ਬਠਿੰਡਾ : ਸਿਵਿਲ ਹਸਪਤਾਲ ਬਠਿੰਡਾ ਵਿੱਚ ਬੁੱਧਵਾਰ ਸਵੇਰੇ ਕਰੀਬ ਸਾਢੇ 11 ਵਜੇ ਉਸ ਸਮੇਂ ਹਾਹਾਕਾਰ ਮੱਚ ਗਈ ਜਦੋਂ ਹੱਤਿਆ ਦੇ ਮਾਮਲੇ ਵਿੱਚ ਉਮਰਕੈਦ ਦੀ ਸਜ਼ਾ ਕੱਟ ਰਿਹਾ ਇੱਕ ਕੈਦੀ ਪੁਲਿਸ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ l ਕੈਦੀ ਦੇ ਪੁਲਿਸ ਹਿਰਾਸਤ ਤੋਂ ਫਰਾਰ ਹੋਣ ਦੇ ਬਾਅਦ ਉਸ ਦੀ ਸੁਰੱਖਿਆ ਵਿੱਚ ਤੈਨਾਤ ਪੁਲਿਸ ਵਾਲਿਆਂ ਵਿੱਚ ਭੱਜ ਦੌੜ ਮੱਚ ਗਈ ਅਤੇ ਉਸ ਨੂੰ ਫੜਣ ਦੇ ਲਈ ਜ਼ੇਲ੍ਹ ਮੁਲਾਜ਼ਿਮ ਵੀ ਪਿੱਛੇ ਭੱਜੇ ਪਰ ਉਸ ਦਾ ਕੁਝ ਪਤਾ ਨਹੀਂ ਲੱਗ ਸਕਿਆ l ਫਰਾਰ ਹੋਏ ਕੈਦੀ ਦੀ ਪਹਿਚਾਣ ਮੀਤਾ ਰਾਮ ਉਮਰ ਕਰੀਬ 40 ਸਾਲ ਵਾਸੀ ਪਿੰਡ ਫਤੁਈ ਖੇੜਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਤੌਰ ‘ਤੇ ਹੋਈ, ਜੋ ਹੱਤਿਆ ਦੇ ਇੱਕ ਮਾਮਲੇ ਵਿੱਚ ਬਠਿੰਡਾ ਕੇਂਦਰੀ ਜ਼ੇਲ੍ਹ ਵਿੱਚ ਬੰਦ ਸੀ l ਘਟਨਾ ਦੀ ਜਾਣਕਾਰੀ ਮਿਲਦੇ ਹੀ ਹਰਕਤ ਵਿੱਚ ਆਈ ਸੀਆਈਏ ਟੂ ਪੁਲਿਸ ਦੀ ਟੀਮ ਵੀ ਸਿਵਿਲ ਹਸਪਤਾਲ ਪਹੁੰਚ ਗਈ ਅਤੇ ਫਰਾਰ ਕੈਦੀ ਨੂੰ ਲੱਭਣਾ ਸ਼ੁਰੂ ਕੀਤਾ ਪਰ ਦੇਰ ਸ਼ਾਮ ਤੱਕ ਉਸ ਦਾ ਕੋਈ ਸੁਰਾਗ ਨਹੀਂ ਮਿਲ ਸਕਿਆ l ਸਿਵਿਲ ਹਸਪਤਾਲ ਪੁਲਿਸ ਚੌਂਕੀ ਵੀ ਤਲਾਸ਼ ਕਰਨ ਲੱਗੀ ਹੋਈ ਹੈ l