Htv Punjabi
Punjab Religion

ਸਾਬਕਾ PM ਡਾ. ਮਨਮੋਹਨ ਸਿੰਘ ਨੂੰ “ਭਾਰਤ ਰਤਨ” ਨਾਲ ਸਨਮਾਨਿਤ ਕਰਨ ਲਈ ਨਾਮਧਾਰੀ ਸਿੱਖਾਂ ਨੇ ਸਰਕਾਰ ਨੂੰ ਕੀਤੀ ਬੇਨਤੀ

ਨਾਮਧਾਰੀ ਸਿੱਖਾਂ ਨੇ, ਸਿੱਖ ਸੰਪਰਦਾ ਹੋਣ ਦੇ ਨਾਤੇ; ਰਾਸ਼ਟਰ ਉਭਾਰਕ, ਸਿੱਖ ਪ੍ਰਧਾਨ ਮੰਤਰੀ ਸ. ਮਨਮੋਹਨ ਸਿੰਘ ਜੀ ਨੂੰ “ਭਾਰਤ ਰਤਨ” ਨਾਲ ਸਨਮਾਨਿਤ ਕਰਨ ਲਈ, ਦਿੱਲੀ ਦੇ ਕਾਨ੍ਸ੍ਟਿਟੂਸ਼ਨ ਕਲੱਬ ਵਿੱਚ ਆਯੋਜਿਤ ਪ੍ਰੈਸ ਕਾਨਫਰੰਸ ਵਿੱਚ ਭਾਰਤ ਸਰਕਾਰ ਨੂੰ ਬੇਨਤੀ ਕੀਤੀ ਹੈ। ਜਿਸ ਵਿੱਚ ਨਾਮਧਾਰੀ ਸਿੱਖਾਂ ਨੇ ਆਖਿਆ ਕਿ ਸ. ਮਨਮੋਹਨ ਸਿੰਘ: ਪਹਿਲੇ ਅੰਮ੍ਰਿਤਧਾਰੀ ਕੇਸਾਧਾਰੀ ਸਿੱਖ ਹੋਣਗੇ, ਜਿਨ੍ਹਾਂ ਨੂੰ ਭਾਰਤ ਰਤਨ ਨਾਲ ਸਨਮਾਨਿਤ ਕੀਤਾ ਜਾਵੇਗਾ (ਭਾਵੇਂ ਕੇਸ-ਰਹਿਤ ਵੀ “ਸਿੱਖ” ਹੋ ਸਕਦੇ ਹਨ)। ਇਸ ਕਾਰਣ ਉਹਨਾਂ ਨੂੰ “ਭਾਰਤ ਰਤਨ” ਜਰੂਰ ਮਿਲਣਾ ਚਾਹੀਦਾ ਹੈ।

ਰਣਬੀਰ ਸਿੰਘ ਨੇ ਦੱਸਿਆ “ਸਤਿਗੁਰੂ ਰਾਮ ਸਿੰਘ ਜੀ ਦੀ ਕਿਰਪਾ ਨਾਲ, ਆਪਣੇ ਵਰਤਮਾਨ ਗੁਰੂ ਠਾਕੁਰ ਦਲੀਪ ਸਿੰਘ ਜੀ ਦੇ ਆਦੇਸ਼ ਅਨੁਸਾਰ ਇਸ ਸੰਦਰਭ ਵਿੱਚ, ਨਾਮਧਾਰੀ ਸਿੱਖਾਂ ਨੇ ਸਰਕਾਰ ਦੇ ਮੰਤਰੀਆਂ ਨੂੰ ਕਈ ਪੱਤਰ ਲਿਖੇ ਹਨ।

ਸ. ਮਨਮੋਹਨ ਸਿੰਘ ਜੀ ਦੀ ਰਾਸ਼ਟਰ ਪ੍ਰਤੀ ਸੇਵਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਇਆਂ, ਭਾਰਤ ਸਰਕਾਰ ਦੁਆਰਾ ਉਨ੍ਹਾਂ ਨੂੰ 1987 ਵਿੱਚ “ਪਦਮ ਵਿਭੂਸ਼ਣ” ਨਾਲ ਸਨਮਾਨਿਤ ਕੀਤਾ ਗਿਆ ਸੀ, ਅਤੇ 2010 ਵਿੱਚ ਸਾਊਦੀ ਅਰਬ ਦੁਆਰਾ “Order of King Abdulaziz” ਅਤੇ 2014 ਵਿੱਚ ਜਾਪਾਨ ਦੁਆਰਾ “Order of the Paulownia Flowers” ਪੁਰਸਕਾਰਾਂ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ।

ਨਾਮਧਾਰੀ ਸਿੱਖਾਂ ਨੇ ਦੱਸਿਆ ਕਿ ਸ. ਮਨਮੋਹਨ ਸਿੰਘ ਨੇ ਰਾਸ਼ਟਰ ਨਿਰਮਾਣ ਦੇ ਅਨੇਕਾਂ ਮਹਾਨ ਕਾਰਜ ਕੀਤੇ ਹਨ, ਜਿਸ ਕਾਰਣ, ਉਹ “ਭਾਰਤ ਰਤਨ” ਦੇ ਯੋਗ ਹਨ। ਜਿਵੇਂ: 1991 ਵਿੱਚ, ਵਿੱਤ ਮੰਤਰੀ ਬਣ ਕੇ ਭਾਰਤ ਨੂੰ: ਅਤਿ ਗੰਭੀਰ, ਦਿਵਾਲੀਆ ਹੋ ਰਹੀ ਅਰਥ ਵਿਵਸਥਾ ਤੋਂ ਉਭਾਰਨ ਦਾ ਅਸਲ ਸ਼੍ਰੇਯ; ਸ. ਮਨਮੋਹਨ ਸਿੰਘ ਨੂੰ ਹੀ ਜਾਂਦਾ ਹੈ।

ਐਮ.ਐਸ.ਪੀ.ਆਈ. (M.S.P.I.) ਦੀ ਵੈਬਸਾਈਟ ਦੇ ਅਨੁਸਾਰ: ਉਹਨਾਂ ਦੇ ਕਾਰਜਕਾਲ ਦੌਰਾਨ 2006-07 ਵਿੱਚ ਸੁਤੰਤਰ ਭਾਰਤ ਦੀ ਸਰਵ-ਉੱਚ ਵਿਕਾਸ ਦਰ 10.08% ਰਹੀ ਸੀ। ਇਸ ਤੋਂ ਇਲਾਵਾ, ਉਹਨਾਂ ਦੀ ਸਰਕਾਰ ਨੇ ਭਾਰਤ-ਅਮਰੀਕਾ ਦਰਮਿਆਨ ਪਰਮਾਣੂ ਸੰਧੀ ਨੂੰ ਪੂਰਾ ਕਰ ਕੇ ਇੱਕ ਮਹਾਨ ਕਾਰਜ ਕੀਤਾ। ਉਨ੍ਹਾਂ ਨੇ ਹੀ ਅਤਿਅੰਤ ਉਪਯੋਗੀ ਕ੍ਰਾਂਤੀਕਾਰੀ “ਆਧਾਰ ਕਾਰਡ” ਯੋਜਨਾ ਸ਼ੁਰੂ ਕੀਤੀ। ਭ੍ਰਿਸ਼ਟਾਚਾਰ ਨਾਲ ਨਜਿੱਠਣ ਅਤੇ ਪਾਰਦਰਸ਼ਤਾ ਲਿਆਉਣ ਲਈ, ਉਨ੍ਹਾਂ ਨੇ ਆਰ.ਟੀ.ਆਈ. ਐਕਟ, 2005 ਲਾਗੂ ਕੀਤਾ, ਜੋ ਭਾਰਤ ਦੇ ਇਤਿਹਾਸ ਵਿੱਚ ਸਭ ਤੋਂ ਪ੍ਰਭਾਵਸ਼ਾਲੀ ਐਕਟਾਂ ਵਿੱਚੋਂ ਇੱਕ ਸੀ।

