ਲੁਧਿਆਣਾ : ਇੱਥੋਂ ਦੇ ਨਿਊ ਸ਼ਕਤੀ ਨੰਬਰ ਦੀ ਗਲੀ ਨੰਬਰ 17 ਵਿੱਚ ਉਸ ਵੇਲੇ ਚੀਕ ਚਿਹਾੜਾ ਪੈ ਗਿਆ ਜਦੋਂ ਇੱਕ ਪਾਸੇ ਤਾਂ ਘਰ ਉੱਤੇ 2 ਦਰਜਨ ਦੇ ਕਰੀਬ ਬੰਦਿਆਂ ਵੱਲੋਂ ਇੱਟਾਂ, ਪੱਥਰ ਤੇ ਕੱਚ ਦੀਆਂ ਬੋਤਲਾਂ ਨਾਲ ਹਮਲਾ ਕਰ ਦਿੱਤਾ ਗਿਆ ਤੇ ਦੂਜੇ ਪਾਸੇ ਜਦੋਂ ਉਹ ਇਸ ਘਟਨਾ ਦੀ ਸ਼ਿਕਾਇਤ ਕਰਨ ਥਾਣੇ ਵਿੱਚ ਗਏ ਤਾਂ ਵਾਪਸ ਆ ਕੇ ਦੇਖਿਆ ਕਿ ਪਰਿਵਾਰ ਦਾ ਮੁਖੀ 60 ਸਾਲਾ ਪ੍ਰੇਮ ਸਿੰਘ ਘਰ ਵਿੱਚ ਫਾਹਾ ਲੈ ਕੇ ਲਟਕਿਆ ਹੋਇਆ ਹੈ l ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਨੇ ਲਾਸ਼ ਕਬਜ਼ੇ ਵਿੱਚ ਲੈ ਕੇ 21 ਬੰਦਿਆਂ ਦੇ ਖਿਲਾਫ ਪਰਚਾ ਦਰਜ ਕਰਕੇ ਕੁਝ ਸੀਸੀਟੀਵੀ ਤਸਵੀਰਾਂ ਵੀ ਕਬਜ਼ੇ ਵਿੱਚ ਲਈਆਂ ਹਨ l
ਮਿਲੀ ਜਾਣਕਾਰੀ ਅਨੁਸਾਰ ਪੁਲਿਸ ਨੂੰ ਦਿੱਤੇ ਬਿਆਨ ਵਿੱਚ ਮਿ੍ਰਤਕ ਪ੍ਰੇਮ ਸਿੰਘ ਦੇ ਬੇਟੇ ਮਨਦੀਪ ਨੇ ਦੋਸ਼ ਲਾਇਆ ਹੈ ਕਿ ਉਸ ਦਾ ਛੋਟਾ ਪੁੱਤਰ ਪਰਮਜੀਤ ਲੰਘੀ 27 ਅਪ੍ਰੈਲ ਦੀ ਸ਼ਾਮ ਨੂੰ 7 ਵਜੇ ਦੇ ਕਰੀਬ ਕੁਝ ਜ਼ਰੂਰੀ ਸਮਾਨ ਲੈਣ ਘਰੋਂ ਬਾਹਰ ਗਿਆ ਸੀ, ਜਿੱਥੇ ਰਸਤੇ ਵਿੱਚ ਉਸ ਦੀ ਕਿਸੇ ਪੁਰਾਣੀ ਰੰਜਿਸ਼ ਨੂੰ ਲੈ ਕੇ ਕੁਝ ਲੋਕਾਂ ਨਾਲ ਬਹਿਸ ਹੋ ਗਈ l ਦੋਸ਼ ਅਨੁਸਾਰ ਇਸ ਉਪਰੰਤ ਜਿਨ੍ਹਾਂ ਲੋਕਾਂ ਨਾਲ ਪਰਮਜੀਤ ਸਿੰਘ ਦੀ ਬਹਿਸ ਹੋਈ ਸੀ l ਉਨ੍ਹਾਂ ਨੇ ਘਰ ਉੱਤੇ ਹਮਲਾ ਕਰ ਦਿੱਤਾ l ਬਿਆਨ ਵਿੱਚ ਅੱਗੇ ਲਿਖਿਆ ਹੈ ਕਿ ਉਹ ਰਾਤ ਤਾਂ ਉਨ੍ਹਾਂ ਨੇ ਜਿਵੇਂ ਕਿਵੇਂ ਕਰਕੇ ਗੁਜ਼ਾਰ ਲਈ ਪਰ ਅਗਲੇ ਦਿਨ ਮੰਗਲਵਾਰ ਨੂੰ ਸਵੇਰੇ ਜਦੋਂ ਉਹ ਇਸ ਘਟਨਾ ਦੀ ਸ਼ਿਕਾਇਤ ਥਾਣਾ ਟਿੱਬਾ ਪੁਲਿਸ ਨੂੰ ਕਰਨ ਗਏ ਤਾਂ ਵਾਪਸ ਆ ਕੇ ਦੇਖਿਆ ਕਿ ਉਸ ਦੇ ਪਿਤਾ ਪ੍ਰੇਮ ਸਿੰਘ ਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ l
ਦੱਸ ਦਈਏ ਕਿ ਪ੍ਰੇਮ ਸਿੰਘ ਕੁਝ ਸਮਾਂ ਪਹਿਲਾਂ ਇੱਥੋਂ ਦੇ ਗਊਸ਼ਾਲਾ ਗੁਰਦੁਆਰੇ ਅੰਦਰ ਸੇਵਾ ਕਰਦਾ ਸੀ ਪਰ ਅੱਜ ਕੱਲ ਉਹ ਘਰ ਹੀ ਰਹਿੰਦਾ ਸੀ l ਜਿਸ ਬਾਰੇ ਥਾਣਾ ਟਿੱਬਾ ਦੇ ਜਾਂਚ ਅਧਿਕਾਰੀ ਏਐਸਆਈ ਜਸਪਾਲ ਸਿੰਘ ਦੱਸਦੇ ਹਨ ਕਿ ਪੁਲਿਸ ਨੇ ਮਿ੍ਰਤਕ ਦੇ ਪੁੱਤਰ ਮਨਦੀਪ ਸਿੰਘ ਦੀ ਸ਼ਿਕਾਇਤ ਤੇ ਨਿਊ ਸ਼ਕਤੀ ਨਗਰ ਇਲਾਕੇ ਵਿੱਚ ਰਹਿਣ ਵਾਲੇ ਨਦੀਮ ਮਲਿਕ, ਉਸ ਦੇ 3 ਪੁੱਤਰ ਸ਼ੋਇਬ, ਸ਼ਿਵਮ, ਸੋਢੀ, ਜੱਗੀ ਤੇ ਲਵਪ੍ਰੀਤ ਤੋਂ ਇਲਾਵਾ 12 ਹੋਰ ਅਣਪਛਾਤੇ ਲੋਕਾਂ ਦੇ ਖਿਲਾਫ ਆਤਮਹੱਤਿਆ ਲਈ ਮਜ਼ਬੂਰ ਕਰਨ ਲਈ ਆਈਪੀਸੀ ਦੀ ਧਾਰਾ 306 ਤਹਿਤ ਪਰਚਾ ਦਰਜ ਕਰਕੇ ਮੁਲਜ਼ਮਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ l ਥਾਣੇਦਾਰ ਜਸਪਾਲ ਸਿੰਘ ਅਨੁਸਾਰ ਪੁਲਿਸ ਨੇ ਮਿ੍ਰਤਕ ਦੇ ਘਰ ਤੇ ਹੋਏ ਹਮਲੇ ਦੀ ਸੀਸੀਟੀਵੀ ਫੁਟੇਜ਼ ਨੂੰ ਵੀ ਕਬਜ਼ੇ ਵਿੱਚ ਲਿਆ ਹੈ ਤੇ ਉਸ ਰਾਹੀਂ ਨਾ ਸਿਰਫ ਮੁਲਜ਼ਮਾਂ ਦੀ ਪਛਾਣ ਕਰਨੀ ਸੌਖੀ ਹੋਵੇਗੀ ਬਲਕਿ ਉਸ ਨੂੰ ਅਦਾਲਤ ਵਿੱਚ ਸਬੂਤ ਵੱਜੋਂ ਪੇਸ਼ ਕੀਤਾ ਜਾਵੇਗਾ l