ਚੰਡੀਗੜ੍ਹ : ਪੰਜਾਬ ਦੇ ਮੁਖ ਸਕੱਤਰ ਕਰਨ ਅਵਤਾਰ ਸਿੰਘ ਅਤੇ ਮੰਤਰੀਆਂ ਦੇ ਵਿਚਕਾਰ ਪੈਦਾ ਹੋਇਆ ਵਿਵਾਦ ਬੀਤੀ ਕੱਲ੍ਹ ਉਸ ਵੇਲੇ ਨਵਾਂ ਰੂਪ ਧਾਰ ਗਿਆ ਜਦੋ ਇਸ ਮਾਮਲੇ ‘ਚ ਪਹਿਲਾਂ ਸੂਬੇ ਦੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਇੱਕ ਟਵੀਟ ਕਰਕੇ ਆਬਕਾਰੀ ਮਹਿਕਮੇ ‘ਚੋਂ ਸਰਕਾਰੀ ਖਜਾਨੇ ਨੂੰ ਪਿਛਲੇ ਤਿੰਨ ਸਾਲ ਤੋਂ ਪੈ ਰਹੇ ਘਾਟੇ ਦੇ ਮਾਮਲੇ ਦੀ ਜਾਂਚ ਕਰਵਾਉਣ ਦੀ ਮੰਗ ਕਰ ਦਿੱਤੀ, ਤੇ ਬਾਅਦ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਰਨ ਅਵਤਾਰ ਸਿੰਘ ਨੂੰ ਅਹੁਦੇ ਤੋਂ ਲਾਂਭੇ ਕਰਨ ਦੀ ਮੰਗ ਕਰਦਿਆਂ ਇਹ ਤੱਕ ਕਹਿ ਦਿੱਤਾ ਕਿ ਜੇਕਰ ਹੁਣ ਵੀ ਮੁਖ ਸਕੱਤਰ ‘ਤੇ ਕਾਰਵਾਈ ਨਾ ਹੋਈ ਤਾ ਇਸ ਨਾਲ ਕਾਂਗਰਸ ਪਾਰਟੀ ‘ਤੇ ਮਾੜਾ ਅਸਰ ਪਏਗਾ। ਇਸ ਤੋਂ ਇਲਾਵਾ ਪ੍ਰਤਾਪ ਸਿੰਘ ਬਾਜਵਾ ਵੀ ਆਬਕਾਰੀ ਘਾਟੇ ਦੀ ਮੰਗ ਨੂੰ ਲਾਕੇ ਵੱਡੇ ਵੱਡੇ ਬਿਆਨ ਦੇ ਰਹੇ ਨੇ। ਇੰਝ ਇਹ ਸਭ ਦੇਖ ਕੇ ਇਹ ਕਿਹਾ ਜਾ ਸਕਦਾ ਹੈ ਕਿ ਕਰਨ ਅਵਤਾਰ ਸਿੰਘ ਦੀ ਚਾਰੇ ਪਾਸੇ ਤੋਂ ਸਿਆਸੀ ਘੇਰਾਬੰਦੀ ਹੋਣ ਲੱਗ ਪਈ ਹੈ।
ਸੁਖਜਿੰਦਰ ਸਿੰਘ ਰੰਧਾਵਾ ਦੇ ਟਵੀਟ ਤੋਂ ਬਾਅਦ ਚਰਚਾ ਇਹ ਛਿੜ ਗਈ ਹੈ ਕਿ ਰੰਧਾਵਾ ਨੇ ਰਾਜਾ ਵੜਿੰਗ ਦੇ ਬਿਆਨ ਦਾ ਹੀ ਸਮਰਥਨ ਕਰਦਿਆਂ ਆਬਕਾਰੀ ਘਾਟੇ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਜ਼ਿਕਰਯੋਗ ਹੈ ਕਿ ਰਾਜਾ ਵੜਿੰਗ ਨੇ ਵੀ ਇੱਕ ਟਵੀਟ ਕਰਕੇ ਮੁਖ ਸਕੱਤਰ ਦੇ ਪੁੱਤਰ ਦਾ ਸ਼ਰਾਬ ਕਾਰੋਬਾਰ ‘ਚ ਹਿੱਸੇਦਾਰ ਹੋਣ ‘ਤੇ ਸਵਾਲ ਕੀਤੇ ਸਨ। ਜਿਸ ‘ਤੇ ਪ੍ਰਤਾਪ ਸਿੰਘ ਬਾਜਵਾ ਨੇ ਤਾਂ ਇਥੋਂ ਤੱਕ ਕਹਿ ਦਿੱਤਾ ਸੀ ਕਿ ਇਸ ਮਾਮਲੇ ਦੀ ਜਾਂਚ ਕੇਂਦਰੀ ਜਾਂਚ ਏਜੰਸੀ ਤੋਂ ਕਰਵਾਏ ਜਾਣ ਦੀ ਲੋੜ ਹੈ।