ਡਾ. ਮਨਮੋਹਨ ਸਿੰਘ ਨੇ, ਭਾਰਤ, ਬ੍ਰਾਜ਼ੀਲ ਅਤੇ ਦੱਖਣੀ ਅਫ਼ਰੀਕਾ ਦੇ ਵਿੱਚ ਸਬੰਧਾਂ ਨੂੰ ਗੂੜ੍ਹਾ ਕਰਨ ਲਈ I.B.S.A. (ਇੰਡੀਆ, ਬ੍ਰਾਜ਼ੀਲ, ਦੱਖਣੀ ਅਫਰੀਕਾ, ਡਾਇਲਾਗ ਫੋਰਮ) ਸੰਵਾਦ-ਮੰਚ ਦੀ ਸਥਾਪਨਾ ਕਰਵਾਈ। 2005 ਵਿੱਚ, ਮਨਰੇਗਾ ਐਕਟ ਪਾਸ ਕੀਤਾ ਗਿਆ, ਜਿਸ ਰਾਹੀਂ ਗਰੀਬ ਪਰਿਵਾਰਾਂ ਦੀ ਆਰਥਿਕ ਸੁਰੱਖਿਆ ਨੂੰ ਯਕੀਨੀ ਬਣਾਇਆ ਗਿਆ। ਇਸੇ ਤਰ੍ਹਾਂ, ਭਾਰਤ ਦੀ ਸੁਰੱਖਿਆ ਵਿਰੁੱਧ ਕੀਤੇ ਗਏ ਅਪਰਾਧਾਂ ਨਾਲ ਨਜਿੱਠਣ ਵਾਸਤੇ; 2008 ਵਿੱਚ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (N.I.A.) ਦੀ ਸਥਾਪਨਾ ਕੀਤੀ। ਭਾਰਤੀ ਉਪ ਮਹਾਂਦੀਪ ਨੂੰ ਈਰਾਨ ਦੇ ਗੈਸ ਸਰੋਤਾਂ ਨਾਲ ਜੋੜਨ ਲਈ 2009 ਵਿੱਚ “ਸ਼ਾਂਤੀ ਪਾਈਪਲਾਈਨ ਪਰਿਯੋਜਨਾ” ਨੂੰ ਆਰੰਭ ਕੀਤਾ। ਮਾਤਾ ਅਤੇ ਬੱਚੇ ਦੀ ਸਿਹਤ ਨੂੰ ਬਿਹਤਰ ਬਣਾਉਣ ਲਈ 2013 ਵਿੱਚ, “ਰਾਸ਼ਟਰੀ ਸਿਹਤ ਮਿਸ਼ਨ” ਦੀ ਸ਼ੁਰੂਆਤ ਕੀਤੀ। ਇਨ੍ਹਾਂ ਯੋਜਨਾਵਾਂ ਨੇ ਭਾਰਤ ਦੀਆਂ ਅੰਦਰੂਨੀ ਨੀਤੀਆਂ ਨੂੰ ਸੁਦ੍ਰਿੜ ਕੀਤਾ ਅਤੇ ਅੰਤਰਰਾਸ਼ਟਰੀ ਪੱਧਰ ਉੱਤੇ ਭਾਰਤ ਦੀ ਸਥਿਤੀ ਨੂੰ ਵੀ ਸ਼ਕਤੀਸ਼ਾਲੀ ਬਣਾਇਆ।

ਲਖਵਿੰਦਰ ਸਿੰਘ ਨੇ ਦੱਸਿਆ ਕਿ ਭਾ.ਜ.ਪਾ. ਸਰਕਾਰ ਨੇ; ਵਿਰੋਧੀ ਪਾਰਟੀਆਂ ਦੇ ਪ੍ਰਧਾਨ ਮੰਤਰੀ ਹੋਣ ਦੇ ਬਾਵਜੂਦ ਵੀ, ‘ਨਰਸਿਮਹਾ ਰਾਓ’ ਅਤੇ ‘ਚੌਧਰੀ ਚਰਨ ਸਿੰਘ’ ਨੂੰ, “ਭਾਰਤ ਰਤਨ” ਪ੍ਰਦਾਨ ਕਰ ਕੇ, ਇਹ ਪ੍ਰਤੱਖ ਕਰ ਦਿੱਤਾ ਹੈ ਕਿ ਭਾ.ਜ.ਪਾ.; ਪਾਰਟੀ ਰਾਜਨੀਤੀ ਤੋਂ ਉੱਪਰ ਉੱਠ ਕੇ, ਭਾਰਤ ਦੀਆਂ ਮਹਾਨ ਸ਼ਖ਼ਸੀਅਤਾਂ ਦਾ ਸਤਿਕਾਰ ਕਰਦੀ ਹੈ; ਉਸੇ ਤਰ੍ਹਾਂ ਹੀ, ਸ. ਮਨਮੋਹਨ ਸਿੰਘ ਨੂੰ ਵੀ ਭਾ.ਜ.ਪਾ. ਵੱਲੋਂ “ਭਾਰਤ ਰਤਨ” ਨਾਲ ਸਨਮਾਨਿਤ ਕੀਤਾ ਜਾਣਾ ਚਾਹੀਦਾ ਹੈ। ਉਹਨਾਂ ਇਹ ਵੀ ਕਿਹਾ ਕਿ ਭਾ.ਜ.ਪਾ. ਸਰਕਾਰ ਦੇ ਸਾਰੇ ਸਦੱਸਯ ਅਤੇ ਅਧਿਕਾਰੀ, ਸਿੱਖ ਗੁਰੂ ਜੀ ਦੇ ਸ਼ਰਧਾਲੂ ਹਨ। “ਰਾਸ਼ਟਰ-ਉਭਾਰਕ, ਸਿੱਖ ਪ੍ਰਧਾਨ ਮੰਤਰੀ” ਹੋਣ ਦੇ ਨਾਤੇ ਵੀ, ਜੇਕਰ ਭਾ.ਜ.ਪਾ. ਸਰਕਾਰ, ਸ. ਮਨਮੋਹਨ ਸਿੰਘ ਨੂੰ, “ਭਾਰਤ ਰਤਨ” ਨਾਲ ਸਨਮਾਨਿਤ ਕਰੇਗੀ; ਤਾਂ ਇਸ ਨਾਲ ਭਾ.ਜ.ਪਾ. ਦਾ ਸਿੱਖ ਪੰਥ ਪ੍ਰਤੀ ਸ਼ਰਧਾ ਅਤੇ ਪਿਆਰ ਪ੍ਰਤੱਖ ਪ੍ਰਗਟ ਹੋਵੇਗਾ।

