ਗੁਰਦਾਸਪੁਰ ਦੇ ਵੇਰਕਾ ਮਿਲਕ ਪਲਾਂਟ ਵਿੱਚ ਇਹ ਚਿੱਟਾ ਤਰਲ ਪਦਾਰਥ ਉਹ ਦੁੱਧ ਹੈ,ਜਿਹੜਾ ਇਸ ਵਿੱਚ ਅਤੇ ਇਹੋ ਜਿਹੇ ਇੱਕ ਹੋਰ ਟੈਂਕਰ ‘ਚ ਭਰ ਕੇ ਮੋਹਾਲੀ ਦੇ ਵੇਰਕਾ ਪਲਾਂਟ ਤੋਂ ਇੱਥੇ ਸਪਲਾਈ ਕੀਤਾ ਗਿਆ ਸੀ l ਮੋਹਾਲੀ ਵੇਰਕਾ ਮਿਲਕ ਪਲਾਂਟ ‘ਚੋਂ ਚੱਲਣ ਤੋਂ ਪਹਿਲਾਂ ਇਨ੍ਹਾਂ ਟੈਂਕਰਾਂ ‘ਚ ਭਰਿਆ ਦੁੱਧ ਉੱਥੋਂ ਦੇ ਅਧਿਕਾਰੀਆਂ ਦੁਆਰਾ ਟੈਸਟ ਵੀ ਕੀਤਾ ਗਿਆ ਸੀ ਤੇ ਉਸ ਵੇਲੇ ਇਹ ਦੁੱਧ ਠੀਕ ਵੀ ਪਾਇਆ ਗਿਆ ਸੀ l ਪਰ ਜਿਉਂ ਹੀ ਇਸ ਦੁੱਧ ਨਾਲ ਭਰੇ ਇਹ ਦੋਵੇਂ ਟੈਂਕਰ ਗੁਰਦਾਸਪੁਰ ਦੇ ਇਸ ਵੇਰਕਾ ਮਿਲਕ ਪਲਾਂਟ ਦੇ ਗੇਟ ‘ਤੇ ਪਹੁੰਚੇ ਤਾਂ ਤੁਰੰਤ ਪੰਗਾ ਪੈ ਗਿਆ l ਜਿਵੇਂ ਹੀ ਗੇਟ ਤੇ ਦੁੱਧ ਦਾ ਟੈਸਟ ਕੀਤਾ ਗਿਆ ਤਾਂ ਉਸ ਵਿੱਚ ਕਾਫੀ ਮਾਤਰਾ ਵਿੱਚ ਕੋਈ ਜ਼ਹਿਰੀਲਾ ਪਦਾਰਥ ਪਾਇਆ ਗਿਆ l
ਇਨ੍ਹਾਂ ਦੋਵਾਂ ਟੈਂਕਰਾਂ ‘ਚ ਕੁੱਲ 30 ਤੋਂ 32 ਹਜ਼ਾਰ ਲੀਟਰ ਦੁੱਧ ਭਰ ਕੇ ਭੇਜਿਆ ਗਿਆ ਸੀ l ਜਿਸ ਨੂੰ ਇੱਕ ਮਿਲਾਵਟਖੋਰੀ ਦਾ ਪਰਦਾਫ਼ਾਸ਼ ਹੋਣ ਤੋਂ ਬਾਅਦ ਇੰਝ ਖੂਹ ‘ਚ ਪਾਣੀ ਵਾਂਗ ਇਸ ਲਈ ਰੋੜ੍ਹਿਆ ਜਾ ਰਿਹਾ ਹੈ,ਕਿਉਂਕਿ ਇੱਥੇ ਟੈਸਟਿੰਗ ਦੌਰਾਨ ਟੈਂਕਰਾਂ ਅੰਦਰ ਪਏ ਦੁੱਧ ‘ਚ ਕੋਈ ਜ਼ਹਿਰੀਲਾ ਪਦਾਰਥ ਮਿਲਾਇਆ ਪਾਇਆ ਗਿਆ l ਇਸ ਵਿੱਚ ਕੋਈ ਸ਼ੱਕ ਨਹੀਂ ਕਿ ਵੇਰਕਾ ਦੁੱਧ ਦਾ ਬਜ਼ਾਰ ਅੰਦਰ ਇਸ ਲਈ ਨਾਮ ਹੈ, ਕਿਉਂਕਿ ਲੋਕ ਇਸ ‘ਤੇ ਇਸ ਲਈ ਵਿਸ਼ਵਾਸ਼ ਕਰਦੇ ਨੇ ਕਿ ਇਹ ਅਸਲੀ ਦੁੱਧ ਹੈ ਤੇ ਇਸ ਅੰਦਰ ਕੋਈ ਮਿਲਾਵਟ ਨਹੀਂ ਹੈ l ਪਰ ਜਿਹੜੀ ਹਰਕਤ ਕਰਨ ਦਾ ਇਲਜ਼ਾਮ ਇਨ੍ਹਾਂ ਟਰੱਕ ਡਰਾਈਵਰਾਂ ਤੇ ਲੱਗਿਆ ਹੈ, ਉਹ ਸਾਬਿਤ ਹੋਣ ਤੇ ਭਾਵੇਂ ਇਨ੍ਹਾਂ ਡਰਾਈਵਰਾਂ ਨੂੰ ਸਜ਼ਾ ਵੀ ਹੋ ਜਾਵੇ l ਪਰ ਜੇਕਰ ਇੱਕ ਵਾਰ ਇਸ ਦੁੱਧ ਦਾ ਨਾਮ ਮਾਰਕਿਟ ‘ਚ ਖਰਾਬ ਹੋ ਗਿਆ, ਫਿਰ ਇਸਦਾ ਤਾਂ ਰੱਬ ਹੀ ਰਾਖਾ ਹੈ l