ਪੰਜਾਬ ਕਾਂਗਰਸ ਦੇ ਬੁਲਾਰੇ ਰਾਜਕੁਮਾਰ ਵੇਰਕਾ ਨੇ ਵੀ ਆਬਕਾਰੀ ਮਹਿਕਮੇਂ ਨੂੰ ਪਿਛਲੇ ਤਿੰਨ ਸਾਲਾਂ ਤੋਂ ਪੈ ਰਹੇ ਘਾਟੇ ਸਬੰਧੀ ਕਿਹਾ ਹੈ ਕਿ ਜੇਕਰ ਇਹ ਸੱਚ ਹੈ ਤਾਂ ਇਸ ਦੀ ਜਾਂਚ ਹੋਣੀ ਚਾਹੀਦੀ ਹੈ। ਇਧਰ ਸੂਬਾ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਤਾਂ ਮੁਖ ਮੰਤਰੀ ਨੂੰ ਅਪੀਲ ਕਰਦਿਆਂ ਇਥੋਂ ਤੱਕ ਮੰਗ ਕਰ ਦਿੱਤੀ ਹੈ ਕਿ ਮੁਖ ਸਕੱਤਰ ਨੂੰ ਅਹੁਦੇ ਤੋਂ ਹਟਾਇਆ ਜਾਏ ਕਿਉਂਕਿ ਜੇਕਰ ਹੁਣ ਵੀ ਉਹ ਆਪਣੇ ਅਹੁਦੇ ਤੇ ਕਾਇਮ ਰਹਿੰਦੇ ਹਨ ਤਾਂ ਇਸ ਦਾ ਸਿਧਾ ਅਸਰ ਮੁਖ ਮੰਤਰੀ ਦੇ ਅਕਸ ਤੇ ਪਏਗਾ। ਜਾਖੜ ਅਨੁਸਾਰ ਪੰਜਾਬ ਅੰਦਰ ਅਫਸਰਸ਼ਾਹੀ ਖਿਲਾਫ ਪਿਛਲੇ ਤਿੰਨ ਸਾਲਾਂ ਤੋਂ ਨਰਾਜ਼ਗੀ ਚੱਲ ਰਹੀ ਹੈ ਤੇ ਜੇਕਰ ਇਸ ਤੇ ਪਹਿਲਾਂ ਹੀ ਕਾਰਵਾਈ ਹੋ ਜਾਂਦੀ ਤਾਂ ਅੱਜ ਗੱਲ ਇਥੋਂ ਤੱਕ ਨਾ ਵਧਦੀ।
ਇਸ ਤੋਂ ਇਲਾਵਾ ਸੁੱਤਰ ਦੱਸਦੇ ਹਨ ਕਿ ਪੰਜਾਬ ਦੇ ਪੇਡੂ ਵਿਕਾਸ ਤੇ ਪੰਚਾਇਤ ਮੰਤਰੀ ਇਸ ਮਾਮਲੇ ਨੂੰ ਕੁਝ ਠੰਡਾ ਪਾਉਣ ਦੀਆਂ ਕੋਸ਼ਿਸ਼ਾਂ ਵਿਚ ਹਨ ਤੇ ਇਸ ਲਈ ਉਹ ਤਕਨੀਕੀ ਸਿਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਘਰ ਵੀ ਜਾਕੇ ਆਏ ਹਨ। ਜਿਸ ਤੋਂ ਚੰਨੀ ਨਾਖੁਸ਼ ਦੱਸੇ ਜਾਂਦੇ ਹਨ। ਪਰ ਇਸ ਸਾਰੇ ਮਾਮਲੇ ਨੂੰ ਸਾਫ ਕਰਦਿਆਂ ਤ੍ਰਿਪਤ ਰਾਜਿੰਦਰ ਬਾਜਵਾ ਨੇ ਇਹ ਕਹਿ ਦਿੱਤਾ ਹੈ ਈ ਉਹ ਇਸ ਮਾਮਲੇ ‘ਚ ਆਪਣੇ ਮੰਤਰੀ ਸਾਥੀਆਂ ਦੇ ਨਾਲ ਹਨ।