀਤ ਸਿੰਘ ਅਪਾਹਿਜ ਭਰਾਵਾਂ ਤੇ ਮਾਂ ਦਾ ਪੇਟ ਪਾਲਣ ਲਈ ਜੀ ਤੋੜ ਮਿਹਨਤ ਕਰ ਰਿਹਾ ਹੈ | ਗੁਰਜੀਤ ਸਿੰਘ ਕੰਮ ਦੇ ਨਾਲ ਨਾਲ ਆਪਣੀ ਪੜ੍ਹਾਈ ਵੀ ਕਰ ਰਿਹਾ ਸੀ ਪਰ ਘਰ ਦੀਆਂ ਮਜ਼ਬੂਰੀਆਂ ਤੇ ਗਰੀਬੀ ਦੀ ਮਾਰ ਨੇ ਉਸਦੀ ਪੜ੍ਹਾਈ ਵੀ ਛੁਡਵਾ ਦਿਤੀ |