ਨਵਾਂਸ਼ਹਿਰ : ਜਿਲ੍ਹੇ ਦੇ ਕਸਬਾ ਬਲਾਚੌਰ ਵਿੱਚ ਵੀਰਵਾਰ ਨੂੰ ਇੱਕ ਸੜਕ ਹਾਦਸੇ ਦੌਰਾਨ ਦੋ ਔਰਤਾਂ ਤੀ ਮੌਤ ਹੋ ਗਈ, ਜਦ ਕਿ ਇੱਕ ਔਰਤ ਸਮੇਤ ਦੋ ਹੋਰ ਵਿਅਕਤੀ ਗੰਭੀਰ ਰੂਪ ਵਿੱਚ ਜਖ਼ਮੀ ਹੋ ਗਏ ਹਨ l ਹਾਦਸਾ ਉਸ ਸਮੇਂ ਹੋਇਆ ਜਦੋਂ ਮੁਹਾਲੀ ਜਿਲ੍ਹੇ ਦੇ ਬਲੌਂਗੀ ਤੋਂ ਲੋਕ ਕਾਰ ਵਿੱਚ ਪਿੰਡ ਪੰਡੋਰੀ ਜਾ ਰਹੇ ਸਨ l ਇਸ ਦੌਰਾਨ ਅਚਾਨਕ ਕਾਰ ਬੇਕਾਬੂ ਹੋ ਕੇ ਦਰੱਖਤ ਵਿੱਚ ਜਾ ਵੱਜੀ l ਜਖਮੀ ਕਾਰ ਚਾਲਕ ਨੂੰ ਬਲਾਚੌਰ ਤੋਂ ਨਵਾਂਸ਼ਹਿਰ ਰੈਫ਼ਰ ਕਰ ਦਿੱਤਾ ਗਿਆ ਹੈ l ਉੱਥੇ ਹੀ ਸੂਚਨਾ ਮਿਲਣ ਤੇ ਪੁਲਿਸ ਨੇ ਮਾਮਲੇ ਦੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ l ਹਾਦਸਾ ਸਵੇਰੇ ਸਾਢੇ ਨੌਂ ਵਜੇ ਦੇ ਕਰੀਬ ਹੋਇਆ ਦੱਸਿਆ ਜਾਂਦਾ ਹੈ, ਜਿਸ ਵਿੱਚ ਮ੍ਰਿਤਕ ਔਰਤਾਂ ਦੀ ਪਹਿਚਾਣ ਬਲੌਂਗੀ ਤੋਂ 55 ਸਾਲਾ ਨਿਰਮਲਾ ਦੇਵੀ ਪਤਨੀ ਹਰੀਰਾਮ, ਲੁਧਿਆਣਾ ਦੀ 58 ਸਾਲਾ ਜਸਵਿੰਦਰ ਕੌਰ ਪਤਨੀ ਅਵਤਾਰ ਸਿੰਘ ਦੇ ਰੂਪ ਵਿੱਚ ਹੋਈ ਹੈ l
ਦੂਸਰੇ ਪਾਸੇ ਜਖ਼ਮੀਆਂ ਵਿੱਚ ਬਲੌਂਗੀ ਦੇ 47 ਸਾਲਾ ਪੁਰਸ਼ੋਤਮ ਲਾਲ ਪੁੱਤਰ ਹਜ਼ਾਰਾ ਰਾਮ ਅਤੇ 25 ਸਾਲਾ ਰੂਬੀ ਪੁੱਤਰੀ ਰਵਿੰਦਰ ਕੁਮਾਰ ਵੱਜੋਂ ਹੋਈ ਹੈ l ਇਸ ਬਾਰੇ ਥਾਣਾ ਸਿਟੀ ਬਲਾਚੌਰ ਦੇ ਏਐਸਆਈ ਅਮਰਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਮਹਿਲਾਵਾਂ ਦੇ ਸਰੀਰ ਨੂੰ ਬਲਾਚੌਰ ਦੇ ਸਰਕਾਰੀ ਹਸਪਤਾਲ ਦੀ ਮੋਰਚਰੀ ਵਿੱਚ ਰੱਖਿਆ ਗਿਆ ਹੈ l ਪੁਲਿਸ ਨੇ ਦੱਸਿਆ ਕਿ ਇਨ੍ਹਾਂ ਦੇ ਵਾਰਸਾਂ ਦੇ ਆਉਣ ਤੋਂ ਬਾਅਦ ਲਾਸ਼ਾਂ ਦਾ ਪੋਸਟਮਾਰਟਮ ਕਰਵਾਕੇ ਉਨ੍ਹਾਂ ਦੇ ਹਵਾਲੇ ਕਰ ਦਿੱਤਾ ਜਾਵੇਗਾ l ਜਖ਼ਮੀਆਂ ਦੀ ਹਾਲਤ ਜ਼ਿਆਦਾ ਗੰਭੀਰ ਹੋਣ ਕਰਕੇ ਉਨ੍ਹਾਂ ਨੂੰ ਨਵਾਂਸ਼ਹਿਰ ਦੇ ਸਰਕਾਰੀ ਹਸਪਤਾਲ ਵਿੱਚ ਰੈਫ਼ਰ ਕਰ ਦਿੱਤਾ ਗਿਆ ਹੈ l
