ਸੰਗਰੂਰ : ਕਸਬਾ ਮੂਨਕ ਵਿੱਚ ਅੱਜ ਸਵੇਰੇ ਬਾਜੀਗਰ ਬਸਤੀ ਅੰਦਰ ਰਹਿਣ ਵਾਲੇ ਮੁੰਸ਼ੀ ਰਾਮ ਦੇ ਘਰ ਦੀ ਛੱਤ ਡਿੱਗਣ ਨਾਲ ਦੋ ਬੱਚਿਆਂ ਦੀ ਮੌਤ ਹੋ ਗਈ ਹੈ, ਤੇ ਮਾਂ ਬਾਪ ਸਮੇਤ ਚਾਰ ਲੋਕ ਜਖ਼ਮੀ ਹੋ ਗਏ । ਇਹ ਘਟਨਾ ਉਸ ਵੇਲੇ ਘਟੀ ਜਦੋਂ ਮੁੰਸ਼ੀ ਰਾਮ ਆਪਣੇ ਪਰਿਵਾਰ ਨਾਲ ਘਰ ਵਿੱਚ ਸੋਂ ਰਿਹਾ ਸੀ, ਤੇ ਇੱਕ ਧਮਾਕੇ ਨਾਲ ਸਵੇਰੇ ਕਰੀਬ ਚਾਰ ਵਜੇ ਅਚਾਨਕ ਘਰ ਦੀ ਉਹ ਛੱਤ ਡਿਗ ਪਈ ਜੋ ਮੰਦੇ ਹਾਲਾਂ ‘ਚ ਸੀ l ਹਾਦਸੇ ਦੌਰਾਨ ਪੂਰਾ ਪਰਿਵਾਰ ਮਲਬੇ ਹੇਠ ਦੱਬ ਗਿਆ l ਛੱਤ ਗਿਰਨ ਦੀ ਆਵਾਜ਼ ਸੁਣਦੇ ਹੀ ਗੁਆਂਢੀ ਉਥੇ ਜਮਾਂ ਹੋਏ ਤੇ ਸਖਤ ਮਿਹਨਤ ਤੋਂ ਬਾਅਦ ਉਨ੍ਹਾਂ ਨੇ ਮਲਬੇ ਹੇਠੋਂ ਪਰਿਵਾਰ ਨੂੰ ਕੱਢਿਆ, ਜਿਨ੍ਹਾਂ ਨੂੰ ਮੂਨਕ ਦੇ ਸਿਵਿਲ ਹਸਪਤਾਲ ‘ਚ ਭਰਤੀ ਕਰਾਇਆ l ਜਿੱਥੇ ਕਿ ਰਿੰਕੂ ਅਤੇ ਖੁਸ਼ੀ ਨਾਮ ਦੇ ਦੋ ਬੱਚਿਆਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ l ਮੁੰਸ਼ੀ ਰਾਮ ਤੇ ਉਸਦੀ ਪਤਨੀ ਸ਼ੀਲਾ ਦੇਵੀ ਹਸਪਤਾਲ ਵਿੱਚ ਇਲਾਜ ਅਧੀਨ ਹਨ l
ਦੱਸ ਦਈਏ ਕਿ ਮਲਬੇ ਵਿੱਚ ਫ਼ਸੇ ਲੋਕਾਂ ਦੀ ਮਦਦ ਕਰਨ ਲਈ ਪਿੰਡੋਂ ਪਹੁੰਚੇ ਪੰਚਾਇਤ ਦੇ ਦੋ ਮੈਂਬਰ ਕਾਲਾ ਰਾਮ ਤੇ ਰਾਂਝਾ ਰਾਮ ਵੀ ਜਖ਼ਮੀ ਹੋ ਗਏ ਹਨ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਤੋਂ ਪਟਿਆਲਾ ਰੈਫ਼ਰ ਕਰ ਦਿੱਤਾ ਗਿਆ ਹੈ l ਮੌਕੇ ਤੇ ਮੌਜੂਦ ਲੋਕਾਂ ਨੇ ਸਰਕਾਰ ਤੋਂ ਪੀੜਿਤ ਪਰਿਵਾਰ ਲਈ ਮੁਆਵਜ਼ੇ ਦੀ ਮੰਗ ਕੀਤੀ ਹੈ । ਦੂਜੇ ਪਾਸੇ ਮੂਨਕ ਦੇ ਡੀਐਸਪੀ ਨੇ ਮੋਕੇ ਤੇ ਪਹੁੰਚ ਕੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਦਿਲਾਸਾ ਦਿੱਤਾ ਹੈ ਕੀ ਪੀੜਿਤਾਂ ਦੀ ਪੂਰੀ ਮਦਦ ਕੀਤੀ ਜਾਵੇਗੀ l