ਚੰਡੀਗੜ੍ਹ : ਲੰਘੇ ਜੁਲਾਈ ਦੌਰਾਨ ਪੰਜਾਬ ਦੇ ਕੈਬਨਿਟ ਮੰਤਰੀ ਵਾਲ਼ੇ ਆਹੁਦੇ ਤੋਂ ਅਸਤੀਫ਼ਾ ਦੇ ਚੁੱਕੇ ਮੌਜੂਦਾ ਸਮੇਂ ਕਾਂਗਰਸੀ ਵਿਧਾਇਕ ਨਵਜੋਤ ਸਿੰਘ ਸਿੱਧੂ ਪੰਜਾਬ ਵਿਧਾਨਸਭਾ ਦੇ ਰਿਕਾਰਡ ਵਿੱਚ ਅੱਜ ਵੀ ਸੂਬੇ ਦੇ ਕੈਬਨਿਟ ਮੰਤਰੀ ਵੱਜ ਰਹੇ ਨੇ l ਤੇ ਇਥੋਂ ਤੱਕ ਕਿ ਉਨ੍ਹਾਂ ਦੀ ਤਨਖਾਹ ਤੇ ਹੋਰ ਭੱਤੇ ਵੀ ਸਭ ਕੁਝ ਉਸੇ ਹਿਸਾਬ ਨਾਲ ਤਿਆਰ ਕੀਤੇ ਜਾ ਰਹੇ ਨੇ l ਜਦਕਿ ਨਵਜੋਤ ਸਿੱਧੂ ਮੰਤਰੀ ਦਾ ਅਹੁਦਾ ਛੱਡਣ ਤੋਂ ਬਾਅਦ ਵਿਧਾਇਕ ਦੇ ਰੂਪ ਵਿੱਚ ਵੀ ਅੱਜ ਤੱਕ ਕਦੇ ਆਪਣੀ ਤਨਖਾਹ ਲੈਣ ਨਹੀਂ ਆਏ l ਲਿਹਾਜ਼ਾ ਇਸ ਵਾਰ ਵਿਧਾਨਸਭਾ ਸਕੱਤਰੇਤ ਵੱਲੋ ਉਨ੍ਹਾਂ ਦੀ ਤਨਖਾਹ ਤਿਆਰ ਹੀ ਨਹੀਂ ਕੀਤੀ ਗਈ l
ਦੱਸ ਦਈਏ ਕਿ ਲੰਘੀ 20 ਜੁਲਾਈ, 2019 ਨੂੰ ਮੰਤਰੀ ਦਾ ਅਹੁਦਾ ਛੱਡਣ ਤੋਂ ਬਾਅਦ ਨਵਜੋਤ ਸਿੱਧੂ ਇੱਕ ਵਾਰ ਵੀ ਪੰਜਾਬ ਵਿਧਾਨ ਸਭਾ ਵਿੱਚ ਨਹੀਂ ਗਏ l ਦੂਜੇ ਪਾਸੇ ਵਿਧਾਨ ਸਭਾ ਅਧਿਕਾਰੀਆਂ ਦਾ ਕਹਿਣਾ ਹੈ ਕਿ ਨਵਜੋਤ ਸਿੰਘ ਸਿੱਧੂ ਦੇ ਮੰਤਰੀ ਦੇ ਅਹੁਦੇ ਤੋਂ ਅਸਤੀਫ਼ੇ ਦੇਣ ਬਾਰੇ ਰਾਜ ਸਰਕਾਰ ਤੋਂ ਉਨ੍ਹਾਂ ਨੂੰ ਅਜੇ ਤੱਕ ਕੋਈ ਵੀ ਨੋਟੀਫ਼ਿਕੇਸ਼ਨ ਨਹੀਂ ਭੇਜਿਆ ਗਿਆ l ਜਿਸਦੇ ਚਲਦੇ ਵਿਧਾਨ ਸਭਾ ਰਿਕਾਰਡ ਵਿੱਚ ਸਿੱਧੂ ਅੱਜ ਵੀ ਪੰਜਾਬ ਦੇ ਮੰਤਰੀ ਹੀ ਹਨ l ਮਿਲੀ ਜਾਣਕਾਰੀ ਅਨੁਸਾਰ ਪਾਕਿਸਤਾਨੀ ਫੌਜ ਮੁਖੀ ਜਰਨਲ ਬਾਜਵਾ ਨੂੰ ਗਲੇ ਲਾਉਣ ਤੋਂ ਬਾਅਦ ਵਿਵਾਦਾਂ ਵਿੱਚ ਘਿਰੇ ਨਵਜੋਤ ਸਿੰਘ ਸਿੱਧੂ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿੱਚਕਾਰ ਤਕਰਾਰ ਲਗਾਤਾਰ ਵੱਧਦਾ ਰਿਹਾ ਹੈ l ਇਸ ਮਾਮਲੇ ਵਿੱਚ ਕਾਂਗਰਸ ਹਾਈਕਮਾਨ ਨੇ ਦੋਵਾਂ ਵਿਚਕਾਰ ਸੁਲਾਹ ਕਰਾਉਣ ਦੀ ਕੋਸ਼ਿਸ਼ ਵੀ ਕੀਤੀ ਸੀ ਪਰ ਕੋਈ ਸਿੱਟਾ ਨਹੀਂ ਨਿਕਲਿਆ l ਇਹ ਝਗੜਾ ਉਸ ਵੇਲ਼ੇ ਬਹੁਤ ਵੱਡਾ ਹੋ ਗਿਆ ਜਦ ਕੈਪਟਨ ਨੇ ਆਪਣੇ ਮੰਤਰੀਮੰਡਲ ਵਿੱਚ ਫ਼ੇਰਬਦਲ ਕਰਦਿਆਂ ਸਿੱਧੂ ਦਾ ਵਿਭਾਗ ਬਦਲ ਕੇ ਉਨ੍ਹਾਂ ਨੂੰ ਬਿਜਲੀ ਮਹਿਕਮੇ ਦਾ ਮੰਤਰੀ ਬਣਾ ਦਿੱਤਾ l ਇਸ ਉਪਰੰਤ ਸਿੱਧੂ ਨੇ ਨਵਾਂ ਵਿਭਾਗ ਸੰਭਾਲਣ ਦੀ ਬਜਾਏ ਕੈਬਨਿਟ ਮੰਤਰੀ ਦੇ ਆਹੁਦੇ ਤੋਂ ਅਸਤੀਫ਼ਾ ਦੇਣਾ ਹੀ ਠੀਕ ਸਮਝਿਆ l ਇੱਥੇ ਵਿਧਾਨ ਸਭਾ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਿਵੇਂ ਹੀ ਰਾਜ ਸਰਕਾਰ ਤੋਂ ਉਨ੍ਹਾਂ ਨੂੰ ਕੋਈ ਨੋਟੀਫ਼ਿਕੇਸ਼ਨ ਜਾਰੀ ਹੁੰਦਾ ਹੈ ਤਾਂ ਉਹ ਸਿੱਧੂ ਦੀ ਬਣਦੀ ਤਨਖਾਹ ਤੇ ਭੱਤਾ ਜਾਰੀ ਕਰ ਦੇਣਗੇ l