ਜਲੰਧਰ (ਦਵਿੰਦਰ ਕੁਮਾਰ) :- ਹੁਣ ਤੱਕ ਤਾਂ ਬਲਾਤਕਾਰ ਦੇ ਇਲਜ਼ਾਮ ਔਰਤ ਤੇ ਮਰਦ ਜ਼ਾਤ ‘ਤੇ ਹੀ ਲੱਗਦੇ ਆਏ ਹਨ, ਪਰ ਜਲੰਧਰ ਦੇ ਮਕਸੂਦਾਂ ਇਲਾਕੇ ਚ ਪੈਂਦੇ ਨਿਊ ਗੁਰੁ ਨਾਨਕ ਪੁਰਾ ‘ਚ ਇੱਕ ਅਜਿਹਾ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੇ ਸਾਰਿਆਂ ਨੂੰ ਦੰਦਾਂ ਥੱਲੇ ਜੀਭ੍ਹ ਲੈਕੇ ਹੈਰਾਨ ਹੋਣ ਲਈ ਮਜਬੂਰ ਕਰ ਦਿੱਤਾ ਹੈ। ਜੀ ਹਾਂ ਅਸੀਂ ਗੱਲ ਕਰ ਰਹੇ ਆਂ ਉਥੋਂ ਦੇ ਗੋਲਡੀ ਨਾਂ ਦੇ ਇੱਕ ਅਜਿਹੇ ਬੰਦੇ ਦੀ ਜਿਸ ਨਾਲ ਮਹੰਤਾਂ ਯਾਨੀ ਹਿਜੜਿਆਂ ਵਲੋਂ ਅਸ਼ਲੀਲ ਹਰਕਤਾਂ ਕਰਨ ਤੇ ਬਲਾਤਕਾਰ ਦੀ ਕੋਸ਼ਿਸ਼ ਦੇ ਇਲਜ਼ਾਮ ਲੱਗਣ ਮਗਰੋਂ ਇੰਨਾ ਜ਼ਬਰਦਸਤ ਹੰਗਾਂਮਾ ਹੋ ਗਿਆ ਕਿ ਚਾਰੇ ਪਾਸੇ ਇੱਟਾਂ ਰੋੜੇ ਚੱਲ ਪਏ। ਇਸ ਘਟਨਾ ਦੌਰਾਨ ਮੁਹੱਲੇ ਵਾਲਿਆਂ ਦਾ ਵੀ ਕਾਫੀ ਨੁਕਸਾਨ ਹੋਇਆ ਜਿਸ ਕਾਰਨ ਇੱਟਾਂ ਰੋੜੀਆਂ ਦੀ ਇਹ ਜੰਗ ਦੋ ਪਾਸੜ ਹੋ ਗਈ ਤੇ ਦੋਵਾਂ ਪਾਸਿਆਂ ਤੋਂ ਇੱਕ ਦੂਜੇ ‘ਤੇ ਇੰਨੀਆਂ ਇੱਟਾਂ ਰੋੜੇ ਵਰ੍ਹੇ ਕਿ ਘਟਨਾ ਉਪਰਾਂ ਪੂਰਾ ਮੁਹੱਲਾ ਇੱਟਾਂ ਰੋੜਿਆਂ ਨਾ ਭਰ ਗਿਆ। ਘਟਨਾ ਦੀ ਜਾਣਕਾਰੀ ਮਿਲਣ ਉਪਰੰਤ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਹਾਲਤ ਨੂੰ ਕਾਬੂ ਕੀਤਾ।
ਇਸ ਸਬੰਧ ‘ਚ ਮੁਹੱਲਾ ਨਿਊ ਗੁਰੂ ਨਾਨਕ ਪੂਰਾ ਵਾਸੀ ਜੁਗਰਾਜ ਨੇ ਦੱਸਿਆ ਕਿ ਲੰਘੀ 20 ਮਈ ਨੂੰ ਉਸਦੇ ਭਰਾ ਸੋਨੂੰ ਦਾ ਨਵਾਂ ਵਿਆਹ ਹੋਇਆ ਸੀ। ਜਿੱਥੇ ਅਗਲੇ ਦਿਨ ਦੁਪਹਿਰ ਇੱਕ ਵਜੇ ਦੇ ਕਰੀਬ ਇਲਾਕੇ ਦੇ 3 ਮਹੰਤ ਯਾਨੀ ਹਿਜੜੇ ਉਨ੍ਹਾਂ ਦੇ ਘਰ ਵਧਾਈਆਂ ਮੰਗਣ ਆਏ। ਜਿਥੇ ਉਨ੍ਹਾਂ ਨੇ ਜੁਗਰਾਜ ਦੇ ਭਰਾ ਸੋਨੂੰ ਤੇ ਗੋਲਡੀ ਨਾਲ ਬੈਠਕੇ 3 ਘੰਟੇ ਦੇ ਕਰੀਬ ਸ਼ਰਾਬ ਵੀ ਪੀਤੀ। ਜੁਗਰਾਜ ਸਿੰਘ ਦੇ ਦੱਸਣ ਅਨੁਸਾਰ ਇਸ ਦੌਰਾਨ ਜਦੋਂ ਉਹ ਆਪਣੇ ਕੰਮ ਤੋਂ ਛੁੱਟੀ ਕਰਕੇ ਘਰ ਪਰਤਿਆ ਤਾਂ ਉਸ ਨੇ ਦੇਖਿਆ ਕਿ ਉਸਦੀ ਮਾਸੀ ਦੇ ਪੁੱਤਰ ਗੋਲਡੀ ਨਾਲ ਮਹੰਤ ਵੱਲੋਂ ਅਸ਼ਲੀਲ ਹਰਕਤਾਂ ਕੀਤੀਆਂ ਜਾ ਰਹੀਆਂ ਸਨ। ਜਿਸ ਨੂੰ ਦੇਖ ਕੇ ਉਸ ਨੇ ਸ਼ਰਾਬੀ ਹੋਏ ਮਹੰਤਾਂ ਨੂੰ ਆਪਣੇ ਘਰ ਵਾਪਸ ਜਾਣ ਲਈ ਕਿਹਾ। ਜੁਗਰਾਜ ਸਿੰਘ ਦਾ ਦੋਸ਼ ਹੈ ਕਿ ਇਸ ਦੌਰਾਨ ਮਹੰਤਾਂ ਵੱਲੋਂ ਗੋਲਡੀ ਨਾਲ ਜ਼ੋਰ ਜ਼ਬਰਦਸਤੀ ਕਰਕੇ ਉਸਨੂੰ ਕਮਰੇ ਅੰਦਰ ਧੱਕਣਾ ਸ਼ੁਰੂ ਕਰ ਦਿੱਤਾ ਗਿਆ। ਜਿਥੇ ਉਸ ਨੇ ਦੇਖਿਆ ਕਿ ਉਹ ਉਸਦੇ ਜਬਰਦਸਤੀ ਕੱਪੜੇ ਉਤਾਰ ਰਹੇ ਸਨ। ਜੁਗਰਾਜ ਸਿੰਘ ਨੇ ਕਿਹਾ ਕਿ ਇਹ ਦੇਖਕੇ ਉਸ ਨੂੰ ਗੁੱਸਾ ਆ ਗਿਆ ਤੇ ਉਸ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਸ਼ਰਮ ਕਰਨ ਘਰ ਵਿੱਚ ਔਰਤਾਂ ਵੀ ਮੌਜੂਦ ਹਨ। ਦੋਸ਼ ਹੈ ਕਿ ਇਸ ਉਪਰੰਤ ਮਹੰਤ ਭੜਕ ਗਏ ਤੇ ਉਨ੍ਹਾਂ ਨੂੰ ਕਹਿਣ ਲੱਗੇ ਕਿ ਤੂੰ ਕੌਣ ਹੁੰਦਾ ਹੈਂ ਸਾਨੂੰ ਰੋਕਣ ਵਾਲਾ ਤੇ ਇਹ ਕਹਿ ਕੇ ਉਨ੍ਹਾਂ ਨੇ ਹੱਥੋਪਾਈ ਸ਼ੁਰੂ ਕਰ ਦਿੱਤੀ। ਜਿਨ੍ਹਾਂ ਨੂੰ ਬੜੀ ਮੁਸ਼ਕਲ ਨਾਲ ਘਰ ਵਾਪਸ ਭੇਜਿਆ ਗਿਆ। ਪਰ ਜੁਗਰਾਜ ਸਿੰਘ ਮੁਤਾਬਕ ਕੁਝ ਦੇਰ ਬਾਅਦ ਹੀ ਉਹ ਮਹੰਤ ਆਪਣੇ ਨਾਲ 30-40 ਬੰਦੇ ਐਕੇ ਮੁਹੱਲੇ ਵਿੱਚ ਆ ਗਏ ਤੇ ਉਨ੍ਹਾਂ ਨੇ ਇੱਟਾਂ ਰੋੜੇ ਚਲਾਉਣੇ ਸ਼ੁਰੂ ਕਰ ਦਿੱਤੇ। ਇਸ ਦੌਰਾਨ ਜਦੋਂ ਮੁਹੱਲੇ ਵਾਲਿਆਂ ਦਾ ਵੀ ਨੁਕਸਾਨ ਤੇ ਤੋੜ ਭੰਨ੍ਹ ਸ਼ੁਰੂ ਹੋ ਗਈ ਤਾਂ ਉਹ ਸਾਰੇ ਵੀ ਆਪੋ ਆਪਣੇ ਘਰਾਂ ਦੀਆਂ ਛੱਤਾਂ ਤੇ ਜਾ ਚੜ੍ਹੇ ਤੇ ਉੱਤੋਂ ਪਥਰਾਅ ਕਰਨ ਲੱਗੇ। ਮਾਮਲਾ ਆਪਣੇ ਉਲਟ ਜਾਂਦੇ ਦੇਖਣ ‘ਤੇ ਉਹ ਲੋਕ ਮੌਕੇ ਤੋਂ ਫਰਾਰ ਹੋ ਗਏ। ਦਾਅਵਾ ਹੈ ਕਿ ਜਿਸ ਦੌਰਾਨ ਉਨ੍ਹਾਂ ਦਾ ਇੱਕ ਸਪਲੈਂਡਰ ਮੋਟਰਸਾਈਕਲ ਮੌਕੇ ਤੇ ਹੀ ਰਹਿ ਗਿਆ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣੇਦਾਰ ਰਾਕੇਸ਼ ਕੁਮਾਰ ਦੀ ਅਗਵਾਈ ਵਿਚ ਪਹੁੰਚੀ ਪੁਲਿਸ ਪਾਰਟੀ ਨੇ ਹਾਲਤ ‘ਤੇ ਕਾਬੂ ਪਾਇਆ।
ਇੱਧਰ ਦੂਜੇ ਪਾਸੇ ਆਪਣੇ ਉੱਤੇ ਲੱਗੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਸਿੰਮੀ ਮਹੰਤ ਨੇ ਕਿਹਾ ਕਿ ਉਨ੍ਹਾਂ ‘ਤੇ ਝੂਠੇ ਦੋਸ਼ ਲਾਏ ਜਾ ਰਹੇ ਨੇ। ਸਿੰਮੀ ਮਹੰਤ ਅਨੁਸਾਰ ਬਲਜੀਤ ਕੌਰ ਨਾਮ ਦੀ ਔਰਤ ਦੇ ਪਰਿਵਾਰ ਨੂੰ ਉਹ ਪਿਛਲੇ ਲੰਮੇ ਸਮੇ ਤੋਂ ਜਾਣਦੀ ਹੈ ਤੇ ਉਨ੍ਹਾਂ ਦਾ ਇਸ ਪਰਿਵਾਰ ਨਾਲ ਕਾਫੀ ਮੇਲ ਜੋਲ ਹੈ। ਸਿੰਮੀ ਅਨੁਸਾਰ ਲੰਘੇ ਦਿਨੀ ਦੁਪਹਿਰ ਵੇਲੇ ਉਹ ਆਪਣੇ ਦੋ ਹੋਰ ਸਾਥੀ ਮਹੰਤਾਂ ਨਾਲ ਬਲਜੀਤ ਕੌਰ ਦੇ ਘਰ ਬੈਠਕੇ ਬੀਅਰ ਪੀਣ ਉਪਰੰਤ ਸ਼ਾਮ 6 ਵਜੇ ਦੇ ਕਰੀਬ ਜਦੋਂ ਆਪਣੇ ਘਰ ਜਾਣ ਲੱਗੇ ਤਾਂ ਮੁਹੱਲੇ ਦੇ ਕੁਝ ਲੋਕਾਂ ਨੇ ਉਨ੍ਹਾਂ ਨਾਲ ਮਾੜਾ ਵਿਹਾਰ ਕੀਤਾ। ਜਿਸ ਕਰਨ ਥੋੜੀ ਬਹੁਤ ਗਾਲ੍ਹਮ ਗਾਲ੍ਹੀ ਤਾਂ ਜਰੂਰ ਹੋਈ ਸੀ। ਪਰ ਉਸ ਤੋਂ ਬਾਅਦ ਉਹ ਉਥੋਂ ਚਲੇ ਗਏ ਸਨ। ਸਿੰਮੀ ਮਹੰਤ ਅਨੁਸਾਰ ਉਨ੍ਹਾਂ ਨੂੰ ਪੁਲਿਸ ਪ੍ਰਸ਼ਾਸ਼ਨ ‘ਤੇ ਪੂਰਾ ਭਰੋਸਾ ਹੈ ਕਿ ਉਹ ਉਨ੍ਹਾਂ ਨਾਲ ਇਨਸਾਫ ਕਰੇਗਾ।