ਰਤਨਦੀਪ ਸਿੰਘ ਨੇ ਭਾਰਤ ਸਰਕਾਰ ਨੂੰ ਦੁਬਾਰਾ ਬੇਨਤੀ ਕਰਦਿਆਂ ਕਿਹਾ ਕਿ ਬਿਰਧ ਹੋਣ ਕਾਰਣ, ਸ. ਮਨਮੋਹਨ ਸਿੰਘ ਦੀ ਸਿਹਤ ਢਿੱਲੀ ਰਹਿੰਦੀ ਹੈ। ਇਸ ਲਈ, ਨਾਮਧਾਰੀ ਸਿੱਖਾਂ ਦੀ ਬੇਨਤੀ ਪ੍ਰਵਾਨ ਕਰਦਿਆਂ ਹੋਏ; ਸ. ਮਨਮੋਹਨ ਸਿੰਘ ਨੂੰ, ਉਨ੍ਹਾਂ ਦੇ ਜੀਵਨ ਕਾਲ ਦੌਰਾਨ ਹੀ “ਭਾਰਤ ਰਤਨ” ਦੇ ਕੇ ਸਨਮਾਨਿਤ ਕਰੋ।
ਅਖੀਰ ਵਿੱਚ ਗੁਰਦੀਪ ਕੌਰ ਨੇ ਕਿਹਾ ਕਿ “ਭਾਰਤ ਰਤਨ” ਦੇਣ ਸੰਬੰਧੀ ਬੇਨਤੀ ਕਰਨ ਨੂੰ; ਅਸਾਨੂੰ ਕਿਸੇ ਨੇ ਨਹੀਂ ਕਿਹਾ। “ਰਾਸ਼ਟਰਵਾਦੀ ਸਿੱਖ” ਹੋਣ ਦੇ ਨਾਤੇ, ਵਰਤਮਾਨ ਨਾਮਧਾਰੀ ਗੁਰੂ ਜੀ ਦਾ, ਇਹ ਸੁਤੰਤਰ ਵਿਚਾਰ ਹੈ ਕਿ ਸ. ਮਨਮੋਹਨ ਸਿੰਘ ਨੂੰ “ਭਾਰਤ ਰਤਨ” ਜ਼ਰੂਰ ਮਿਲਣਾ ਚਾਹੀਦਾ ਹੈ।

Related posts

ਡਰਾਇਵਰ ਨੇ ਨਿ/ਆ/ਣੇ ਨਾਲ ਕਰਤਾ ਆਹ ਕੰ/ਮ ?

htvteam

ਰੋਡ ‘ਤੇ ਨੌਜ-ਵਾਨਾਂ ਨੂੰ ਟੱਕ-ਰਿਆ ਕਾਲ

htvteam

ਘਰਵਾਲੀ ਦੇ ਸਾਹਮਣੇ ਚੌਧਰ ਵਿਖਾਉਂਦੇ ਗਰੀਬ ਨਾਲ ਕਰ ਗਿਆ ਧੱਕਾ

htvteam

Leave a Comment