ਫਤਹਿਗੜ੍ਹ ਸਾਹਿਬ : ਖੰਨਾ ਪੁਲਸ ਵਲੋਂ ਦਹੇੜੂ ਪਿੰਡ ਦੇ ਪਰਿਵਾਰ ‘ਤੇ ਕੀਤੇ ਢਾਏ ਗਏ ਕਥਿਤ ਤਸ਼ੱਦਦ ਖਿਲਾਫ ਸ਼ਿਰੋਮਣੀ ਅਕਾਲੀ ਦਲ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈਕੋਰਟ ਵਿਚ ਇੱਕ ਲੋਕ ਹਿੱਤ ਪਟੀਸ਼ਨ ਦਾਇਰ ਕਰਕੇ ਪੀੜਿਤ ਪਰਿਵਾਰ ਨੂੰ ਬਣਦਾ ਇਨਸਾਫ਼ ਜ਼ਰੂਰ ਦਵਾਏਗੀ । ਇਸ ਸਬੰਧੀ ਸ਼੍ਰੋਮਣੀ ਅਕਾਲੀ ਦਲ ਬੁਲਾਰੇ ਐਡਵੋਕੇਟ ਅਮਰਦੀਪ ਸਿੰਘ ਧਾਰਨੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਦੋਸ਼ ਲਗਾਇਆ ਕਿ ਜੂਨ 2019 ਵਿਚ ਥਾਣਾ ਖੰਨਾ ਸਦਰ ਦੇ ਥਾਣੇਦਾਰ ਨੇ ਜਮੀਨੀ ਵਿਵਾਦ ਦੇ ਚੱਲਦਿਆ ਦੋਰਾਹਾ ਦੇ ਨਜ਼ਦੀਕੀ ਪਿੰਡ ਦੇ ਇੱਕ ਗੁਰਸਿੱਖ ਕਿਸਾਨ ਜੋਗਾ ਸਿੰਘ, ਉਸਦੇ ਪੁੱਤਰ ਅਤੇ ਨੌਕਰ ਨੂੰ ਹਿਰਾਸਤ ਵਿਚ ਲਿਆ ਸੀ ਤੇ ਉਨ੍ਹਾਂ ਨੂੰ ਨੰਗਾ ਕਰ ਤਸ਼ੱਦਦ ਕਰਨ ਦੀ ਵੀਡਿਓ ਬਣਾਉਣ ਦੇ ਨਾਲ ਨਾਲ ਉਨ੍ਹਾ ਖਿਲਾਫ ਮਾਮਲਾ ਵੀ ਦਰਜ਼ ਕੀਤਾ ਸੀ।
ਧਾਰਨੀ ਅਨੁਸਾਰ ਉਸਤੋਂ ਬਾਅਦ ਪੀੜਤਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਤੇ ਕੁਝ ਦਿਨ ਬਾਦ ਉਕਤ ਵਿਅਕਤੀਆ ਦੀ ਜਮਾਨਤ ਹੋ ਗਈ ਸੀ। ਉਨ੍ਹਾ ਅੱਗੇ ਦੋਸ਼ ਲਗਾਇਆ ਕਿ ਪੁਲਸ ਹਿਰਾਸਤ ਵਿਚ ਉਨ੍ਹਾ ਨਾਲ ਜੋ ਕੁਝ ਹੋਇਆ ਉਸ ਬਾਰੇ ਉਕਤ ਕਿਸਾਨ ਪਰਿਵਾਰ ਨੇ ਬਦਨਾਮੀ ਹੋਣ ਦੇ ਡਰ ਕਾਰਨ ਚੁੱਪੀ ਧਾਰਨ ਕਰ ਲਈ । ਪਰ ਹੁਣ ਵੀਡਿਓ ਵਾਇਰਲ ਹੋਣ ਕਾਰਨ ਉਕਤ ਵਿਅਕਤੀਆ ਨੇ ਡੀ. ਜੀ. ਪੀ., ਐਸ. ਐਸ. ਪੀ. ਤੇ ਪੰਜਾਬ ਸਰਕਾਰ ਤੋਂ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਮੰਗ ਕੀਤੀ ਪੰਜਾਬ ਸਰਕਾਰ ਉਕਤ ਪੁਲਸ ਕਰਮੀਆ ਨੂੰ ਤੁਰੰਤ ਡਿਸਮਸ ਕਰੇ ਤੇ ਉਨ੍ਹਾਂ ਤੇ ਆਈ. ਟੀ. ਐਕਟ., 295 ਤਹਿਤ, ਮਾਣਹਾਣੀ ਦਾ ਮਾਮਲਾ ਦਰਜ ਕਰਕੇ ਕਿਸਾਨ ਪਰਿਵਾਰ ਨੂੰ ਇਨਸਾਫ਼ ਦਿਵਾਏ।
ਉਨ੍ਹਾਂ ਕਿਹਾ ਕਿ ਜੇਕਰ ਉਕਤ ਵਿਅਕਤੀਆ ਨੂੰ ਤੁਰੰਤ ਰਾਹਤ ਨਹੀਂ ਮਿਲਦੀ ਤਾਂ ਅਕਾਲੀ ਦਲ ਵੱਲੋਂ ਮਾਣਯੋਗ ਪੰਜਾਬ-ਹਰਿਆਣਾ ਹਾਈਕੋਰਟ ਵਿਚ ਪੁਲਸ ਕਰਮਚਾਰੀਆ ਖਿਲਾਫ ਤੁਰੰਤ ਕਾਰਵਾਈ ਕਰਨ ਲਈ ਅਤੇ ਉਨ੍ਹਾ ਨੂੰ ਬਰਖਾਸ਼ਤ ਕਰਨ ਲਈ ਪੀ. ਆਈ. ਐਲ. ਫਾਈਲ ਕੀਤੀ ਜਾਵੇਗੀ।
