ਚੰਡੀਗੜ੍ਹ ; ਕਰਫਿਊ ਤੇ ਲਾਕਡਾਊਨ ਦੌਰਾਨ ਪਟਿਆਲਾ ਦੀ ਸਬਜ਼ੀ ਮੰਡੀ ਦੇ ਗੇਟ ਦੇ ਬਾਹਰ ਲੰਘੀ 12 ਅਪ੍ਰੈਲ ਨੂੰ ਡਿਊਟੀ ਦੇ ਰਹੇ ਥਾਣੇਦਾਰ ਹਰਜੀਤ ਸਿੰਘ ਤੇ ਉਸ ਦੇ ਸਾਥੀਆਂ ਤੇ ਜਾਨਲੇਵਾ ਹਮਲਾ ਕਰਨ ਵਾਲੇ ਨਿਹੰਗ ਬਾਣੇ ‘ਚ ਆਏ ਲੋਕਾਂ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਭਾਵੇਂ ਪੁਲਿਸ ਨੇ ਮੁਲਜਿ਼ਮ ਬਲਵਿੰਦਰ ਸਿੰਘ ਦੀ ਪਤਨੀ ਸਮੇਤ ਕੁਝ ਹੋਰ ਔਰਤਾਂ ਨੂੰ ਜਾਂਚ ‘ਚ ਨਿਰਦੋਸ਼ ਦੱਸਦਿਆਂ ਅਦਾਲਤ ਵਿੱਚੋਂ ਉਨ੍ਹਾਂ ਨੂੰ ਇਸ ਕੇਸ ਵਿੱਚੋਂ ਬਾਹਰ ਕਢਵਾ ਦਿੱਤਾ ਸੀ ਪਰ ਇਸ ਦੇ ਬਾਵਜੂਦ ਬਲਵਿੰਦਰ ਸਿੰਘ ਦੀ ਪਤਨੀ ਨੇ ਪੁਲਿਸ ਵਿਰੁੱਧ ਆਪਣੀ ਲੜਾਈ ਅਜੇ ਵੀ ਜਾਰੀ ਰੱਖੀ ਹੋਈ ਹੈ।ਬਲਵਿੰਦਰ ਸਿੰਘ ਦੀ ਪਤਨੀ ਹੁਣ ਪੰਜਾਬ ਅਤੇ ਹਰਿਆਣਾ ਹਾਈਕੋਰਟ ਜਾ ਪਹੁੰਚੀ ਹੈ, ਜਿੱਥੇ ਉਸ ਨੇ ਇੱਕ ਅਰਜ਼ੀ ਦਾਇਰ ਕਰਕੇ ਇਹ ਮੰਗ ਕੀਤੀ ਹੈ ਕਿ ਘਟਨਾ ਤੋਂ ਬਾਅਦ ਬਲਵੇੜਾ ਦੇ ਗੁਰਦੁਆਰਾ ਖਿਚੜੀ ਸਾਹਿਬ ਨੂੰ ਸੀਲ ਕਰ ਦਿੱਤਾ ਗਿਆ ਹੈ ਜਦ ਕਿ ਉੱਥੇ ਰੋਜ਼ਾਨਾ ਪਾਠ ਹੋਣਾ ਜ਼ਰੂਰੀ ਹੈ।ਅਰਜ਼ੀ ਪਾਉਣ ਵਾਲੀ ਨੇ ਇਹ ਤਰਕ ਦਿੱਤਾ ਹੈ ਕਿ ਗੁਰਦੁਆਰੇ ‘ਚ ਗਾਵਾਂ, ਮੱਝਾਂ ਅਤੇ ਘੋੜੇ ਵੀ ਹਨ, ਜਿਨ੍ਹਾਂ ਦੀ ਦੇਖਭਾਲ ਨਹੀਂ ਕੀਤੀ ਜਾ ਰਹੀ।ਲਿਹਾਜ਼ਾ ਉਨ੍ਹਾਂ ਨੂੰ ਗੁਰਦੁਆਰੇ ਵਿੱਚ ਜਾਣ ਦੀ ਇਜ਼ਾਜ਼ਤ ਦਿੱਤੀ ਜਾਵੇ।