ਪਾਤੜਾਂ : ਕੋਰੋਨਾ ਵਾਇਰਸ ਨਾਂ ਦਾ ਕੋਡਾ ਰਾਕਸ਼ਸ਼ ਆਦਮ ਬੋਅ ਆਦਮ ਬੋਅ ਕਰਦਾ, ਜਿੱਥੇ ਆਪ ਖੁਦ ਇਨਸਾਨਾਂ ਨੂੰ ਨਿਗਲਦਾ ਜਾ ਰਿਹਾ ਹੈ, ਉੱਥੇ ਦੂਜੇ ਪਾਸੇ ਇਸ ਦੇ ਭੈਅ ਤੋਂ ਸਰਕਾਰਾਂ ਵੱਲੋਂ ਲਾਏ ਗਏ ਕਰਫਿਊ ਅਤੇ ਲਾਕਡਾਊਨ ਦੇ ਵੀ ਸਾਈਡ ਇਫੈਕਟ ਨਿਕਲਣੇ ਸ਼ੁਰੂ ਹੋ ਗਏ ਹਨ।ਲੰਘੇ ਦਿਨੀ ਮਲੇਰਕੋਟਲਾ ਦੇ ਇੱਕ ਰਿਕਸ਼ਾਚਾਲਕ ਵੱਲੋਂ ਇਸ ਲਾਕਡਾਊਨ ਕਾਰਨ ਭੁੱਖਮਰੀ ਦਾ ਸਿ਼ਕਾਰ ਹੁੰਦਿਆਂ ਆਤਮਹੱਤਿਆ ਕਰ ਲਏ ਜਾਣ ਦੀਆਂ ਜਿਹੜੀਆਂ ਖਬਰਾਂ ਪ੍ਰਕਾਸ਼ ਵਿੱਚ ਆਈਆਂ ਹਨ, ਉਨ੍ਹਾਂ ਦੀ ਸਿਆਹੀ ਅਜੇ ਸੁੱਕੀ ਵੀ ਨਹੀਂ ਸੀ ਕਿ ਹੁਣ ਉਹੋ ਜਿਹਾ ਹੀ ਇੱਕ ਮਾਮਲਾ ਪਾਤੜਾਂ ਦੇ ਕਾਹਨਗੜ ਰੋਡ ਪੈਂਦੀ ਆਨੰਦ ਬਸਤੀ ਵਿੱਚ ਵਾਪਰਿਆ ਹੈ।ਜਿੱਥੇ 28 ਸਾਲਾ ਇੱਕ ਨੌਜਵਾਨ ਨੇ ਆਰਥਿਕ ਮੰਦੀ ਤੋਂ ਪਰੇਸ਼ਾਨ ਹੁੰਦਿਆਂ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ।
ਇਸ ਦੁੱਖਦਾਈ ਘਟਨਾ ਸੰਬੰਧੀ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਥਾਣਾ ਪਾਤੜਾਂ ਦੇ ਮੁਖੀ ਬਲਜੀਤ ਸਿੰਘ ਤੇ ਉੱਥੋਂ ਦੀ ਪੁਲਿਸ ਚੌਂਕੀ ਦੇ ਇੰਚਾਰਜ ਹਰਸ਼ਬੀਰ ਸਿੰਘ ਸੰਧੂ ਦਾ ਕਹਿਣਾ ਹੈ ਕਿ ਸੂਚਨਾ ਮਿਲਦਿਆਂ ਹੀ ਉਨ੍ਹਾਂ ਨੇ ਮੌਕੇ ਦਾ ਜਾਇਜ਼ਾ ਲੈਣ ਉਪਰੰਤ ਲਾਸ਼ ਨੂੰ ਕਬਜ਼ੇ ਵਿੱਚ ਲੈਣ ਉਪਰੰਤ ਲਾਸ਼ ਨੂੰ ਪੋਸਟਮਾਰਟਮ ਲਈ ਸਮਾਣਾ ਦੇ ਸਿਵਿਲ ਹਸਪਤਾਲ ਭੇਜ ਦਿੱਤਾ ਹੈ।ਜਦ ਕਿ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਅਨੁਸਾਰ ਮਨਜੀਤ ਸਿੰਘ ਕੁਝ ਸਮਾਂ ਪਹਿਲਾਂ ਆਪਣੇ ਭਰਾ ਸੁਰਜੀਤ ਸਿੰਘ ਨਾਲ ਕਾਰਾਂ ਧੋਣ ਦਾ ਕੰਮ ਕਰਦਾ ਸੀ ਪਰ ਕਰਫਿਊ ਤੇ ਲਾਕਡਾਊਨ ਨੇ ਉਨ੍ਹਾਂ ਨੂੰ ਵਿਹਲਾ ਬਿਠਾ ਦਿੱਤਾ।ਘਰ ਦੀ ਮਾੜੀ ਆਰਥਿਕ ਹਾਲਤ ਨੂੰ ਕੁਝ ਸਹਾਰਾ ਦੇਣ ਲਈ ਮਨਜੀਤ ਸਿੰਘ ਦੇ ਛੋਟੇ ਭਰਾ ਸੁਰਜੀਤ ਨੇ ਤਾਂ ਨੇੜੇ ਦੇ ਇੱਕ ਸ਼ੈਲਰ ਵਿੱਚ ਮਜ਼ਦੂਰੀ ਕਰਨੀ ਸ਼ੁਰੁ ਕਰ ਦਿੱਤੀ ਪਰ ਮਨਜੀਤ ਸਿੰਘ ਨੂੰ ਕੰਮ ਨਾ ਮਿਲਣ ਕਾਰਨ ਉਹ ਮਾਨਸਿਕ ਤੌਰ ਤੇ ਬੇਹੱਦ ਪਰੇਸ਼ਾਨ ਹੋ ਗਿਆ।ਜਿਸ ਦਾ ਨਤੀਜਾ ਇਹ ਨਿਕਲਿਆ ਕਿ ਲੰਘੀ ਰਾਤ 11 ਵਜੇ ਦੇ ਕਰੀਬ ਉਸ ਨੇ ਉਸ ਵੇਲੇ ਪਤਨੀ ਦੀ ਚੁੰਨੀ ਪੱਖੇ ਨਾਲ ਬੰਨ ਕੇ ਫਾਹਾ ਲੈ ਲਿਆ।ਜਦੋਂ ਉਸ ਦਾ ਭਰਾ ਸੁਰਜੀਤ ਸਿੰਘ ਕੰਮ ਤੇ ਗਿਆ ਹੋਇਆ ਸੀ।ਪੁਲਿਸ ਨੇ ਸੁਰਜੀਤ ਸਿੰਘ ਦੇ ਬਿਆਨਾਂ ਦੇ ਆਧਾਰ ਤੇ ਧਾਰਾ 174 ਦੀ ਕਾਰਵਾਈ ਕਰਦਿਆਂ ਮਾਮਲੇ ਦੀ ਬਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ।
