ਅੰਮ੍ਰਿਤਸਰ : ਬਟਾਲਾ ਪੁਲਿਸ ਦੇ ਇੱਕ ਏਐਸਆਈ ਵੱਲੋ ਕੀਤੀ ਗਈ ਸ਼ਰਮਨਾਕ ਹਰਕਤ ਕਾਰਨ ਪੰਜਾਬ ਪੁਲਿਸ ਦੀ ਵਰਦੀ ਇੱਕ ਵਾਰ ਫਿਰ ਦਾਗਦਾਰ ਹੋਈ ਹੈ l ਮਾਮਲਾ ਬਟਾਲਾ ਸ਼ਹਿਰ ਦੇ ਇੱਕ ਮੁਹੱਲੇ ਦਾ ਹੈ,ਜਿੱਥੇ ਬੀਤੇ ਸ਼ਨੀਵਾਰ ਦੇਰ ਸ਼ਾਮ ਨੂੰ ਬਟਾਲਾ ਪੁਲਿਸ ਦੇ ਇੱਕ ਏਐਸਆਈ ਨੇ 10 ਸਾਲ ਦੀ ਬੱਚੀ ਨਾਲ ਕੁਕਰਮ ਕਰਨ ਦੀ ਕੋਸ਼ਿਸ਼ ਕੀਤੀ l ਮੁੱਹਲੇ ਦੇ ਲੋਕਾਂ ਨੇ ਮਿਲਕੇ ਪੁਲਿਸ ਅਧਿਕਾਰੀ ਨੂੰ ਕਾਬੂ ਕਰ ਲਿਆ ਤੇ ਬਾਅਦ ਵਿੱਚ ਉਸ ਨੂੰ ਨੇੜਲੇ ਥਾਣੇ ਦੀ ਪੁਲਿਸ ਨੂੰ ਸੌਂਪ ਦਿੱਤਾ l ਉੱਥੇ ਹੀ ਥਾਣਾ ਸਿਵਿਲ ਲਾਈਨ ਪੁਲਿਸ ਨੇ ਮੁਲਜ਼ਮ ਏਐਸਆਈ ਖਿਲਾਫ਼ ਕੁਕਰਮ ਦੇ ਯਤਨਾਂ ਅਤੇ ਪੋਕਸੋ ਐਕਟ ਤਹਿਤ ਮਾਮਲਾ ਦਰਜ ਕਰਕੇ ਮੁਲਜ਼ਮ ਨੂੰ ਗਿਰਫ਼ਤਾਰ ਕਰ ਲਿਆ ਹੈ l ਮੁਲਜ਼ਮ ਏਐਸਆਈ ਬਟਾਲਾ ਦੇ ਥਾਣਾ ਸਦਰ ਵਿੱਚ ਤਾਇਨਾਤ ਸੀ l ਦੋਸ਼ ਹੈ ਕਿ ਸ਼ਨੀਵਾਰ ਨੂੰ ਉਹ ਘਰ ਵਿੱਚ ਇੱਕਲਾ ਸੀ l ਇਸ ਦੌਰਾਨ ਉਹ ਗਲੀ ਵਿਚੋਂ ਨਾਬਾਲਿਗ ਕੁੜੀ ਨੂੰ ਆਪਣੇ ਘਰ ਲੈ ਆਇਆ ਅਤੇ ਅੰਦਰ ਕੁੜੀ ਦੇ ਨਾਲ ਅਸ਼ਲੀਲ ਹਰਕਤਾਂ ਕਰਨ ਲੱਗਾ l
ਵਿਰੋਧ ਕਰਦੇ ਹੋਏ ਬੱਚੀ ਨੇ ਸ਼ੋਰ ਪਾਉਣਾ ਸ਼ੁਰੂ ਕੀਤਾ ਜਿਸ ਤੇ ਮੁੱਹਲਾ ਨਿਵਾਸੀ ਇੱਕਠੇ ਹੋਏ ਅਤੇ ਬੱਚੀ ਨੂੰ ਬਾਹਰ ਕੱਢਿਆ l ਮੁਹੱਲਾ ਨਿਵਾਸੀਆਂ ਨੇ ਏਐਸਆਈ ਨੂੰ ਕਾਬੂ ਕਰ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ l ਇਸ ਸੰਬੰਧ ਵਿੱਚ ਐਸਪੀ ਹੈਡਕੁਆਰਟਰ ਜਸਬੀਰ ਸਿੰਘ ਰਾਏ ਨੇ ਮਾਮਲੇ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਮੁਲਜ਼ਮ ਏਐਸਆਈ ਖ਼ਿਲਾਫ਼ ਇਸ ਗੰਦੀ ਹਰਕਤ ਨੂੰ ਲੈ ਕੇ ਬੱਚੀ ਦੀ ਦਾਦੀ ਦੇ ਬਿਆਨਾਂ ਤੇ ਮਾਮਲਾ ਦਰਜ ਕਰ ਕੇ ਊਸਨੂੰ ਗਿਰਫ਼ਤਾਰ ਕਰ ਲਿਆ ਹੈ l ਅਧਿਕਾਰੀ ਅਨੁਸਾਰ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ l ਉਨ੍ਹਾਂ ਦੱਸਿਆ ਕਿ ਏਐਸਆਈ ਦਾ ਮੈਡੀਕਲ ਕਰਵਾਕੇ ਇਹ ਪਤਾ ਕੀਤਾ ਜਾ ਰਿਹਾ ਹੈ ਕਿ ਉਸ ਨੇ ਦਾਰੂ ਪੀਤੀ ਹੋਈ ਸੀ ਜਾਂ ਨਹੀਂ l