ਏਸ ਸੰਬੰਧ ਵਿੱਚ ਹਾਈਕੋਰਟ ਦੇ ਜਸਟਿਸ ਸੁਵੀਰ ਸਹਿਗਲ ਨੇ ਇਸ ਅਰਜ਼ੀ ਦੀ ਸੁਣਵਾਈ ਵੀਡੀਓ ਕਾਨਫਰੰਸਿੰਗ ਰਾਹੀਂ ਕੀਤੀ ਤੇ ਸਰਕਾਰ ਵੱਲੋਂ ਐੜਵੋਕੇਟ ਜਨਰਲ ਐਚਐਸ ਗਰੇਵਾਲ ਨੇ ਹਾਈਕੋਰਟ ਨੂੰ ਦੱਸਿਆ ਕਿ ਘਟਨਾ ਤੋਂ ਬਾਅਦ ਗੁਰਦੁਆਰਾ ਖਿਚੜੀ ਸਾਹਿਬ ਦੀ ਮਰਿਆਦਾ ਕਾਇਮ ਰੱਖਣ ਲਈ ਉੱਥੋਂ ਦੀ ਪੰਚਾਇਤ ਦੇ ਮੈਂਬਰਾਂ ਦੀ ਇੱਕ ਕਮੇਟੀ ਬਣਾਈ ਗਈ ਸੀ, ਜਿਹੜੀ ਸਾਰਾ ਕੰਮਕਾਰ ਦੇਖ ਰਹੀ ਹੈ।
ਐਡਵੋਕੇਟ ਜਨਰਲ ਅਨੁਸਾਰ ਗੁਰਦੁਆਰੇ ਵਿੱਚ ਰੋਜ਼ਾਨਾ ਪੂਰੀ ਮਰਿਆਦਾ ਨਾਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਅਤੇ ਪਾਠ ਹੋ ਰਿਹਾ ਹੈ, ਉਨ੍ਹਾਂ ਅਦਾਲਤ ਨੂੰ ਦੱਸਿਆ ਕਿ ਗੁਰਦੁਆਰੇ ਅੰਦਰਲੇ ਮੁਲਜਿ਼ਮਾਂ ਦੇ ਘੋੜੇ, ਗਾਵਾਂ, ਮੱਝਾਂ ਆਦਿ ਗਊਸ਼ਾਲਾ ਭੇਜੇ ਜਾ ਚੁੱਕੇ ਹਨ, ਜਿੱਥੇ ਉਨ੍ਹਾਂ ਦਾ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ।ਉਨ੍ਹਾਂ ਨੇ ਅਦਾਲਤ ਕੋਲੋਂ ਮੰਗ ਕੀਤੀ ਕਿ ਇਸ ਦੇ ਬਾਵਜੂਦ ਉਨ੍ਹਾਂ ਨੂੰ 2 ਹਫਤੇ ਦਾ ਸਮਾਂ ਦਿੱਤਾ ਜਾਵ ਤਾਂ ਕਿ ਉਹ ਹਲਫਨਾਮਾ ਦਾਇਰ ਕਰਕੇ ਅਦਾਲਤ ਨੂੰ ਪੂਰ ਜਾਣਕਾਰੀ ਦੇ ਸਕਣ।ਇਸ ਉਪਰੰਤ ਹਾਈਕੋਰਟ ਨੇ ਸੂਬਾ ਸਰਕਾਰ ਨੂੰ ਜਵਾਬ ਦਾਇਰ ਕਰਨ ਲਈ 12 ਮਈ ਵਾਲੇ ਦਿਨ ਦਾ ਨੋਟਿਸ ਜਾਰੀ ਕੀਤਾ ਹੈ।
